ਹਵਾਈ ਕਿਰਾਏ ''ਚ ਜ਼ਬਰਦਸਤ ਵਾਧੇ ਤੋਂ ਬਾਅਦ ਸਰਕਾਰ ਨੇ ਏਅਰਲਾਈਨਜ਼ ਨੂੰ ਦਿੱਤਾ ਇਹ ਆਦੇਸ਼

05/21/2023 2:21:04 PM

ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਏਅਰਲਾਈਨ ਕੰਪਨੀਆਂ ਨੂੰ ਹਵਾਈ ਟਿਕਟਾਂ ਦੀਆਂ ਕੀਮਤਾਂ ਤੈਅ ਕਰਦੇ ਸਮੇਂ ਸੰਜਮ ਵਰਤਣ ਅਤੇ ਵੱਧ ਤੋਂ ਵੱਧ ਅਤੇ ਘੱਟੋ-ਘੱਟ ਕੀਮਤਾਂ ਵਿਚਕਾਰ ਸੰਤੁਲਨ ਬਣਾਈ ਰੱਖਣ ਲਈ ਕਿਹਾ ਹੈ। ਸਰਕਾਰ ਦੀ ਸਲਾਹ ਅਜਿਹੇ ਸਮੇਂ ਆਈ ਹੈ ਜਦੋਂ ਬਜਟ ਏਅਰਲਾਈਨ GoFirst ਦੁਆਰਾ ਉਡਾਣਾਂ ਨੂੰ ਮੁਅੱਤਲ ਕਰਨ ਤੋਂ ਬਾਅਦ ਕੁਝ ਰੂਟਾਂ 'ਤੇ ਟਿਕਟਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਗਈਆਂ ਹਨ। ਹਾਲਾਂਕਿ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਹਵਾਈ ਟਿਕਟਾਂ ਦੀ ਕੀਮਤ ਨੂੰ ਕੰਟਰੋਲ ਕਰਨ ਦਾ ਉਸ ਦਾ ਕੋਈ ਇਰਾਦਾ ਨਹੀਂ ਹੈ।

ਇਹ ਵੀ ਪੜ੍ਹੋ :  ਚੁਣੌਤੀ ਬਣਿਆ ਮੌਸਮ : ਸੇਬ ਉਤਪਾਦਨ ’ਚ ਗਿਰਾਵਟ ਦੇ ਆਸਾਰ, ਬਕਸਿਆਂ ਅੰਦਰ ਮਰ ਰਹੀਆਂ

ਇਕ ਰਿਪੋਰਟ ਮੁਤਾਬਕ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਏਅਰਲਾਈਨਾਂ ਨੂੰ ਟਿਕਟ ਦੀਆਂ ਦਰਾਂ ਤੈਅ ਕਰਦੇ ਸਮੇਂ 'ਸੰਜਮ ਵਰਤਣ' ਅਤੇ 'ਕਿਸੇ ਤਰ੍ਹਾਂ ਦਾ ਸੰਤੁਲਨ ਬਣਾਈ ਰੱਖਣ' ਲਈ ਕਿਹਾ ਗਿਆ ਹੈ। ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਅਜਿਹੀ ਸਥਿਤੀ ਨਹੀਂ ਹੋ ਸਕਦੀ ਜਿੱਥੇ ਸਭ ਤੋਂ ਘੱਟ ਅਤੇ ਸਭ ਤੋਂ ਵੱਧ ਕਿਰਾਇਆ ਵਿਚਕਾਰ ਬਹੁਤ ਵੱਡਾ ਅੰਤਰ ਹੋਵੇ।

ਕੁਝ ਰੂਟਾਂ 'ਤੇ ਹੋਇਆ ਹੈ ਦਰਾਂ ਵਿਚ ਬੇਤਹਾਸ਼ਾ ਵਾਧਾ 

ਨਕਦੀ ਦੀ ਕਿੱਲਤ ਤੋਂ ਬਾਅਦ, GoFirst ਨੇ 3 ਮਈ ਤੋਂ ਉਡਾਣਾਂ ਬੰਦ ਕਰ ਦਿੱਤੀਆਂ ਹਨ। ਜਿਨ੍ਹਾਂ ਰੂਟਾਂ 'ਤੇ GoFirst ਚੱਲ ਰਹੀ ਸੀ, ਉਨ੍ਹਾਂ ਦੇ ਹਵਾਈ ਕਿਰਾਏ 'ਚ ਭਾਰੀ ਉਛਾਲ ਆਇਆ ਹੈ। ਇਨ੍ਹਾਂ ਰੂਟਾਂ ਵਿੱਚ ਦਿੱਲੀ-ਸ਼੍ਰੀਨਗਰ ਅਤੇ ਦਿੱਲੀ-ਪੁਣੇ ਵੀ ਸ਼ਾਮਲ ਹਨ। ਟ੍ਰੈਵਲ ਪੋਰਟਲ Ixigo ਦੇ ਅੰਕੜਿਆਂ ਅਨੁਸਾਰ, 20-28 ਅਪ੍ਰੈਲ ਦੀ ਮਿਆਦ ਦੇ ਮੁਕਾਬਲੇ 3-10 ਮਈ ਦੀ ਮਿਆਦ ਦੇ ਦੌਰਾਨ ਦਿੱਲੀ-ਲੇਹ ਮਾਰਗ 'ਤੇ ਔਸਤ ਇਕ ਪਾਸੇ ਦਾ ਸਪਾਟ ਕਿਰਾਇਆ 125 ਫੀਸਦੀ ਵਧ ਕੇ ਔਸਤਨ 13,674 ਰੁਪਏ ਹੋ ਗਿਆ ਹੈ। ਇਸੇ ਮਿਆਦ 'ਚ ਦਿੱਲੀ-ਸ਼੍ਰੀਨਗਰ ਮਾਰਗ 'ਤੇ ਔਸਤ ਇਕ ਤਰਫਾ ਸਪਾਟ ਕਿਰਾਇਆ 86 ਫੀਸਦੀ ਵਧਿਆ ਹੈ।

ਇਹ ਵੀ ਪੜ੍ਹੋ : ਕਾਲੇ ਧਨ ਨੂੰ ਖ਼ਤਮ ਕਰਨ ਲਈ 2000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣਾ ਇਕ ਮਾਸਟਰ ਸਟ੍ਰੋਕ!

ਕੋਰੋਨਾ ਮਹਾਂਮਾਰੀ ਦੇ ਲੰਘਣ ਤੋਂ ਬਾਅਦ ਭਾਰਤੀ ਹਵਾਬਾਜ਼ੀ ਖੇਤਰ ਵਿੱਚ ਤੇਜ਼ੀ ਆ ਰਹੀ ਹੈ। ਅਧਿਕਾਰਤ ਅੰਕੜਿਆਂ ਦੇ ਅਨੁਸਾਰ, ਅਪ੍ਰੈਲ 2023 ਵਿੱਚ ਭਾਰਤ ਵਿੱਚ 128.88 ਲੱਖ ਯਾਤਰੀਆਂ ਨੇ ਹਵਾਈ ਯਾਤਰਾ ਕੀਤੀ। GoFirst ਦੀਆਂ ਸੇਵਾਵਾਂ ਨੂੰ ਅਜਿਹੇ ਸਮੇਂ ਬੰਦ ਕਰ ਦਿੱਤਾ ਗਿਆ ਸੀ ਜਦੋਂ ਪੀਕ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਜੂਨ ਨੂੰ ਯਾਤਰਾ ਦਾ ਸਿਖਰ ਸੀਜ਼ਨ ਮੰਨਿਆ ਜਾਂਦਾ ਹੈ। ਏਅਰਲਾਈਨਾਂ ਬਾਜ਼ਾਰ, ਮੰਗ, ਮੌਸਮ ਅਤੇ ਕੁਝ ਹੋਰ ਕਾਰਕਾਂ ਨੂੰ ਧਿਆਨ ਵਿੱਚ ਰੱਖ ਕੇ ਟਿਕਟਾਂ ਦੀਆਂ ਕੀਮਤਾਂ ਤੈਅ ਕਰਦੀਆਂ ਹਨ। ਸੀਟਾਂ ਦੀ ਮੰਗ ਵਧਣ ਨਾਲ ਹਵਾਈ ਕਿਰਾਇਆ ਵਧਦਾ ਹੈ।

3 ਕੰਪਨੀਆਂ ਮੁਸੀਬਤ ਵਿੱਚ

ਇਸ ਸਮੇਂ ਭਾਰਤ ਦੀਆਂ ਕਈ ਏਅਰਲਾਈਨ ਕੰਪਨੀਆਂ ਵੱਖ-ਵੱਖ ਸੰਕਟਾਂ ਦਾ ਸਾਹਮਣਾ ਕਰ ਰਹੀਆਂ ਹਨ। GoFirst ਸਵੈ-ਇੱਛਤ ਦਿਵਾਲੀਆ ਹੱਲ ਪ੍ਰਕਿਰਿਆ ਵਿੱਚੋਂ ਗੁਜ਼ਰ ਰਿਹਾ ਹੈ। ਇੰਜਣ ਨਿਰਮਾਤਾ ਕੰਪਨੀ ਪ੍ਰੈਟ ਐਂਡ ਵਿਟਨੀ ਨਾਲ ਵਿਵਾਦ ਕਾਰਨ ਇੰਡੀਗੋ ਦੇ ਕਈ ਜਹਾਜ਼ ਜ਼ਮੀਨਦੋਜ਼ ਹਨ, ਜਦਕਿ ਸਪਾਈਸਜੈੱਟ ਨੂੰ ਵੀ ਵਿੱਤੀ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਵਿਦੇਸ਼ ’ਚ ਘੁੰਮਣ ਨਾਲ 20 ਫੀਸਦੀ ਟੈਕਸ ਤੋਂ ਘਬਰਾਏ ਟਰੈਵਲ ਏਜੰਟ, ਕਾਰੋਬਾਰ ’ਤੇ ਹੋਵੇਗਾ ਅਸਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News