GDP ਵਾਧਾ ਦਰ ਤੋਂ ਇਲਾਵਾ ਕੰਜ਼ਿਊਮਰ ਕਾਨਫੀਡੈਂਸ ਵੀ 5 ਸਾਲਾਂ ਦੇ ਹੇਠਲੇ ਪੱਧਰ ’ਤੇ

Sunday, Dec 08, 2019 - 01:23 AM (IST)

GDP ਵਾਧਾ ਦਰ ਤੋਂ ਇਲਾਵਾ ਕੰਜ਼ਿਊਮਰ ਕਾਨਫੀਡੈਂਸ ਵੀ 5 ਸਾਲਾਂ ਦੇ ਹੇਠਲੇ ਪੱਧਰ ’ਤੇ

ਨਵੀਂ ਦਿੱਲੀ (ਇੰਟ.)-ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਦੀ ਰਿਪੋਰਟ ਮੁਤਾਬਕ ਕੰਜ਼ਿਊਮਰ ਕਾਨਫੀਡੈਂਸ ਇੰਡੈਕਸ (ਸੀ. ਸੀ. ਆਈ.) ’ਚ ਕਾਫ਼ੀ ਗਿਰਾਵਟ ਆਈ ਹੈ। ਨਵੰਬਰ ਮਹੀਨੇ ’ਚ ਇਹ ਡਿੱਗ ਕੇ 85.7 ਅੰਕ ’ਤੇ ਪਹੁੰਚ ਗਿਆ, ਜੋ ਸਤੰਬਰ ਮਹੀਨੇ ’ਚ 89.4 ’ਤੇ ਸੀ। 2014 ਦੇ ਮੁਕਾਬਲੇ ਇਹ ਆਪਣੇ ਹੇਠਲੇ ਪੱਧਰ ’ਤੇ ਪਹੁੰਚ ਚੁੱਕਾ ਹੈ। ਸੀ. ਸੀ. ਆਈ. ਜਿੰਨਾ ਮਜ਼ਬੂਤ ਹੋਵੇਗਾ, ਅਰਥਵਿਵਸਥਾ ਲਈ ਉਹ ਓਨੀ ਹੀ ਅਨੁਕੂਲ ਸਥਿਤੀ ਮੰਨੀ ਜਾਂਦੀ ਹੈ। ਜਦੋਂ ਕੰਜ਼ਿਊਮਰ ਬਾਜ਼ਾਰ ਅਤੇ ਅਰਥਵਿਵਸਥਾ ਨੂੰ ਲੈ ਕੇ ਆਸਵੰਦ ਹੁੰਦੇ ਹਨ ਤਾਂ ਉਹ ਸੇਵਾਵਾਂ ਅਤੇ ਵਸਤਾਂ ਦੀ ਜੰਮ ਕੇ ਖਰੀਦਦਾਰੀ ਕਰਦੇ ਹਨ, ਜਿਸ ਨਾਲ ਅਰਥਵਿਵਸਥਾ ਨੂੰ ਰਫਤਾਰ ਮਿਲਦੀ ਹੈ।

ਦੂਜੇ ਪਾਸੇ ਬਾਜ਼ਾਰ ਅਤੇ ਅਰਥਵਿਵਸਥਾ ਨੂੰ ਲੈ ਕੇ ਜਦੋਂ ਇਕ ਕੰਜ਼ਿਊਮਰ ਨਿਰਾਸ਼ਾਵਾਦੀ ਹੁੰਦਾ ਹੈ ਤਾਂ ਇੰਡੈਕਸ ਘਟਣ ਲੱਗਦਾ ਹੈ। ਇਸ ਸਥਿਤੀ ’ਚ ਸੇਵਾਵਾਂ ਅਤੇ ਵਸਤਾਂ ਦੀ ਵਿਕਰੀ ਘਟਣ ਲੱਗਦੀ ਹੈ। ਅਰਥਵਿਵਸਥਾ ’ਚ ਛਾਈ ਸੁਸਤੀ ਦਾ ਮੁੱਖ ਕਾਰਣ ਇਹੀ ਮੰਨਿਆ ਜਾ ਰਿਹਾ ਹੈ। ਆਰਥਿਕ ਜਾਣਕਾਰ ਕਹਿੰਦੇ ਹਨ ਕਿ ਮੌਜੂਦਾ ’ਚ ਛਾਈ ਸੁਸਤੀ ਮੰਗ ’ਚ ਆਈ ਕਮੀ ਦੇ ਕਾਰਣ ਹੈ। ਦੱਸਣਯੋਗ ਹੈ ਕਿ 100 ਅੰਕ ਨੂੰ ਹੱਦ ਲਾਈਨ ਮੰਨਿਆ ਗਿਆ ਹੈ। ਕੰਜ਼ਿਊਮਰ ਕਾਨਫੀਡੈਂਸ ਇੰਡੈਕਸ ਇਸ ਪੱਧਰ ਤੋਂ ਘਟਣ ਦਾ ਮਤਲਬ ਖਪਤਕਾਰਾਂ ’ਚ ਨਿਰਾਸ਼ਾ ਦਾ ਹੋਣਾ ਹੈ।

ਬਲੂਮਬਰਗ ਦੀ ਇਕ ਰਿਪੋਰਟ ਅਨੁਸਾਰ ਕੰਜ਼ਿਊਮਰ ਇੰਡੈਕਸ ’ਚ ਗਿਰਾਵਟ ਤੋਂ ਇਲਾਵਾ ਬੇਰੋਜ਼ਗਾਰੀ ਦੀ ਸਮੱਸਿਆ ਲਗਾਤਾਰ ਭਿਆਨਕ ਹੁੰਦੀ ਜਾ ਰਹੀ ਹੈ। ਸ਼ੈਡੋ ਬੈਂਕਿੰਗ (ਐੱਨ. ਬੀ. ਐੱਫ. ਸੀ.) ਕ੍ਰਾਈਸਿਸ ਕਾਰਣ ਕਰਜ਼ਾ ਮਿਲਣਾ ਮੁਸ਼ਕਿਲ ਹੋ ਰਿਹਾ ਹੈ। ਇਸ ਦੇ ਕਾਰਣ ਘਰੇਲੂ ਮੰਗ ’ਚ ਭਾਰੀ ਕਮੀ ਆਈ ਹੈ। ਦੇਸ਼ ਦੀ ਅਰਥਵਿਵਸਥਾ ’ਚ ਘਰੇਲੂ ਮੰਗ ਦਾ ਯੋਗਦਾਨ 60 ਫ਼ੀਸਦੀ ਦੇ ਕਰੀਬ ਹੈ। ਇਹ ਸਾਰੇ ਫੈਕਟਰ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਵਾਧਾ ਦਰ ’ਚ ਗਿਰਾਵਟ ਜਾਰੀ ਹੈ। ਜੁਲਾਈ-ਸਤੰਬਰ ਤਿਮਾਹੀ ’ਚ ਵਾਧਾ ਦਰ ਡਿੱਗ ਕੇ 4.5 ਫ਼ੀਸਦੀ ’ਤੇ ਪਹੁੰਚ ਗਈ, ਜੋ ਪਿਛਲੇ 6 ਸਾਲਾਂ ’ਚ ਹੇਠਲੇ ਪੱਧਰ ’ਤੇ ਹੈ।


author

Karan Kumar

Content Editor

Related News