ਸਰਕਾਰ ਨੇ 62,278 ਕਰੋੜ ਰੁ: MSP 'ਤੇ ਹੁਣ ਤੱਕ ਖਰੀਦਿਆ ਇੰਨਾ ਝੋਨਾ

Friday, Dec 04, 2020 - 08:47 PM (IST)

ਨਵੀਂ ਦਿੱਲੀ— ਸਰਕਾਰ ਨੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) 'ਤੇ 330 ਲੱਖ ਟਨ ਝੋਨੇ ਦੀ ਖ਼ਰੀਦ ਹੁਣ ਤੱਕ ਕਰ ਲਈ ਹੈ, ਜਿਸ ਦਾ ਮੁੱਲ 62,278.61 ਕਰੋੜ ਰੁਪਏ ਹੈ। ਹੁਣ ਤੱਕ ਦੇਸ਼ 'ਚ ਝੋਨੇ ਦੀ ਖ਼ਰੀਦ ਜਾਰੀ ਹੈ। ਸਰਕਾਰ ਵੱਲੋਂ ਪਿਛਲੇ ਸਾਲ ਦੀ ਇਸ ਮਿਆਦ ਨਾਲੋਂ 20 ਫ਼ੀਸਦੀ ਵੱਧ ਖ਼ਰੀਦੀ ਕੀਤੀ ਜਾ ਚੁੱਕੀ ਹੈ।

ਸਾਉਣੀ 2020-21 ਲਈ ਝੋਨੇ ਦੀ ਖ਼ਰੀਦ ਪੰਜਾਬ, ਚੰਡੀਗੜ੍ਹ, ਹਰਿਆਣਾ, ਉੱਤਰ ਪ੍ਰਦੇਸ਼, ਤੇਲੰਗਾਨਾ, ਉਤਰਾਖੰਡ, ਤਾਮਿਲਨਾਡੂ, ਜੰਮੂ-ਕਸ਼ਮੀਰ, ਕੇਰਲ, ਗੁਜਰਾਤ, ਆਂਧਰਾ ਪ੍ਰਦੇਸ਼, ਉੜੀਸਾ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਬਿਹਾਰ 'ਚ ਨਿਰਵਿਘਨ ਚੱਲ ਰਹੀ ਹੈ।

ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਅਤੇ ਸੂਬਾ ਏਜੰਸੀਆਂ ਨੇ 3 ਦਸੰਬਰ ਤੱਕ 329.86 ਲੱਖ ਟਨ ਝੋਨੇ ਦੀ ਖ਼ਰੀਦ ਕੀਤੀ ਹੈ, ਜਦੋਂ ਕਿ ਪਿਛਲੇ ਸਾਲ ਇਸ ਸਮੇਂ ਦੌਰਾਨ 275.98 ਲੱਖ ਟਨ ਝੋਨੇ ਦੀ ਖ਼ਰੀਦ ਕੀਤੀ ਸੀ। ਹੁਣ ਤੱਕ 31.78 ਲੱਖ ਕਿਸਾਨਾਂ ਕੋਲੋਂ ਐੱਮ. ਐੱਸ. ਪੀ. 'ਤੇ ਝੋਨੇ ਦੀ ਖ਼ਰੀਦੀ ਕੀਤੀ ਜਾ ਚੁੱਕੀ ਹੈ। 329.86 ਲੱਖ ਟਨ ਝੋਨੇ 'ਚੋਂ ਇਕੱਲੇ ਪੰਜਾਬ ਤੋਂ 202.77 ਲੱਖ ਟਨ ਦੀ ਖ਼ਰੀਦ ਕੀਤੀ ਗਈ ਹੈ, ਜੋ ਕਿ ਕੁੱਲ ਖ਼ਰੀਦ ਦਾ 61.47 ਫ਼ੀਸਦੀ ਹੈ।

ਪੰਜਾਬ ਅਤੇ ਹਰਿਆਣਾ 'ਚ ਜਲਦ ਫ਼ਸਲ ਦੇ ਆਉਣ ਨਾਲ ਝੋਨੇ ਦੀ ਖ਼ਰੀਦ 26 ਸਤੰਬਰ ਤੋਂ ਸ਼ੁਰੂ ਹੋ ਗਈ ਸੀ, ਜਦੋਂ ਕਿ ਦੂਜੇ ਸੂਬਿਆਂ 'ਚ 1 ਅਕਤੂਬਰ ਤੋਂ ਖ਼ਰੀਦ ਸ਼ੁਰੂ ਕੀਤੀ ਗਈ। ਸਰਕਾਰ ਤਰਫੋਂ ਐੱਫ. ਸੀ. ਆਈ. ਅਤੇ ਹੋਰ ਏਜੰਸੀਆਂ ਵੱਲੋਂ ਖਰੀਦ ਕੀਤੀ ਜਾਂਦੀ ਹੈ। ਮੌਜੂਦਾ ਸਾਲ ਲਈ ਕੇਂਦਰ ਨੇ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ (ਆਮ ਗ੍ਰੇਡ) 1,868 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਹੈ, ਜਦੋਂ ਕਿ ਏ-ਗ੍ਰੇਡ ਦੀ ਕਿਸਮ ਦਾ 1,888 ਰੁਪਏ ਪ੍ਰਤੀ ਕੁਇੰਟਲ ਹੈ।


Sanjeev

Content Editor

Related News