ਭਾਰਤੀ ਇਨਫ੍ਰਾਟੈੱਲ ਅਤੇ ਇੰਡਸ ਟਾਵਰਸ ਦੇ ਰਲੇਵੇਂ ਨੂੰ ਸਰਕਾਰ ਵੱਲੋਂ ਮਿਲੀ ਮਨਜ਼ੂਰੀ

02/23/2020 1:22:11 AM

ਨਵੀਂ ਦਿੱਲੀ (ਭਾਸ਼ਾ)-ਦੂਰਸੰਚਾਰ ਵਿਭਾਗ ਨੇ ਇੰਡਸ ਟਾਵਰਸ ਅਤੇ ਭਾਰਤੀ ਇਨਫ੍ਰਾਟੈੱਲ ਦੇ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ। ਇਸ ਡੀਲ ਦੇ ਪੂਰਾ ਹੋਣ ’ਤੇ ਭਾਰਤੀ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਲਈ ਕੰਪਨੀ ’ਚ ਹਿੱਸੇਦਾਰੀ ਵੇਚ ਕੇ ਪੈਸੇ ਜੁਟਾਉਣ ਦੇ ਬਦਲ ਖੁੱਲ੍ਹਣਗੇ। ਇੰਡਸ ਟਾਵਰਸ ’ਚ ਅਜੇ ਭਾਰਤੀ ਇਨਫ੍ਰਾਟੈੱਲ ਅਤੇ ਵੋਡਾਫੋਨ ਸਮੂਹ ਦੀ 42-42 ਫੀਸਦੀ ਹਿੱਸੇਦਾਰੀ ਹੈ। ਇਸ ’ਚ ਵੋਡਾਫੋਨ-ਆਈਡੀਆ ਦੀ ਵੀ 11.15 ਫੀਸਦੀ ਹਿੱਸੇਦਾਰੀ ਹੈ। ਬਾਕੀ 4.85 ਫੀਸਦੀ ਹਿੱਸੇਦਾਰੀ ਪ੍ਰਾਈਵੇਟ ਇਕਵਿਟੀ ਫਰਮ ਪ੍ਰਾਵੀਡੈਂਸ ਕੋਲ ਹੈ। ਭਾਰਤੀ ਇਨਫ੍ਰਾਟੈੱਲ ਨੇ ਕਿਹਾ ਕਿ ਇੰਡਸ ਟਾਵਰਸ ਨਾਲ ਰਲੇਵੇਂ ਦੇ ਪ੍ਰਸਤਾਵ ਨੂੰ ਦੂਰਸੰਚਾਰ ਵਿਭਾਗ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਅੱਗੇ ਦੇ ਕਦਮਾਂ ’ਤੇ ਫੈਸਲਾ ਲੈਣ ਲਈ 24 ਫਰਵਰੀ ਨੂੰ ਨਿਰਦੇਸ਼ਕ ਮੰਡਲ ਦੀ ਬੈਠਕ ਹੋਵੇਗੀ।

ਵਿਸ਼ਵ ਦੀ ਸਭ ਤੋਂ ਵੱਡੀ ਟੈਲੀਕਾਮ ਟਾਵਰ ਕੰਪਨੀ ਹੋਵੇਗੀ
ਇਸ ਰਲੇਵੇਂ ਤੋਂ ਬਾਅਦ ਬਣਨ ਵਾਲੀ ਸਾਂਝੀ ਕੰਪਨੀ ਕੋਲ ਦੇਸ਼ ਭਰ ’ਚ 1,63,000 ਤੋਂ ਜ਼ਿਆਦਾ ਟੈਲੀਕਾਮ ਟਾਵਰ ਹੋ ਜਾਣਗੇ। ਇਨ੍ਹਾਂ ਦਾ ਆਪ੍ਰੇਸ਼ਨ ਸਾਰੇ 22 ਟੈਲੀਕਾਮ ਸੇਵਾ ਖੇਤਰਾਂ ’ਚ ਹੋ ਰਿਹਾ ਹੈ। ਰਲੇਵੇਂ ਨਾਲ ਬਣਨ ਵਾਲੀ ਸਾਂਝੀ ਕੰਪਨੀ ਚੀਨ ਨੂੰ ਛੱਡ ਕੇ ਬਾਕੀ ਵਿਸ਼ਵ ਦੀ ਸਭ ਤੋਂ ਵੱਡੀ ਟਾਵਰ ਕੰਪਨੀ ਹੋਵੇਗੀ। ਸਾਂਝੀ ਕੰਪਨੀ ਕੋਲ ਭਾਰਤੀ ਇਨਫ੍ਰਾਟੈੱਲ ਅਤੇ ਇੰਡਸ ਟਾਵਰਸ ਦੇ ਕਾਰੋਬਾਰ ਦੀ ਪੂਰੀ ਮਲਕੀਅਤ ਹੋਵੇਗੀ। ਕੰਪਨੀ ਦਾ ਨਾਂ ਬਦਲ ਕੇ ਇੰਡਸ ਟਾਵਰਸ ਲਿਮਟਿਡ ਹੋ ਜਾਵੇਗਾ ਅਤੇ ਸਾਂਝੀ ਕੰਪਨੀ ਘਰੇਲੂ ਸ਼ੇਅਰ ਬਾਜ਼ਾਰਾਂ ’ਚ ਲਿਸਟਿੰਗ ਜਾਰੀ ਰੱਖੇਗੀ।

ਡੀਲ ਨਾਲ ਵੋਡਾਫੋਨ-ਆਈਡੀਆ 4500 ਕਰੋਡ਼ ਰੁਪਏ ਜੁਟਾਏਗੀ
ਵੋਡਾਫੋਨ-ਆਈਡੀਆ ਇਸ ਡੀਲ ਨਾਲ ਕਰੀਬ 4500 ਕਰੋਡ਼ ਰੁਪਏ ਜੁਟਾ ਸਕੇਗੀ। ਇਸ ਰਕਮ ਦੀ ਵਰਤੋਂ ਕੰਪਨੀ ਏ. ਜੀ. ਆਰ. ਬਕਾਏ ਦਾ ਭੁਗਤਾਨ ਕਰਨ ’ਚ ਕਰੇਗੀ। ਕੰਪਨੀ ਹੁਣ ਤੱਕ ਸਰਕਾਰ ਨੂੰ 3500 ਕਰੋਡ਼ ਰੁਪਏ ਦਾ ਭੁਗਤਾਨ ਕਰ ਚੁੱਕੀ ਹੈ। ਕੰਪਨੀ ’ਤੇ ਕਰੀਬ 52,000 ਕਰੋਡ਼ ਰੁਪਏ ਦਾ ਏ. ਜੀ. ਆਰ. ਬਕਾਇਆ ਹੈ। ਭਾਰਤੀ ਏਅਰਟੈੱਲ ’ਤੇ 35,000 ਕਰੋਡ਼ ਰੁਪਏ ਦਾ ਏ. ਜੀ. ਆਰ. ਬਕਾਇਆ ਹੈ। ਇਸ ’ਚੋਂ ਕੰਪਨੀ 10,000 ਕਰੋਡ਼ ਰੁਪਏ ਦਾ ਭੁਗਤਾਨ ਕਰ ਚੁੱਕੀ ਹੈ।


Karan Kumar

Content Editor

Related News