ਘਰ ਖਰੀਦਦਾਰਾਂ ਦੀ ਵਧੇਗੀ ਮੁਸ਼ਕਲ, ਆਮਰਪਾਲੀ ਨੇ ਗਾਇਬ ਕੀਤੇ 2500 ਕਰੋੜ ਰੁਪਏ

Thursday, Aug 30, 2018 - 05:25 AM (IST)

ਘਰ ਖਰੀਦਦਾਰਾਂ ਦੀ ਵਧੇਗੀ ਮੁਸ਼ਕਲ, ਆਮਰਪਾਲੀ ਨੇ ਗਾਇਬ ਕੀਤੇ 2500 ਕਰੋੜ ਰੁਪਏ

ਨਵੀਂ ਦਿੱਲੀ-ਆਮਰਪਾਲੀ ਦੇ ਘਰ ਖਰੀਦਦਾਰਾਂ ਦੀਆਂ ਮੁਸੀਬਤਾਂ ਵਧਣ ਜਾ ਰਹੀਆਂ ਹਨ। ਆਮਰਪਾਲੀ ਗਰੁੱਪ ਦੀਆਂ ਕੰਪਨੀਆਂ ਤੋਂ ਲਗਭਗ 2500 ਕਰੋੜ ਰੁਪਏ ਗਾਇਬ ਹੋ ਗਏ ਹਨ। ਕੰਪਨੀ ਦੇ ਚੇਅਰਮੈਨ ਅਨਿਲ ਸ਼ਰਮਾ ਨੇ ਸੁਪਰੀਮ ਕੋਰਟ 'ਚ 3 ਵੱਖ-ਵੱਖ ਹਲਫਨਾਮੇ ਦਾਖਲ ਕੀਤੇ ਹਨ, ਜਿਸ ਤੋਂ ਇਹ ਜਾਣਕਾਰੀ ਮਿਲੀ ਹੈ। ਹਾਲਾਤ ਅਜਿਹੇ ਦੱਸੇ ਗਏ ਹਨ ਕਿ ਪ੍ਰਾਜੈਕਟਾਂ ਨੂੰ ਪੂਰਾ ਕਰਨ ਨਾਲ ਮੁਨਾਫਾ ਤਾਂ ਦੂਰ 2512 ਕਰੋੜ ਰੁਪਏ ਘੱਟ ਪੈਣਗੇ। ਸਵਾਲ ਉਠ ਰਿਹਾ ਹੈ ਕਿ ਨੈਸ਼ਨਲ ਬਿਲਡਿੰਗ ਕੰਸਟ੍ਰਕਸ਼ਨ ਕਾਰਪੋਰੇਸ਼ਨ (ਐੱਨ. ਬੀ. ਸੀ. ਸੀ.) ਪ੍ਰਾਜੈਕਟਾਂ ਨੂੰ ਕਿਵੇਂ ਪੂਰਾ ਕਰੇਗਾ।
44,599 ਘਰ ਪਏ ਹਨ ਅਧੂਰੇ 
ਅਨਿਲ ਸ਼ਰਮਾ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਨੋਇਡਾ ਅਤੇ ਗ੍ਰੇਟਰ ਨੋਇਡਾ ਦੇ ਪ੍ਰਾਜੈਕਟਾਂ 'ਚ 44,599 ਘਰ ਅਧੂਰੇ ਪਏ ਹਨ। ਇਨ੍ਹਾਂ ਘਰਾਂ ਦਾ ਨਿਰਮਾਣ ਅਗਲੇ 6 ਮਹੀਨਿਆਂ 'ਚ ਪੂਰਾ ਕਰਨਾ ਹੈ। ਪ੍ਰਾਜੈਕਟਾਂ ਦੀ ਕੁਲ ਕੀਮਤ 14,527 ਕਰੋੜ ਰੁਪਏ ਹੈ। ਹੁਣ ਤਕ 11,109 ਕਰੋੜ ਰੁਪਏ ਖਰੀਦਦਾਰਾਂ ਤੋਂ ਲਏ ਜਾ ਚੁੱਕੇ ਹਨ। ਅਜੇ 5627 ਕਰੋੜ ਹੋਰ ਮਿਲਣਗੇ, ਜਦਕਿ ਅਧੂਰੇ ਘਰਾਂ ਨੂੰ ਪੂਰਾ ਕਰਨ ਲਈ 4178 ਕਰੋੜ ਰੁਪਏ ਨਿਰਮਾਣ 'ਤੇ, 2715 ਕਰੋੜ ਰੁਪਏ ਵਿਕਾਸ ਅਥਾਰਟੀ ਨੂੰ ਜ਼ਮੀਨ ਦਾ ਬਕਾਇਆ ਚੁਕਾਉਣ ਲਈ ਅਤੇ 1246 ਕਰੋੜ ਰੁਪਏ ਬੈਂਕਾਂ ਦਾ ਕਰਜ਼ਾ ਵਾਪਸ ਕਰਨਾ ਹੈ। ਇਸ ਤਰ੍ਹਾਂ ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ 8139 ਕਰੋੜ ਦੀ ਲੋੜ ਹੈ।
ਐੱਨ. ਬੀ. ਸੀ. ਸੀ. ਲਈ ਕੰਮ ਨਹੀਂ ਹੋਵੇਗਾ ਆਸਾਨ
ਖਰੀਦਦਾਰਾਂ ਵੱਲੋਂ ਸੁਪਰੀਮ ਕੋਰਟ 'ਚ ਅਮਿਤ ਗੁਪਤਾ ਦਾ ਕਹਿਣਾ ਹੈ ਕਿ ਭਵਿੱਖ 'ਚ ਹੋਣ ਵਾਲੀ ਆਮਦਨੀ ਖਰਚ ਤੋਂ 2512 ਕਰੋੜ ਰੁਪਏ ਘੱਟ ਹੈ। ਹੁਣ ਸਵਾਲ ਉੱਠਦਾ ਹੈ ਕਿ ਜਦੋਂ ਪ੍ਰਾਜੈਕਟਾਂ ਨੂੰ ਪੂਰਾ ਕਰਨ ਲਾਇਕ ਪੈਸਾ ਵੀ ਨਹੀਂ ਮਿਲੇਗਾ ਤਾਂ ਐੱਨ. ਬੀ. ਸੀ. ਸੀ. ਕਿਵੇਂ ਕੰਮ ਕਰੇਗਾ। ਦਰਅਸਲ ਇਹ ਪੈਸਾ ਅਨਿਲ ਸ਼ਰਮਾ ਨੇ ਦੂਜੀਆਂ ਕੰਪਨੀਆਂ 'ਚ ਡਾਇਵਰਟ ਕੀਤਾ ਹੈ। ਆਪਣੇ ਪਹਿਲੇ ਸਹੁੰ ਪੱਤਰ 'ਚ ਉਨ੍ਹਾਂ ਨੇ ਇਹ ਗੱਲ ਸੁਪਰੀਮ ਕੋਰਟ ਨੂੰ ਦੱਸੀ ਸੀ। ਅਮਿਤ ਗੁਪਤਾ ਦਾ ਕਹਿਣਾ ਹੈ ਕਿ ਇਕ ਪਾਸੇ ਸਹੁੰ ਪੱਤਰ 'ਚ ਕਹਿ ਰਹੇ ਹਨ ਕਿ ਪ੍ਰਾਜੈਕਟਾਂ ਦੀ ਕੁਲ ਕੀਮਤ 14527 ਕਰੋੜ ਰੁਪਏ ਹੈ, ਉਹ 11,109 ਕਰੋੜ ਰੁਪਏ ਖਰੀਦਦਾਰਾਂ ਤੋ ਲੈ ਚੁੱਕੇ ਹਨ। ਅਜਿਹੇ 'ਚ 5627 ਕਰੋੜ ਰੁਪਏ ਹੋਰ ਕਿਥੋਂ ਮਿਲ ਜਾਣਗੇ।


Related News