ਗੁਜਰਾਤ ਦੇ ਕਿਸਾਨਾਂ ਨੇ ਕੰਪਨੀ ਬਣਾ ਕੇ ਬਦਲੀ ਪਿੰਡ ਦੀ ਤਕਦੀਰ
Thursday, Nov 30, 2017 - 03:19 AM (IST)
ਵਕਿਯਾ (ਅਮਰੇਲੀ)-ਗੁਜਰਾਤ ਦੇ ਇਸ ਸੁਦੂਰ ਪਿੰਡ 'ਚ ਕਿਸਾਨਾਂ ਦੀ ਸਾਂਝੀ ਕੋਸ਼ਿਸ਼ ਅਤੇ ਉਨ੍ਹਾਂ ਨੂੰ ਮਿਲ ਰਹੀ ਟੈਕਨਾਲੋਜੀ ਦੀ ਮਦਦ ਨਾਲ ਕਿਸਾਨਾਂ ਨੇ ਪਿੰਡ ਦੀ ਤਕਦੀਰ ਬਦਲ ਦਿੱਤੀ ਹੈ। ਉਨ੍ਹਾਂ ਖੇਤੀ ਉਤਪਾਦਨ ਨੂੰ ਦੁੱਗਣੇ ਤੋਂ ਵੀ ਜ਼ਿਆਦਾ ਵਧਾ ਕੇ ਆਪਣੀ ਆਮਦਨ ਵਧਾਉਣ 'ਚ ਸਫਲਤਾ ਹਾਸਲ ਕੀਤੀ ਹੈ। ਸੂਬੇ ਦੀ ਰਾਜਧਾਨੀ ਗਾਂਧੀਨਗਰ ਤੋਂ ਕਰੀਬ 266 ਕਿਲੋਮੀਟਰ ਦੂਰ ਦੱਖਣੀ ਗੁਜਰਾਤ ਦੇ ਵਕਿਯਾ ਪਿੰਡ ਦੇ ਕਿਸਾਨਾਂ ਨੇ ਆਪਣੀ ਆਮਦਨ ਵਧਾਉਣ, ਖੇਤੀ ਉਤਪਾਦਨ ਜ਼ਿਆਦਾ ਕਰਨ ਤੇ ਖੇਤੀ ਨੂੰ ਉਤਸ਼ਾਹ ਦੇਣ ਲਈ ਇਕ 'ਕਿਸਾਨ ਉਤਪਾਦਕ ਕੰਪਨੀ' ਬਣਾਈ ਹੈ।
ਸੌਰਾਸ਼ਟਰ ਸਵੈ-ਨਿਰਭਰ ਖੇਦੁਤ ਪ੍ਰੋਡਿਊਸਰਜ਼ ਕੰਪਨੀ ਦੇ ਨਿਰਦੇਸ਼ਕ ਮੰਡਲ ਦੇ ਮੈਂਬਰ ਬਾਉਜੀ ਸਾਗਤਿਯਾ ਨੇ ਕਿਹਾ, ''ਪਹਿਲਾਂ 1 ਏਕੜ ਜ਼ਮੀਨ ਤੋਂ 500 ਕਿਲੋਗ੍ਰਾਮ ਉਤਪਾਦਨ ਹੋ ਰਿਹਾ ਸੀ, ਜਿਸ ਨੂੰ ਹੁਣ ਵਧਾ ਕੇ 1,200 ਕਿਲੋਗ੍ਰਾਮ ਕਰ ਲਿਆ ਗਿਆ ਹੈ। ਕਿਸਾਨਾਂ ਨੂੰ ਕੰਪਨੀ ਬਣਾਉਣ ਦਾ ਵਿਚਾਰ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਦੀ ਸਮਾਜਸੇਵੀ ਇਕਾਈ ਰਿਲਾਇੰਸ ਫਾਊਂਡੇਸ਼ਨ ਦੇ ਸੰਪਰਕ 'ਚ ਆਉਣ ਤੋਂ ਬਾਅਦ ਆਇਆ। ਉਨ੍ਹਾਂ ਕਿਹਾ ਕਿ ਉਤਪਾਦਨ ਵਧਾਉਣ ਦੇ ਨਾਲ ਹੀ ਸਾਡੀ ਆਮਦਨ ਵੀ ਵਧੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਸਾਨੂੰ ਪ੍ਰਤੀ ਕੁਇੰਟਲ 3,500 ਰੁਪਏ ਮਿਲਦੇ ਸਨ ਪਰ ਹੁਣ 4,500 ਰੁਪਏ ਮਿਲ ਰਹੇ ਹਨ।'' ਇਸ ਦੇ ਨਿਰਦੇਸ਼ਕ ਮੰਡਲ 'ਚ 6 ਮੈਂਬਰ ਹਨ, ਜਿਨ੍ਹਾਂ 'ਚ 2 ਔਰਤਾਂ ਵੀ ਸ਼ਾਮਲ ਹਨ। ਨੇੜੇ-ਤੇੜੇ ਦੇ 17 ਪਿੰਡਾਂ ਦੇ 1,600 ਤੋਂ ਜ਼ਿਆਦਾ ਕਿਸਾਨ ਇਸ ਦੇ ਮੈਂਬਰ ਹਨ।
