15 ਸਾਲ ਪੁਰਾਣੇ ਵਾਹਨਾਂ ਲਈ ਜਲਦ ਜਾਰੀ ਹੋਵੇਗੀ ਇਹ ਨੀਤੀ, ਜਾਣੋ ਫਾਇਦਾ
Wednesday, Sep 11, 2019 - 03:48 PM (IST)

ਨਵੀਂ ਦਿੱਲੀ— ਜਲਦ ਹੀ 15 ਸਾਲ ਪੁਰਾਣੀ ਗੱਡੀ ਨੂੰ ਸਕ੍ਰੈਪ ਕਰਵਾ ਕੇ ਨਵੀਂ ਖਰੀਦਣ 'ਤੇ ਛੋਟ ਦਾ ਫਾਇਦਾ ਮਿਲ ਸਕਦਾ ਹੈ। ਰੋਡ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਰਕਾਰ ਵਾਹਨ ਸਕ੍ਰੈਪਿੰਗ ਨੀਤੀ 'ਤੇ ਕੰਮ ਕਰ ਰਹੀ ਹੈ ਤੇ ਜਲਦੀ ਹੀ ਇਸ ਦਾ ਐਲਾਨ ਕੀਤਾ ਜਾਵੇਗਾ।
ਗਡਕਰੀ ਨੇ ਕਿਹਾ, ''ਵਾਹਨ ਸਕ੍ਰੈਪ ਨੀਤੀ 'ਤੇ ਕੰਮ ਕੀਤਾ ਜਾ ਰਿਹਾ ਹੈ।ਇਸ ਨੂੰ ਵਿੱਤ ਮੰਤਰਾਲਾ ਦੀ ਮਨਜ਼ੂਰੀ ਮਿਲਣਾ ਬਾਕੀ ਹੈ। ਰਾਜਾਂ ਨਾਲ ਵੀ ਕੁਝ ਮੁੱਦੇ ਹਨ ਜਿਨ੍ਹਾਂ ਦਾ ਹੱਲ ਕੀਤਾ ਜਾ ਰਿਹਾ ਹੈ। ਜਲਦ ਹੀ ਨੀਤੀ ਜਾਰੀ ਕਰ ਦਿੱਤੀ ਜਾਵੇਗੀ।''
ਹੋਂਡਾ ਮੋਟਰਸਾਈਕਲ ਦੇ ਬੀ. ਐੱਸ.-6 ਐਕਟਿਵਾ-125 ਸਕੂਟਰ ਦੇ ਲਾਂਚਿੰਗ ਮੌਕੇ 'ਤੇ ਬੋਲਦੇ ਹੋਏ ਗਡਕਰੀ ਨੇ ਕਿਹਾ ਕਿ ਵਾਹਨਾਂ 'ਤੇ ਜੀ. ਐੱਸ. ਟੀ. ਦਰਾਂ 'ਚ ਕਟੌਤੀ ਦਾ ਪ੍ਰਸਤਾਵ ਪਹਿਲਾਂ ਹੀ ਵਿੱਤ ਮੰਤਰੀ ਸਾਹਮਣੇ ਰੱਖਿਆ ਜਾ ਚੁੱਕਾ ਹੈ। ਜੀ. ਐੱਸ. ਟੀ. ਕੌਂਸਲ 'ਚ ਰਾਜਾਂ ਨੂੰ ਭਰੋਸੇ 'ਚ ਲੈ ਕੇ ਹੀ ਇਸ 'ਤੇ ਫੈਸਲਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਲਗਾਤਾਰ ਵਿਕਰੀ 'ਚ ਗਿਰਾਵਟ ਦਾ ਸਾਹਮਣਾ ਕਰ ਰਹੀ ਇੰਡਸਟਰੀ ਨੇ ਸਰਕਾਰ ਕੋਲ ਜੀ. ਐੱਸ. ਟੀ. ਦਰਾਂ ਨੂੰ 28 ਤੋਂ ਘਟਾ ਕੇ 18 ਫੀਸਦੀ ਕਰਨ ਦੀ ਮੰਗ ਕੀਤੀ ਹੈ। ਉੱਥੇ ਹੀ, ਇਸ ਵਿਚਕਾਰ ਬਜਾਜ ਆਟੋ ਦੇ ਪ੍ਰਬੰਧਕ ਨਿਰਦੇਸ਼ਕ ਰਾਜੀਵ ਬਜਾਜ ਨੇ ਕਟੌਤੀ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ। ਰਾਜੀਵ ਬਜਾਜ ਦਾ ਕਹਿਣਾ ਹੈ ਕਿ ਇੰਡਸਟਰੀ 'ਚ ਮੰਦੀ ਦਾ ਸਭ ਤੋਂ ਵੱਡਾ ਕਾਰਨ ਕੰਪਨੀਆਂ ਵੱਲੋਂ ਪ੍ਰਾਡਕਸ਼ਨ 'ਚ ਹੱਦ ਤੋਂ ਵੱਧ ਵਾਧਾ ਹੈ। ਉਨ੍ਹਾਂ ਕਿਹਾ ਕਿ ਆਰਥਿਕ ਸੁਸਤੀ ਦਾ ਪ੍ਰਭਾਵ ਬਹੁਤ ਥੋੜ੍ਹੀ ਹੱਦ ਤਕ ਹੀ ਹੈ ਤੇ ਜੀ. ਐੱਸ. ਟੀ. 'ਚ ਕਟੌਤੀ ਕਰਨ ਦੀ ਜ਼ਰੂਰਤ ਨਹੀਂ ਹੈ।