ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਬਦਲ ਰਹੇ ਨੇ ਇਹ ਨਿਯਮ, ਨੋਟੀਫਿਕੇਸ਼ਨ ਜਾਰੀ

Saturday, Oct 10, 2020 - 11:32 PM (IST)

ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਬਦਲ ਰਹੇ ਨੇ ਇਹ ਨਿਯਮ, ਨੋਟੀਫਿਕੇਸ਼ਨ ਜਾਰੀ

ਨਵੀਂ ਦਿੱਲੀ— ਕੌਮਾਂਤਰੀ ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਰਾਹਤ ਭਰੀ ਖ਼ਬਰ ਹੈ। ਜੇਕਰ ਤੁਸੀਂ ਵਿਦੇਸ਼ 'ਚ ਹੋ ਅਤੇ ਤੁਹਾਡੇ ਕੌਮਾਂਤਰੀ ਡਰਾਈਵਿੰਗ ਲਾਇਸੈਂਸ ਦੀ ਮਿਆਦ ਖ਼ਤਮ ਹੋ ਗਈ ਹੈ ਤਾਂ ਹੁਣ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਸਰਕਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਜਿਨ੍ਹਾਂ ਦੇ ਕੌਮਾਂਤਰੀ ਡਰਾਈਇਵੰਗ ਪਰਮਿਟ (ਆਈ. ਡੀ. ਪੀ.) ਦੀ ਮਿਆਦ ਵਿਦੇਸ਼ 'ਚ ਰਹਿੰਦੇ ਹੋਏ ਖ਼ਤਮ ਹੋ ਗਈ ਹੈ, ਉਨ੍ਹਾਂ ਦੇ ਨਵੀਨੀਕਰਨ ਲਈ ਜਲਦ ਹੀ ਨਵੀਂ ਵਿਵਸਥਾ ਸਥਾਪਤ ਕੀਤੀ ਜਾ ਰਹੀ ਹੈ। ਇਸ ਸਬੰਧ 'ਚ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲਾ ਵੱਲੋਂ ਇਕ ਖਰੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਲਦ ਹੀ ਤੁਸੀਂ ਵਿਦੇਸ਼ 'ਚ ਰਹਿਣ ਦੌਰਾਨ ਡਰਾਈਵਿੰਗ ਲਾਇਸੈਂਸ ਰੀਨਿਊ ਕਰਾ ਸਕੋਗੇ।

ਮੰਤਰਾਲਾ ਨੇ ਨਾਗਰਿਕਾਂ ਦੇ ਕੌਮਾਂਤਰੀ ਡਰਾਈਵਿੰਗ ਪਰਮਿਟ ਰੀਨਿਊ ਕਰਨ ਦੀ ਸਹੂਲਤ ਲਈ ਕੇਂਦਰੀ ਮੋਟਰ ਵਾਹਨ ਨਿਯਮਾਂ, 1989 'ਚ ਸੋਧ ਲਈ ਟਿਪਣੀਆਂ ਅਤੇ ਸੁਝਾਅ ਮੰਗੇ ਗਏ ਹਨ।

ਇਸ 'ਚ ਕਿਹਾ ਗਿਆ ਹੈ ਕਿ ਕੁਝ ਮਾਮਲਿਆਂ 'ਚ ਇਹ ਦੇਖਿਆ ਗਿਆ ਹੈ ਕਿ ਅਜਿਹੇ ਨਾਗਰਿਕ ਜੋ ਵਿਦੇਸ਼ ਯਾਤਰਾ ਕਰ ਰਹੇ ਹਨ ਅਤੇ ਕਿਸੇ ਦੇਸ਼ 'ਚ ਹਨ, ਉਨ੍ਹਾਂ ਦੇ ਆਈ. ਡੀ. ਪੀ. ਦੀ ਮਿਆਦ ਖ਼ਤਮ ਹੋ ਜਾਂਦੀ ਹੈ ਅਤੇ ਵਿਦੇਸ਼ 'ਚ ਇਸ ਦੇ ਨਵੀਨੀਕਰਨ ਲਈ ਕੋਈ ਵਿਵਸਥਾ ਨਹੀਂ ਹੈ। ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਅਜਿਹੇ ਨਾਗਰਿਕਾਂ ਦੀ ਸੁਵਿਧਾ ਲਈ ਸੀ. ਐੱਮ. ਵੀ. ਆਰ.-1989 'ਚ ਸੋਧ ਕਰਨ ਦਾ ਪ੍ਰਸਤਾਵ ਹੈ।

ਪ੍ਰਸਤਾਵ ਮੁਤਾਬਕ, ਨਾਗਰਿਕ ਭਾਰਤੀ ਦੂਤਘਰ/ਮਿਸ਼ਨ ਦੇ ਵਿਦੇਸ਼ੀ ਪੋਰਟਲ 'ਤੇ ਅਰਜ਼ੀ ਦੇ ਸਕਣਗੇ ਅਤੇ ਉਥੋਂ ਇਹ 'ਵਾਹਨ' ਪੋਰਟਲ 'ਤੇ ਭੇਜੀ ਜਾਵੇਗੀ, ਜਿੱਥੇ ਸਬੰਧਤ ਆਰ. ਟੀ. ਓ. ਵੱਲੋਂ ਇਸ 'ਤੇ ਵਿਚਾਰ ਕੀਤਾ ਜਾਵੇਗਾ।  ਪ੍ਰਸਤਾਵ 'ਚ ਮੈਡੀਕਲ ਪ੍ਰਮਾਣ ਪੱਤਰ ਅਤੇ ਵੈਲਿਡ ਵੀਜ਼ਾ ਦੀ ਸ਼ਰਤ ਨੂੰ ਹਟਾਉਣਾ ਵੀ ਸ਼ਾਮਲ ਹੈ। ਮੰਤਰਾਲਾ ਨੇ ਇਸ ਸਬੰਧੀ 30 ਦਿਨਾਂ ਦੇ ਅੰਦਰ ਸੁਝਾਅ ਅਤੇ ਟਿੱਪਣੀਆਂ ਦੇਣ ਨੂੰ ਕਿਹਾ ਹੈ।


author

Sanjeev

Content Editor

Related News