GST ’ਚ ਕਟੌਤੀ ਨਾਲ ਆਟੋ ਤੇ ਸੀਮੈਂਟ ਸਮੇਤ 6 ਸੈਕਟਰਾਂ ਨੂੰ ਮਿਲੇਗਾ ਸਿੱਧਾ ਲਾਭ
Tuesday, Aug 19, 2025 - 05:56 PM (IST)

ਨਵੀਂ ਦਿੱਲੀ (ਭਾਸ਼ਾ) - ਭਾਰਤੀ ਸ਼ੇਅਰ ਬਾਜ਼ਾਰਾਂ ’ਚ ਅੱਜ 18 ਅਗਸਤ ਨੂੰ ਭਾਰੀ ਤੇਜ਼ੀ ਦੇਖਣ ਨੂੰ ਮਿਲੀ। ਇਸ ਤੇਜ਼ੀ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਗੁੱਡਸ ਐਂਡ ਸਰਵਿਸਿਜ਼ ਟੈਕਸ (ਜੀ. ਐੱਸ. ਟੀ.) ਵਿਚ ਵੱਡੇ ਸੁਧਾਰਾਂ ਦੀ ਤਿਆਰੀ ਹੈ। ਪ੍ਰਧਾਨ ਮੰਤਰੀ ਮੋਦੀ ਨੇ 15 ਅਗਸਤ ਨੂੰ ਆਪਣੇ ਭਾਸ਼ਣ ’ਚ ਕਿਹਾ ਸੀ ਕਿ ਇਨ੍ਹਾਂ ਸੁਧਾਰਾਂ ਦੇ ਦੀਵਾਲੀ ਤੋਂ ਲਾਗੂ ਹੋਣ ਦੀ ਉਮੀਦ ਹੈ। ਬਾਜ਼ਾਰ ਮਾਹਿਰਾਂ ਦਾ ਮੰਨਣਾ ਹੈ ਕਿ ਜੀ. ਐੱਸ. ਟੀ. ਦਰਾਂ ਨੂੰ ਤਰਕਸੰਗਤ ਬਣਾਉਣ ਨਾਲ ਨਾ ਸਿਰਫ਼ ਖਪਤ ਨੂੰ ਉਤਸ਼ਾਹ ਮਿਲੇਗਾ, ਸਗੋਂ ਕੰਪਨੀਆਂ ਦੀ ਵਿਕਰੀ ਅਤੇ ਰੈਵੇਨਿਊ ’ਚ ਵੀ ਵਾਧਾ ਦੇਖਣ ਨੂੰ ਮਿਲੇਗਾ।
ਇਹ ਵੀ ਪੜ੍ਹੋ : ਜ਼ਿਆਦਾ ਤਨਖਾਹ, ਜ਼ਿਆਦਾ ਪੈਨਸ਼ਨ! ਸਰਕਾਰ ਜਲਦ ਦੇ ਸਕਦੀ ਹੈ ਦੀਵਾਲੀ ਦਾ ਤੋਹਫ਼ਾ
ਸੂਤਰਾਂ ਅਨੁਸਾਰ ਸਰਕਾਰ ਨਵੇਂ ਜੀ. ਐੱਸ. ਟੀ. ਢਾਂਚੇ ’ਚ ਸਿਰਫ਼ 2 ਮੁੱਖ ਦਰਾਂ ਰੱਖੇਗੀ। 5 ਅਤੇ 18 ਫੀਸਦੀ। ਇਸ ਤੋਂ ਇਲਾਵਾ ਲਗਜ਼ਰੀ ਅਤੇ ਸਿਨ ਗੁੱਡਸ ਲਈ 40 ਫੀਸਦੀ ਟੈਕਸ ਦੀ ਨਵੀਂ ਦਰ ਪੇਸ਼ ਕੀਤੀ ਜਾ ਸਕਦੀ ਹੈ। ਐੱਮ. ਕੇ. ਗਲੋਬਲ ਦਾ ਕਹਿਣਾ ਹੈ ਕਿ ਇਹ ਕਦਮ ਭਾਰਤ ’ਚ ਖਪਤ ਵਧਾਉਣ ਲਈ ਇਕ ਬੂਸਟਰ ਡੋਜ਼ ਦਾ ਕੰਮ ਕਰ ਸਕਦਾ ਹੈ। ਨਾਲ ਹੀ ਇਸ ਨਾਲ ਕਾਰੋਬਾਰ ਕਰਨਾ ਆਸਾਨ ਹੋਵੇਗਾ ਅਤੇ ਟੈਕਸ ਢਾਂਚਾ ਸਰਲ ਬਣੇਗਾ। ਜੀ. ਐੱਸ. ਟੀ. ਦਰਾਂ ਘਟਣ ਨਾਲ ਟੈਕਸ ਚੋਰੀ ਦੇ ਮਾਮਲੇ ਵੀ ਘਟਣਗੇ ਅਤੇ ਅਰਥਵਿਵਸਥਾ ’ਚ ਸੰਗਠਿਤ ਸੈਕਟਰ ਦਾ ਹਿੱਸਾ ਵਧੇਗਾ। ਬ੍ਰੋਕਰੇਜ ਫਰਮਾਂ ਦਾ ਕਹਿਣਾ ਹੈ ਕਿ ਇਸ ਸੁਧਾਰ ਨਾਲ ਆਟੋਮੋਬਾਈਲ, ਕੰਜ਼ਿਊਮਰ ਸਟੈਪਲ, ਹੋਟਲਸ, ਪ੍ਰਚੂਨ, ਏਅਰ ਕੰਡੀਸ਼ਨਰ ਅਤੇ ਸੀਮੈਂਟ ਸੈਕਟਰ ਨੂੰ ਸਭ ਤੋਂ ਵੱਧ ਲਾਭ ਹੋ ਸਕਦਾ ਹੈ।
ਇਹ ਵੀ ਪੜ੍ਹੋ : ਵਾਰ-ਵਾਰ ਥਾਈਲੈਂਡ ਕਿਉਂ ਜਾਂਦੇ ਹਨ ਭਾਰਤ ਦੇ ਲੋਕ, ਅਸਲ ਵਜ੍ਹਾ ਜਾਣ ਰਹਿ ਜਾਓਗੇ ਹੈਰਾਨ
ਘਿਓ, ਮੱਖਣ, ਚੀਜ਼, ਪਨੀਰ ਆਦਿ ’ਤੇ ਹੋ ਸਕਦੈ 5 ਫੀਸਦੀ ਸਲੈਬ
ਖਾਣ-ਪੀਣ ਵਾਲੀਆਂ ਚੀਜ਼ਾਂ ਇਸ ਸਮੇਂ 5, 12 ਅਤੇ 18 ਫੀਸਦੀ ਦੇ ਟੈਕਸ ਸਲੈਬ ’ਚ ਆਉਂਦੀਆਂ ਹਨ। ਐੱਮ. ਕੇ. ਗਲੋਬਲ ਨੇ ਕਿਹਾ ਕਿ ਘਿਓ, ਮੱਖਣ, ਚੀਜ਼, ਪਨੀਰ, ਬੋਤਲਬੰਦ ਪਾਣੀ, ਜੂਸ, ਇੰਸਟੈਂਟ ਨੂਡਲਜ਼, ਪਾਸਤਾ, ਵੇਫਰਸ ਅਤੇ ਚਵਨਪ੍ਰਾਸ਼ ’ਤੇ 12 ਫੀਸਦੀ ਜੀ. ਐੱਸ. ਟੀ. ਲਾਇਆ ਜਾਂਦਾ ਹੈ ਪਰ ਨਵੇਂ ਸੁਧਾਰਾਂ ਤੋਂ ਬਾਅਦ ਇਨ੍ਹਾਂ ਨੂੰ 5 ਫੀਸਦੀ ਸਲੈਬ ’ਚ ਸ਼ਿਫਟ ਕੀਤਾ ਜਾ ਸਕਦਾ ਹੈ। ਇਸ ਨਾਲ ਬੀਕਾਜੀ ਅਤੇ ਗੋਪਾਲ ਸਨੈਕਸ ਨੂੰ ਵੱਡਾ ਲਾਭ ਹੋ ਸਕਦਾ ਹੈ, ਜਿਨ੍ਹਾਂ ਦਾ ਕਰੀਬ 80 ਤੋਂ 85 ਫੀਸਦੀ ਰੈਵੇਨਿਊ ਇਸੇ ਸੈਗਮੈਂਟ ਤੋਂ ਆਉਂਦਾ ਹੈ। ਇਸ ਤੋਂ ਇਲਾਵਾ ਨੈਸਲੇ ਇੰਡੀਆ ਦੇ ਕਰੀਬ 30 ਫੀਸਦੀ ਪੋਰਟਫੋਲੀਓ ਨੂੰ ਵੀ ਇਸ ਕਦਮ ਨਾਲ ਰਾਹਤ ਮਿਲ ਸਕਦੀ ਹੈ। ਬੈਰਰੇਜ ਅਤੇ ਚਵਨਪ੍ਰਾਸ਼ ’ਤੇ ਟੈਕਸ ਘਟਣ ਨਾਲ ਡਾਬਰ ਇੰਡੀਆ ਨੂੰ ਵੀ ਲਾਭ ਹੋ ਸਕਦਾ ਹੈ, ਜਿਸਦੇ ਰੈਵੇਨਿਊ ਦਾ ਕਰੀਬ 23 ਫੀਸਦੀ ਹਿੱਸਾ ਇਸੇ ਸੈਗਮੈਂਟ ਤੋਂ ਆਉਂਦਾ ਹੈ। ਐੱਮ. ਕੇ. ਗਲੋਬਲ ਨੇ ਕਿਹਾ ਕਿ ਇਸ ਤੋਂ ਇਲਾਵਾ ਆਈ. ਟੀ. ਸੀ., ਬ੍ਰਿਟਾਨੀਆ ਇੰਡਸਟਰੀਜ਼, ਮੈਰੀਕੋ ਅਤੇ ਐੱਚ. ਯੂ. ਐੱਲ. ’ਤੇ ਵੀ ਇਸਦਾ ਪਾਜ਼ੇਟਿਵ ਅਸਰ ਦੇਖਣ ਨੂੰ ਮਿਲ ਸਕਦਾ ਹੈ।
ਇਹ ਵੀ ਪੜ੍ਹੋ : ਵੱਡੀ ਗਿਰਾਵਟ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਫਿਰ ਭਰੀ ਉਡਾਣ, ਜਾਣੋ ਅੱਜ ਦੇ ਭਾਅ
ਏ. ਸੀ. ਦੀ ਡਿਮਾਂਡ ’ਚ ਆਵੇਗਾ ਭਾਰੀ ਉਛਾਲ, 2500 ਰੁਪਏ ਤੱਕ ਘਟੇਗੀ ਕੀਮਤ
ਸੀ. ਐੱਲ. ਐੱਸ. ਏ. ਅਤੇ ਮੋਤੀਲਾਲ ਓਸਵਾਲ ਦਾ ਮੰਨਣਾ ਹੈ ਕਿ ਟੈਕਸ ਘਟਣ ਨਾਲ ਏ. ਸੀ. ਦੀ ਡਿਮਾਂਡ ’ਚ ਭਾਰੀ ਉਛਾਲ ਆਵੇਗਾ। ਇਸ ਦਾ ਸਿੱਧਾ ਲਾਭ ਵੋਲਟਾਸ ਅਤੇ ਹੈਵੇਲਸ ਵਰਗੀਆਂ ਕੰਪਨੀਆਂ ਨੂੰ ਮਿਲ ਸਕਦਾ ਹੈ। ਏਅਰ ਕੰਡੀਸ਼ਨਰ (ਏ. ਸੀ.) ’ਤੇ ਜੀ. ਐੱਸ. ਟੀ. ਨੂੰ ਮੌਜੂਦਾ 28 ਤੋਂ ਘਟਾ ਕੇ 18 ਫੀਸਦੀ ਕਰਨ ਦੇ ਸਰਕਾਰ ਦੇ ਪ੍ਰਸਤਾਵ ਨਾਲ ਅਪਲਾਇੰਸ ਮੇਕਰਸ ਨੂੰ ਤਿਉਹਾਰੀ ਸੀਜ਼ਨ ਦੌਰਾਨ ਚੰਗੀ ਵਿਕਰੀ ਦੀ ਉਮੀਦ ਹੈ।
ਇਸ ਨਾਲ ਵੱਖ-ਵੱਖ ਮਾਡਲਾਂ ਦੇ ਆਧਾਰ ’ਤੇ ਏਅਰ ਕੰਡੀਸ਼ਨਰ (ਏ. ਸੀ.) ਦੀਆਂ ਕੀਮਤਾਂ 1500 ਤੋਂ 2 500 ਰੁਪਏ ਤੱਕ ਘੱਟ ਹੋ ਜਾਣਗੀਆਂ। ਇਸ ਤੋਂ ਇਲਾਵਾ ਇਸ ਨਾਲ 32 ਇੰਚ ਤੋਂ ਵਧ ਦੀ ਟੀ. ਵੀ. ਸਕ੍ਰੀਨ ’ਤੇ ਜੀ. ਐੱਸ. ਟੀ. ਸਲੈਬ ਨੂੰ ਮੌਜੂਦਾ 28 ਤੋਂ ਘਟਾ ਕੇ 18 ਫੀਸਦੀ ਕਰਨ ’ਚ ਵੀ ਮਦਦ ਮਿਲੇਗੀ।
ਇਹ ਵੀ ਪੜ੍ਹੋ : Cash 'ਚ ਕਰਦੇ ਹੋ ਇਹ 5 ਲੈਣ-ਦੇਣ ਜਾਂ ਭੁਗਤਾਨ? ਤਾਂ ਹੋ ਜਾਓ ਸਾਵਧਾਨ ਮਿਲ ਸਕਦੈ ਆਮਦਨ ਕਰ ਨੋਟਿਸ
ਗੱਡੀਆਂ ਅਤੇ ਬਾਈਕਾਂ ਦੀਆਂ ਕੀਮਤਾਂ ਘਟਣਗੀਆਂ
ਫਿਲਹਾਲ ਕਾਰਾਂ ਅਤੇ ਦੋਪਹੀਆ ਵਾਹਨਾਂ ’ਤੇ 28 ਫੀਸਦੀ ਜੀ. ਐੱਸ. ਟੀ. ਲੱਗਦਾ ਹੈ। ਹਾਲਾਂਕਿ ਖਬਰਾਂ ਹਨ ਕਿ ਸਰਕਾਰ ਦੀਵਾਲੀ ਤੋਂ ਇਸ ਜੀ. ਐੱਸ. ਟੀ. ਦਰ ਨੂੰ ਘਟਾ ਕੇ 18 ਫੀਸਦੀ ਕਰਨ ਦੀ ਤਿਆਰੀ ਕਰ ਰਹੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਐਂਟਰੀ-ਲੈਵਲ ਗੱਡੀਆਂ ਅਤੇ ਬਾਈਕਾਂ ਦੀਆਂ ਕੀਮਤਾਂ ਘਟਣਗੀਆਂ ਅਤੇ ਵਿਕਰੀ ’ਚ ਤੇਜ਼ੀ ਆ ਸਕਦੀ ਹੈ।
ਸੀਮੈਂਟ ਦੀਆਂ ਕੀਮਤਾਂ ਕਰੀਬ 7.5-8 ਫੀਸਦੀ ਤੱਕ ਘੱਟ ਸਕਦੀਆਂ ਹਨ
ਭਾਰਤ ’ਚ ਸੀਮੈਂਟ ’ਤੇ ਫਿਲਹਾਲ 28 ਫੀਸਦੀ ਜੀ. ਐੱਸ. ਟੀ. ਲੱਗਦਾ ਹੈ, ਜਦਕਿ ਸਟੀਲ ਅਤੇ ਹੋਰ ਨਿਰਮਾਣ ਸਮੱਗਰੀ ’ਤੇ 18 ਫੀਸਦੀ ਟੈਕਸ ਲਾਇਆ ਜਾਂਦਾ ਹੈ। ਇਹ ਲੱਗਭਗ ਬਾਕੀ ਸਾਰੇ ਵੱਡੇ ਦੇਸ਼ਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਆਸਟ੍ਰੇਲੀਆ ’ਚ 10 ਫੀਸਦੀ, ਸਿੰਗਾਪੁਰ ’ਚ 9 ਫੀਸਦੀ ਅਤੇ ਯੂਰਪੀਨ ਯੂਨੀਅਨ ’ਚ 17 ਤੋਂ 20 ਫੀਸਦੀ ਟੈਕਸ ਲੱਗਦਾ ਹੈ। ਮੋਤੀਲਾਲ ਓਸਵਾਲ ਦਾ ਕਹਿਣਾ ਹੈ ਕਿ ਜੀ. ਐੱਸ. ਟੀ. ਨੂੰ 28 ਤੋਂ ਘਟਾ ਕੇ 18 ਫੀਸਦੀ ਕਰਨ ਨਾਲ ਸੀਮੈਂਟ ਦੀਆਂ ਕੀਮਤਾਂ ’ਚ ਕਰੀਬ 7.5-8 ਫੀਸਦੀ ਦੀ ਕਮੀ ਆ ਸਕਦੀ ਹੈ। ਹਾਲਾਂਕਿ ਇਸਦਾ ਮੰਗ ’ਤੇ ਬਹੁਤ ਜ਼ਿਆਦਾ ਪ੍ਰਭਾਵ ਪੈਣ ਦੀ ਸੰਭਾਵਨਾ ਨਹੀਂ ਹੈ।
ਇੰਸੋਰੈਸ਼ ਸੈਕਟਰ
ਅਜਿਹੀ ਸੰਭਾਵਨਾ ਹੈ ਕਿ ਹੈਲਥ ਇੰਸੋਰੈਂਸ਼ ’ਤੇ ਜੀ. ਐੱਸ. ਟੀ. ਨੂੰ ਘਟਾ ਕੇ 5 ਫੀਸਦੀ ਕੀਤਾ ਜਾ ਸਕਦਾ ਹੈ ਜਾਂ ਪੂਰੀ ਤਰ੍ਹਾਂ ਛੋਟ ਦਿੱਤੀ ਜਾ ਸਕਦੀ ਹੈ। ਅਜਿਹੀ ਸਥਿਤੀ ’ਚ ਹੈਲਥ ਇੰਸੋਰੈਂਸ਼ ਕੰਪਨੀਆਂ ਅਤੇ ਟਰਮ ਲਾਈਫ ਇੰਸੋਰੈਂਸ਼ ’ਤੇ ਜ਼ਿਆਦਾ ਨਿਰਭਰਤਾ ਵਾਲੀਆਂ ਬੀਮਾ ਕੰਪਨੀਆਂ ਨੂੰ ਲਾਭ ਹੋ ਸਕਦਾ ਹੈ। ਇਸ ਤੋਂ ਇਲਾਵਾ ਜਨਰਲ ਇੰਸ਼ੋਰੈਂਸ ’ਚ ਕਟੌਤੀ ਨਾਲ ਵੀ ਸਟਾਰ ਹੈਲਥ ਅਤੇ ਨਿਵਾ ਬੂਪਾ ਨੂੰ ਸਿੱਧਾ ਲਾਭ ਹੋ ਸਕਦਾ ਹੈ। ਐੱਮ. ਕੇ. ਗਲੋਬਲ ਨੇ ਕਿਹਾ ਕਿ ਲਾਈਫ ਇੰਸੋਰੈਂਸ਼ ਸੈਕਟਰ ਵਿਚ ਟਰਮ ਪਲਾਨ ’ਤੇ ਜੀ. ਐੱਸ. ਟੀ. ਨੂੰ 18 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰਨ ਨਾਲ ਮੈਕਸ ਫਾਈਨਾਂਸ਼ੀਅਲ ਨੂੰ ਮਦਦ ਮਿਲ ਸਕਦੀ ਹੈ।
ਫੁੱਟਵੀਅਰ
ਸਰਕਾਰ 1,000 ਰੁਪਏ ਤੋਂ ਘੱਟ ਕੀਮਤ ਵਾਲੇ ਫੁੱਟਵੀਅਰ ’ਤੇ ਜੀ. ਐੱਸ. ਟੀ. ਦੀ ਦਰ ਨੂੰ 12 ਤੋਂ ਘਟਾ ਕੇ 5 ਫੀਸਦੀ ਕਰ ਸਕਦੀ ਹੈ। ਇਸ ਕਦਮ ਨਾਲ ਰਿਲੈਕਸੋ, ਬਾਟਾ, ਖਾਦਿਮ, ਮੈਟਰੋ ਅਤੇ ਕੈਂਪਸ ਨੂੰ ਕਾਫੀ ਲਾਭ ਮਿਲ ਸਕਦਾ ਹੈ ਕਿਉਂਕਿ ਇਸ ਨਾਲ ਇਨ੍ਹਾਂ ਦੀ ਅਫੋਰਡਬਿਲਟੀ ਵਧੇਗੀ ਅਤੇ ਅਸੰਗਠਿਤ ਸੈਕਟਰ ਦੀਆਂ ਕੰਪਨੀਆਂ ਅਤੇ ਇਨ੍ਹਾਂ ਵਿਚਕਾਰ ਅੰਤਰ ਘੱਟ ਹੋਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8