ਸਰਕਾਰ ਨੇ 6,50,000 ਲੱਖ ਟਨ ਖੰਡ ਦੇ ਬਰਾਮਦ ਕੋਟੇ ਦੀ ਨਵੇਂ ਸਿਰਿਓਂ ਕੀਤੀ ਵੰਡ

02/24/2020 9:40:17 PM

ਨਵੀਂ ਦਿੱਲੀ (ਭਾਸ਼ਾ)-ਸਰਕਾਰ ਨੇ ਵੱਧ ਤੋਂ ਵੱਧ ਮੰਨਣਯੋਗ ਬਰਾਮਦ ਕੋਟਾ (ਐੱਮ. ਏ. ਈ. ਕਿਊ.) ਯੋਜਨਾ ਤਹਿਤ 2019-20 ਦੇ ਮੌਜੂਦਾ ਮਾਰਕੀਟਿੰਗ ਸਾਲ ਲਈ 6,50,000 ਟਨ ਖੰਡ ਕੋਟਾ ਦੀ ਨਵੇਂ ਸਿਰਿਓਂ ਵੰਡ ਕੀਤੀ ਹੈ। ਇਸ ਕੋਟੇ ਦੀ ਵਰਤੋਂ ਨਹੀਂ ਹੋ ਸਕੀ ਸੀ। ਸਰਕਾਰ ਨੇ ਚਾਲੂ ਸਾਲ ਲਈ ਕੋਟੇ ਦੇ ਤਹਿਤ 60 ਲੱਖ ਟਨ ਖੰਡ ਬਰਾਮਦ ਦੀ ਮਨਜ਼ੂਰੀ ਦਿੱਤੀ ਸੀ। ਸਰਪਲਸ ਖੰਡ ਦੀ ਸਥਿਤੀ ਨਾਲ ਨਜਿੱਠਣ ਲਈ ਇਹ ਕਦਮ ਚੁੱਕਿਆ ਗਿਆ ਸੀ। ਖੁਰਾਕ ਮੰਤਰਾਲਾ ’ਚ ਸੰਯੁਕਤ ਸਕੱਤਰ ਸੁਬੋਧ ਸਿੰਘ ਨੇ ਕਿਹਾ ਕਿ ਕੁੱਝ ਮਿੱਲਾਂ ਇਸ ਸਾਲ ਆਪਣੇ ਬਰਾਮਦ ਕੋਟੇ ਨੂੰ ਪੂਰਾ ਨਹੀਂ ਕਰ ਸਕੀਆਂ ਹਨ। ਉਥੇ ਹੀ ਕੁੱਝ ਮਿਲਾਂ ਨੇ 2,50,000 ਟਨ ਦੇ ਬਰਾਮਦ ਕੋਟੇ ਨੂੰ ਛੱਡ ਦਿੱਤਾ ਹੈ।

ਸਿੰਘ ਨੇ ਕਿਹਾ, ‘‘ਅਸੀਂ ਇਕ ਫਾਰਮੂਲੇ ਦੇ ਆਧਾਰ ’ਤੇ ਸਮੁੱਚੇ ਕੋਟੇ ਨੂੰ ਐਡਜਸਟ ਕੀਤਾ ਹੈ। ਕੁਲ 6,50,000 ਟਨ ਦੇ ਬਰਾਮਦ ਕੋਟੇ ਦੀ ਨਵੇਂ ਸਿਰਿਓਂ ਵੰਡ ਕੀਤੀ ਗਈ ਹੈ।’’ ਸਿੰਘ ਨੇ ਇੱਥੇ ਏਥੇਨਾਲ ’ਤੇ ਆਯੋਜਿਤ ਇਕ ਪ੍ਰੋਗਰਾਮ ਦੇ ਮੌਕੇ ਪੱਤਰਕਾਰਾਂ ਨਾਲ ਵੱਖਰੇ ਤੌਰ ’ਤੇੇ ਗੱਲਬਾਤ ’ਚ ਕਿਹਾ ਕਿ ਉੱਚੀ ਕੌਮਾਂਤਰੀ ਮੰਗ ਨਾਲ ਚਾਲੂ ਖੰਡ ਸਾਲ (ਅਕਤੂਬਰ-ਸਤੰਬਰ) ਦੌਰਾਨ ਖੰਡ ਦੀ ਕੁਲ ਬਰਾਮਦ 50 ਲੱਖ ਟਨ ’ਤੇ ਪਹੁੰਚ ਸਕਦੀ ਹੈ। ਭਾਰਤ ਨੇ 2018-19 ਦੇ ਖੰਡ ਸਾਲ ’ਚ 50 ਲੱਖ ਟਨ ਦੇ ਲਾਜ਼ਮੀ ਕੋਟੇ ’ਤੇ 38 ਲੱਖ ਟਨ ਖੰਡ ਦੀ ਬਰਾਮਦ ਕੀਤੀ ਸੀ। ਅਧਿਕਾਰੀ ਨੇ ਕਿਹਾ ਕਿ ਇਸ ਸਾਲ ਦੇਸ਼ ਦਾ ਕੁਲ ਖੰਡ ਉਤਪਾਦਨ 2.7 ਕਰੋਡ਼ ਟਨ ਰਹਿ ਸਕਦਾ ਹੈ। ਇਸ ਤੋਂ ਪਿਛਲੇ 2 ਸਾਲਾਂ ਦੌਰਾਨ ਖੰਡ ਦਾ ਉਤਪਾਦਨ 3.3 ਕਰੋਡ਼ ਟਨ ਰਿਹਾ ਸੀ। ਹੁਣ ਤੱਕ ਮਿੱਲਾਂ 1.6 ਤੋਂ 1.7 ਕਰੋਡ਼ ਟਨ ਖੰਡ ਦਾ ਉਤਪਾਦਨ ਕਰ ਚੁੱਕੀਆਂ ਹਨ।


Karan Kumar

Content Editor

Related News