ਏਅਰਟੈੱਲ ਦੇ ਵਿਦੇਸ਼ੀ ਕੰਪਨੀ ਬਣਨ ਦਾ ਰਸਤਾ ਸਾਫ, ਸਰਕਾਰ ਨੇ ਦਿੱਤੀ 100 ਫੀਸਦੀ FDI ਦੀ ਮਨਜ਼ੂਰੀ

01/22/2020 10:57:33 PM

ਨਵੀਂ ਦਿੱਲੀ (ਇੰਟ.)-ਸਰਕਾਰ ਨੇ ਭਾਰਤੀ ਏਅਰਟੈੱਲ ’ਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) 49 ਤੋਂ ਵਧਾ ਕੇ 100 ਫੀਸਦੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਭਾਰਤੀ ਏਅਰਟੈੱਲ ਨੂੰ ਰਿਜ਼ਰਵ ਬੈਂਕ ਤੋਂ ਵੀ ਕੰਪਨੀ ’ਚ ਵਿਦੇਸ਼ੀ ਨਿਵੇਸ਼ਕਾਂ ਨੂੰ 74 ਫੀਸਦੀ ਤੱਕ ਹਿੱਸੇਦਾਰੀ ਰੱਖਣ ਦੀ ਇਜਾਜ਼ਤ ਹੈ।

ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਸੂਚਨਾ ਅਨੁਸਾਰ ਭਾਰਤੀ ਏਅਰਟੈੱਲ ਲਿਮਟਿਡ ਨੂੰ ਟੈਲੀਕਾਮ ਡਿਪਾਰਟਮੈਂਟ ਵੱਲੋਂ 20 ਜਨਵਰੀ 2020 ਨੂੰ ਵਿਦੇਸ਼ੀ ਨਿਵੇਸ਼ ਦੀ ਸੀਮਾ ਵਧਾ ਕੇ ਕੰਪਨੀ ਦੀ ਚੁਕਤਾ ਪੂੰਜੀ ਦੇ 100 ਫੀਸਦੀ ਤੱਕ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਕੁਝ ਦਿਨ ਪਹਿਲਾਂ ਹੀ ਕੰਪਨੀ ਨੇ ਕਾਨੂੰਨੀ ਬਕਾਏ ਦੇ ਰੂਪ ’ਚ ਕਰੀਬ 35,586 ਕਰੋਡ਼ ਰੁਪਏ ਦਾ ਭੁਗਤਾਨ ਕੀਤਾ। ਇਸ ’ਚ 21,682 ਕਰੋਡ਼ ਰੁਪਏ ਲਾਇਸੈਂਸ ਫੀਸ ਅਤੇ 13,904.01 ਕਰੋਡ਼ ਰੁਪਏ ਸਪੈਕਟ੍ਰਮ ਬਕਾਇਆ ਹੈ। ਇਸ ’ਚ ਟੈਲੀਨਾਰ ਅਤੇ ਟਾਟਾ ਟੈਲੀ ਦੇ ਬਕਾਏ ਸ਼ਾਮਲ ਨਹੀਂ ਹਨ।

ਸੁਨੀਲ ਮਿੱਤਲ ਪਰਿਵਾਰ ਕੋਲ ਮਲਕੀਅਤ

ਭਾਰਤੀ ਟੈਲੀਕਾਮ ਨੇ ਸਿੰਗਾਪੁਰ ਦੀ ਸਿੰਗਟੈੱਲ ਅਤੇ ਹੋਰ ਵਿਦੇਸ਼ੀ ਕੰਪਨੀਆਂ ਵੱਲੋਂ 4900 ਕਰੋਡ਼ ਰੁਪਏ ਦੇ ਨਿਵੇਸ਼ ਲਈ ਪਿਛਲੇ ਮਹੀਨੇ ਸਰਕਾਰ ਤੋਂ ਇਜਾਜ਼ਤ ਮੰਗੀ ਸੀ। 100 ਫੀਸਦੀ ਤੱਕ ਐੱਫ. ਡੀ. ਆਈ. ਮਨਜ਼ੂਰੀ ਤੋਂ ਬਾਅਦ ਦੇਸ਼ ਦੀ ਸਭ ਤੋਂ ਪੁਰਾਣੀ ਨਿੱਜੀ ਖੇਤਰ ਦੀ ਇਹ ਦੂਰਸੰਚਾਰ ਕੰਪਨੀ ਇਕ ਵਿਦੇਸ਼ੀ ਇਕਾਈ ਬਣ ਸਕਦੀ ਹੈ। ਭਾਰਤੀ ਟੈਲੀਕਾਮ ਭਾਰਤੀ ਏਅਰਟੈੱਲ ਦੀ ਪ੍ਰਮੋਟਰ ਕੰਪਨੀ ਹੈ। 100 ਫੀਸਦੀ ਐੱਫ. ਡੀ. ਆਈ. ਮਨਜ਼ੂਰੀ ਨਾਲ ਭਾਰਤੀ ਟੈਲੀਕਾਮ ’ਚ ਵਿਦੇਸ਼ੀ ਹਿੱਸੇਦਾਰੀ ਵਧ ਕੇ 50 ਫੀਸਦੀ ਤੋਂ ਜ਼ਿਆਦਾ ਹੋ ਜਾਵੇਗੀ, ਜਿਸ ਨਾਲ ਇਹ ਇਕ ਵਿਦੇਸ਼ੀ ਮਲਕੀਅਤ ਵਾਲੀ ਇਕਾਈ ਬਣ ਜਾਵੇਗੀ। ਮੌਜੂਦਾ ਸਮੇਂ ’ਚ ਸੁਨੀਲ ਭਾਰਤੀ ਮਿੱਤਲ ਅਤੇ ਉਨ੍ਹਾਂ ਦੇ ਪਰਿਵਾਰ ਦੀ ਭਾਰਤੀ ਟੈਲੀਕਾਮ ’ਚ ਕਰੀਬ 52 ਫੀਸਦੀ ਹਿੱਸੇਦਾਰੀ ਹੈ। ਭਾਰਤੀ ਟੈਲੀਕਾਮ ਦੀ ਭਾਰਤੀ ਏਅਰਟੈੱਲ ’ਚ ਕਰੀਬ 41 ਫੀਸਦੀ ਹਿੱਸੇਦਾਰੀ ਹੈ।


Karan Kumar

Content Editor

Related News