ਵਿੱਤ ਮੰਤਰੀ ਨੇ ਕਿਹਾ, 'ਬਜਟ ਦੀ ਉਡੀਕ ਕਰੋ, ਮਿਲ ਸਕਦਾ ਹੈ ਤੋਹਫਾ'

12/08/2019 8:16:16 AM

ਨਵੀਂ ਦਿੱਲੀ— ਸਰਕਾਰ ਇਸ ਵਾਰ ਬਜਟ ਵਿਚ ਇਨਕਮ ਟੈਕਸ ਵਿਚ ਵੱਡਾ ਬਦਲਾਵ ਕਰ ਸਕਦੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਸੰਕੇਤ ਦਿੱਤਾ ਕਿ ਸਰਕਾਰ ਇਨਕਮ ਟੈਕਸ ਵਿਚ ਤਬਦੀਲੀ ਕਰ ਸਕਦੀ ਹੈ। ਸੀਤਾਰਮਨ ਨੇ ਇਕ ਪ੍ਰੋਗਰਾਮ ਵਿਚ ਕਿਹਾ ਕਿ ਸਰਕਾਰ ਅਰਥਵਿਵਸਥਾ ਨੂੰ ਹੁਲਾਰਾ ਦੇਣ ਲਈ ਕਈ ਕਦਮਾਂ 'ਤੇ ਵਿਚਾਰ ਕਰ ਰਹੀ ਹੈ ਤੇ ਇਨਕਮ ਟੈਕਸ ਵਿਚ ਕਟੌਤੀ ਵੀ ਇਨ੍ਹਾਂ ਵਿਚੋਂ ਇਕ ਹੋ ਸਕਦੀ ਹੈ। ਇਸ ਪ੍ਰਸ਼ਨ ਦੇ ਜਵਾਬ ਵਿਚ ਕਿ ਆਮ ਲੋਕਾਂ ਨੂੰ ਇਨਕਮ ਟੈਕਸ ਘਟਾਉਣ ਦਾ ਤੋਹਫਾ ਕਿੰਨੀ ਜਲਦ ਮਿਲ ਸਕਦਾ ਹੈ, ਵਿੱਤ ਮੰਤਰੀ ਨੇ ਕਿਹਾ ਕਿ ਬਜਟ ਤੱਕ ਇੰਤਜ਼ਾਰ ਕਰੋ। ਜ਼ਿਕਰਯੋਗ ਹੈ ਕਿ ਆਉਣ ਵਾਲੇ ਵਿੱਤੀ ਸਾਲ ਦਾ ਬਜਟ ਫਰਵਰੀ ਵਿਚ ਪੇਸ਼ ਕੀਤਾ ਜਾਣਾ ਹੈ।

 

ਉਨ੍ਹਾਂ ਕਿਹਾ ਕਿ ਸਰਕਾਰ ਅਰਥਵਿਵਸਥਾ ਨੂੰ ਗਤੀ ਦੇਣ ਲਈ ਲਗਾਤਾਰ ਕਦਮ ਉਠਾ ਰਹੀ ਹੈ। ਜਨਤਕ ਖੇਤਰ ਦੇ ਬੈਂਕਾਂ ਨੇ ਪਿਛਲੇ ਦੋ ਮਹੀਨਿਆਂ ਦੌਰਾਨ ਪੰਜ ਲੱਖ ਰੁਪਏ ਦੇ ਕਰਜ਼ੇ ਦੂਰ-ਦੁਰਾਡੇ ਇਲਾਕਿਆਂ ਵਿਚ ਖਪਤ ਵਧਾਉਣ ਲਈ ਵੰਡੇ ਹਨ। ਮਜ਼ਦੂਰ ਵਰਗ ਨੂੰ ਲਾਭ ਪਹੁੰਚਾਉਣ ਲਈ ਬੁਨਿਆਦੀ ਸਹੂਲਤਾਂ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਇਕਨੋਮੀ ਨੂੰ ਹੁਲਾਰਾ ਦੇਣ ਲਈ ਪਿਛਲੇ ਮਹੀਨਿਆਂ ਦੌਰਾਨ ਜਨਤਕ ਖੇਤਰ ਦੇ ਬੈਂਕਾਂ ਦੇ ਰਲੇਵੇਂ ਸਮੇਤ ਕਈ ਹੋਰ ਫੈਸਲੇ ਲਏ ਗਏ ਹਨ। ਸਟਾਕ ਮਾਰਕੀਟ ਤੋਂ ਹੋਣ ਵਾਲੇ ਮੁਨਾਫੇ 'ਤੇ ਚਾਰਜ ਵਧਾਉਣ ਦਾ ਫੈਸਲਾ ਵਾਪਸ ਲੈਣ ਦੇ ਨਾਲ ਕਾਰਪੋਰੇਟ ਟੈਕਸ ਘਟਾ ਦਿੱਤਾ ਗਿਆ।


GST ਕੌਂਸਲ ਹੱਥ ਇਹ ਫੈਸਲਾ-
ਗੁਡਜ਼ ਐਂਡ ਸਰਵਿਸਿਜ਼ ਟੈਕਸ (ਜੀ. ਐੱਸ. ਟੀ.) ਦੇ ਸਲੈਬਾਂ ਦੀ ਤਬਦੀਲੀ ਬਾਰੇ ਸੀਤਾਰਮਨ ਨੇ ਕਿਹਾ ਕਿ ਇਸ ਬਾਰੇ ਕੋਈ ਵੀ ਫੈਸਲਾ ਜੀ. ਐੱਸ. ਟੀ. ਕੌਂਸਲ ਲਵੇਗੀ, ਜਿਸ 'ਚ ਸਾਰੇ ਰਾਜਾਂ ਦੇ ਵਿੱਤ ਮੰਤਰੀ ਤੇ ਨੁਮਾਇੰਦੇ ਮੈਂਬਰ ਹਨ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਸਮਾਜਿਕ ਜ਼ਿੰਮੇਵਾਰੀਆਂ 'ਤੇ ਵੀ ਪੂਰਾ ਜ਼ੋਰ ਦੇ ਰਹੀ ਹੈ। ਇਸ ਦਾ ਟੀਚਾ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰਨ ਤੋਂ ਇਲਾਵਾ ਹਰੇਕ ਨਾਗਰਿਕ ਨੂੰ ਘਰ ਤੇ ਬਿਜਲੀ ਪ੍ਰਦਾਨ ਕਰਨਾ ਹੈ।


Related News