ਜੀ. ਐੱਸ. ਟੀ ਰਜਿਸਟ੍ਰੇਸ਼ਨ, 25 ਨੂੰ ਫਿਰ ਖੁੱਲ੍ਹੇਗੀ ਵਿੰਡੋ
Thursday, Jun 15, 2017 - 02:35 AM (IST)

ਨਵੀਂ ਦਿੱਲੀ — ਤੁਸੀਂ ਜੇਕਰ ਕੱਲ੍ਹ ਖਤਮ ਹੋ ਰਹੀ ਸਮਾਂ ਹੱਦ ਤੱਕ ਕਿਸੇ ਕਾਰਨ ਜੀ. ਐੱਸ. ਟੀ. ਨੈੱਟਵਰਕ 'ਤੇ ਆਪਣੀ ਰਜਿਸਟ੍ਰੇਸ਼ਨ ਨਹੀਂ ਕਰਵਾ ਪਾਉਂਦੇ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਤੁਹਾਨੂੰ ਇਕ ਹੋਰ ਮੌਕਾ ਮਿਲੇਗਾ। ਮੌਜੂਦਾ ਉਤਪਾਦ, ਫੀਸ, ਸੇਵਾ ਟੈਕਸ ਅਤੇ ਵੈਟ ਭੁਗਤਾਨ ਕਰਨ ਵਾਲਿਆਂ ਵਾਸਤੇ ਰਜਿਸਟ੍ਰੇਸ਼ਨ ਕਰਵਾਉਣ ਲਈ 25 ਜੂਨ ਨੂੰ ਫਿਰ ਵਿੰਡੋ ਖੁੱਲ੍ਹੇਗੀ।
ਦੇਸ਼ 'ਚ 80 ਲੱਖ ਉਤਪਾਦ ਫੀਸ, ਸੇਵਾ ਟੈਕਸ ਅਤੇ ਵੈਟ ਕਰਦਾਤਾ ਹਨ। ਇਸ 'ਚ 64.35 ਲੱਖ ਪਹਿਲਾਂ ਹੀ ਜੀ. ਐੱਸ. ਟੀ. ਨੈੱਟਵਰਕ ਨਾਲ ਜੁੜ ਚੁੱਕੇ ਹਨ। ਜੀ. ਐੱਸ. ਟੀ. ਨੈੱਟਵਰਕ ਜੀ. ਐੱਸ. ਟੀ. ਵਿਵਸਥਾ ਲਈ ਆਈ. ਟੀ. ਆਧਾਰ ਉਪਲੱਬਧ ਕਰਵਾਉਂਦਾ ਹੈ। ਜੀ. ਐੱਸ. ਟੀ. ਨੈੱਟਵਰਕ ਨਾਲ ਜੁੜਨ ਲਈ 1 ਜੂਨ ਤੋਂ ਪ੍ਰਕਿਰਿਆ ਸ਼ੁਰੂ ਹੋਈ ਅਤੇ ਇਹ 15 ਜੂਨ ਨੂੰ ਬੰਦ ਹੋਵੇਗੀ। ਇਸ ਦੌਰਾਨ 4.35 ਲੱਖ ਕਰਦਾਤਾ ਇਸ ਨਾਲ ਜੁੜੇ ਅਤੇ ਹੁਣ ਤੱਕ 64.35 ਲੱਖ ਕਰਦਾਤਾ ਜੁੜ ਚੁੱਕੇ ਹਨ। ਹਾਲਾਂਕਿ ਇਹ ਮੌਜੂਦਾ ਕਰਦਾਤਾਵਾਂ ਦਾ 80 ਫੀਸਦੀ ਹੈ। ਜੀ. ਐੱਸ. ਟੀ. ਐੱਨ. ਦੇ ਚੇਅਰਮੈਨ ਨਵੀਨ ਕੁਮਾਰ ਨੇ ਹੁਣ ਤੱਕ ਰਜਿਸਟ੍ਰੇਸ਼ਨ ਨਹੀਂ ਕਰਵਾ ਸਕੀਆਂ ਕੰਪਨੀਆਂ ਦੇ ਖਦਸ਼ਿਆਂ ਨੂੰ ਦੂਰ ਕਰਦੇ ਹੋਏ ਕਿਹਾ ਕਿ ਕਰ ਵਿਭਾਗ ਉਨ੍ਹਾਂ ਨੂੰ ਜੀ. ਐੱਸ. ਟੀ. ਵਿਵਸਥਾ ਨਾਲ ਜੁੜਨ ਲਈ ਮੌਕੇ ਉਪਲੱਬਧ ਕਰਵਾਉਣ ਲਈ ਵਚਨਬੱਧ ਹੈ।
ਚਾਹੀਦੇ ਹੋਣਗੇ ਇਹ ਡਾਕੂਮੈਂਟਸ
ਰਜਿਸਟ੍ਰੇਸ਼ਨ ਕਰਵਾਉਣ ਲਈ ਇਨ੍ਹਾਂ ਡਾਕੂਮੈਂਟਸ ਦੀ ਲੋੜ ਹੋਵੇਗੀ। ਇਹ ਸਾਰੇ ਡਾਕੂਮੈਂਟਸ ਤੁਹਾਨੂੰ ਆਨਲਾਈਨ ਸਬਮਿਟ ਕਰਵਾਉਣੇ ਪੈਣਗੇ। ਇਹ ਤੁਹਾਨੂੰ ਜੇ. ਪੀ. ਈ. ਜੀ. ਅਤੇ ਪੀ. ਡੀ. ਐੱਫ. ਫਾਰਮੈਟ 'ਚ ਆਨਲਾਈਨ ਸਬਮਿਟ ਕਰਨੇ ਹਨ।
ਪਾਰਟਨਰਸ਼ਿਪ ਡੀਡ, ਰਜਿਸਟ੍ਰੇਸ਼ਨ ਸਰਟੀਫਿਕੇਟ ਐੱਮ. ਓ. ਯੂ., ਟੈਕਸ ਪੇਡ ਦੀ ਰਸੀਦ, ਮਿਊਂਸੀਪਲ ਖਾਤਾ ਕਾਪੀ, ਬਿਜਲੀ ਦਾ ਬਿੱਲ, ਰੈਂਟ ਐਗਰੀਮੈਂਟ, ਕੰਸੈਂਟ ਲੈਟਰ ਅਤੇ ਬੈਂਕ ਸਟੇਟਮੈਂਟ (ਪਾਸ ਬੁੱਕ ਦੇ ਪਹਿਲੇ ਪੇਜ ਨਾਲ), ਫੋਟੋ ਵਗੀਆਂ ਸਾਰੀਆਂ ਜਾਣਕਾਰੀਆਂ ਨੂੰ ਫੀਡ ਕਰ ਕੇ ਸਬਮਿਟ ਕਰ ਦੇਵੋ। ਸਬਮਿਟ ਕਰਨ ਤੋਂ ਬਾਅਦ ਤੁਹਾਡੇ ਰਜਿਸਟਰਡ ਈ-ਮੇਲ ਆਈ. ਡੀ. ਅਤੇ ਮੋਬਾਇਲ ਨੰਬਰ 'ਤੇ ਰਜਿਸਟ੍ਰੇਸ਼ਨ ਦੀ ਜਾਣਕਾਰੀ ਆ ਜਾਵੇਗੀ।
ਏ. ਸੀ. ਈ. ਐੱਸ 'ਤੇ ਵੀ ਕਰਵਾਉਣੀ ਹੋਵੇਗੀ ਰਜਿਸਟ੍ਰੇਸ਼ਨ
ਜੀ. ਐੱਸ. ਟੀ. ਦੀ ਵੈੱਬਸਾਈਟ 'ਤੇ ਐਨਰੋਲ ਕਰਵਾਉਣ ਤੋਂ ਬਾਅਦ ਤੁਹਾਨੂੰ ਯੂਜ਼ਰ ਨਾਂ ਅਤੇ ਪਾਸਵਰਡ ਨੂੰ ਆਟੋਮੇਸ਼ਨ ਆਫ ਸੈਂਟਰਲ ਐਕਸਾਈਜ਼ ਐਂਡ ਸਰਵਿਸ ਟੈਕਸ (ਏ. ਸੀ. ਈ. ਐੱਸ.) ਦੀ ਵੈੱਬਸਾਈਟ 'ਤੇ ਵੀ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਇਥੇ ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਰ ਸਕਦੇ ਹੋ, ਜੇਕਰ ਤੁਸੀਂ ਜੀ. ਐੱਸ. ਟੀ. 'ਤੇ ਮਾਈਗ੍ਰੇਟ ਨਹੀਂ ਕਰਨਾ ਚਾਹੁੰਦੇ ਤਾਂ ਏ. ਸੀ. ਈ. ਐੱਸ. ਪੋਰਟਲ 'ਤੇ ਕਨਫਰਮ ਕਰ ਦਿਓ ਅਤੇ ਰਿਟਰਨ ਫਾਈਲ ਕਰ ਦਿਓ। ਅਜਿਹਾ ਕਰਨ ਨਾਲ ਆਈ. ਡੀ. ਅਤੇ ਪਾਸਵਰਡ ਰੱਦ ਹੋ ਜਾਵੇਗਾ। ਸੈਂਟਰਲ ਜੀ. ਐੱਸ. ਟੀ. ਅਤੇ ਸਟੇਟ ਜੀ. ਐੱਸ. ਟੀ. ਲਈ ਇਕ ਹੀ ਐਨਰੋਲਮੈਂਟ ਨੰਬਰ ਹੋਵੇਗਾ।