ਗੂਗਲ ਨੇ ਜਾਰੀ ਕੀਤੀ ਐਡਵਾਇਜ਼ਰੀ, UPI ਪੇਮੈਂਟ 'ਚ ਫਰਾਡ ਤੋਂ ਬਚਣ ਦੇ ਦੱਸੇ ਤਰੀਕੇ

12/26/2019 6:01:58 PM

ਬੈਂਗਲੁਰੂ — ਗੂਗਲ ਪੇ UPI ਜ਼ਰੀਏ ਹੋਣ ਵਾਲੀ ਪੇਮੈਂਟ ਨੂੰ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਬਣਾਉਣਾ ਚਾਹੁੰਦਾ ਹੈ। ਇਸ ਲਈ ਕੰਪਨੀ ਨੇ ਇਸ ਬਾਰੇ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ 'ਚ ਕੰਪਨੀ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਲੋਕ ਇਸ ਪਲੇਟਫਾਰਮ ਤੇ ਜਾਅਲਸਾਜ਼ੀ ਦੀਆਂ ਹੋਣ ਵਾਲੀਆਂ ਘਟਨਾਵਾਂ ਨੂੰ ਰੋਕ ਸਕਦੇ ਹਨ। ਯੂਨੀਫਾਈਡ ਪੇਮੈਂਟਸ ਇੰਟਰਫੇਸ ਯਾਨੀ ਯੂ.ਪੀ.ਆਈ. ਡਿਜੀਟਲ ਤਰੀਕੇ ਨਾਲ ਭੁਗਤਾਨ ਕਰਨ ਦਾ ਇਕ ਤਰੀਕਾ ਹੈ। ਗੂਗਲ ਪੇ ਇਸ ਸੈਗਮੈਂਟ ਦੀ ਪ੍ਰਮੁੱਖ ਕੰਪਨੀ ਹੈ।

  • ਗੂਗਲ ਪੇ ਨੇ ਖਾਸ ਤੌਰ 'ਕੇ ਲੋਕਾਂ ਨੂੰ ਆਪਣਾ ਯੂ.ਪੀ.ਆਈ. ਪਿੰਨ ਗੁਪਤ ਰੱਖਣ ਦੀ ਅਪੀਲ ਕੀਤੀ ਹੈ। 
  • ਇਸ ਦੇ ਨਾਲ ਹੀ ਉਸਨੇ ਲੋਕਾਂ ਨੂੰ ਸਿਰਫ ਭਰੋਸੇਯੋਗ ਐਪਸ ਨੂੰ ਹੀ ਡਾਊਨਲੋਡ ਕਰਨ ਦੀ ਸਲਾਹ ਦਿੱਤੀ ਹੈ। 
  • ਕਸਟਮਰ ਕੇਅਰ ਨਾਲ ਸੰਪਰਕ ਕਰਨ ਲਈ ਖਾਸਤੌਰ ਪੇਮੈਂਟ ਐਪ ਦੀ ਹੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।

ਧੋਖਾਧੜੀ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕੰਪਨੀ ਨੇ ਇਹ ਐਡਵਾਇਜ਼ਰੀ ਜਾਰੀ ਕੀਤੀ ਹੈ।ਇਸ ਕਿਸਮ ਦੀ ਧੋਖਾਧੜੀ 'ਚ ਯੂਪੀਆਈ ਦੀ ਵਰਤੋਂ ਕਰਦਿਆਂ, ਗਾਹਕਾਂ ਦੇ ਬੈਂਕ ਖਾਤਿਆਂ ਵਿਚੋਂ ਵੱਡੀ ਮਾਤਰਾ 'ਚ ਪੈਸੇ ਸਾਫ਼ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ।

ਗੂਗਲ ਪੇ ਦੇ ਡਾਇਰੈਕਟਰ (ਪ੍ਰੋਡਕਟ ਮੈਨੇਜਮੈਂਟ) ਅੰਬਰੀਸ਼ ਕੇਂਘੇ ਨੇ ਕਿਹਾ, 'UPI ਦਾ ਇਸਤੇਮਾਲ ਭਾਰਤ ਵਿਚ ਤੇਜ਼ੀ ਨਾਲ ਵਧ ਰਿਹਾ ਹੈ। ਇਸ ਦੇ ਦਾਇਰੇ 'ਚ ਕਈ ਅਜਿਹੇ ਲੋਕ ਵੀ ਆਏ ਹਨ ਜਿਹੜੇ ਡਿਜੀਟਲ ਭੁਗਤਾਨ ਖੇਤਰ ਲਈ ਨਵੇਂ ਹਨ। ਇਸਦੀ ਸਫਲਤਾ ਲਈ ਉਪਭੋਗਤਾਵਾਂ ਨੂੰ ਸਿੱਖਿਅਤ ਕਰਨਾ ਜ਼ਰੂਰੀ ਹੈ। ਉਨ੍ਹਾਂ ਨੂੰ ਇਹ ਦੱਸਣਾ ਜ਼ਰੂਰੀ ਹੋ ਜਾਂਦਾ ਹੈ ਕਿ ਡਿਜੀਟਲ ਲੈਣ-ਦੇਣ ਕਿਵੇਂ ਸੁਰੱਖਿਅਤ ਢੰਗ ਨਾਲ ਕੀਤਾ ਜਾ ਸਕਦਾ ਹੈ।'

ਇਸ ਸਾਲ ਦੀ ਸ਼ੁਰੂਆਤ 'ਚ ਗੂਗਲ ਨੇ ਡਾਟਾ ਸੁੱਰਖਿਆ ਪਰਿਸ਼ਦ ਦੇ ਨਾਲ ਮਿਲ ਕੇ ਇਕ ਗਾਹਕ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਵਿਚ ਕਈ ਬੈਂਕ ਅਤੇ ਫਿਨਟੈਕ ਕੰਪਨੀਆਂ ਵੀ ਸ਼ਾਮਲ ਸਨ। ਹੁਣੇ ਜਿਹੇ ਜਾਰੀ ਕੀਤੀ ਐਡਵਾਇਜ਼ਰੀ ਉਸਦਾ ਹੀ ਇਕ ਹਿੱਸਾ ਹੈ। ਗੂਗਲ ਪੇ ਨੇ ਦੱਸਿਆ ਕਿ ਆਉਣ ਵਾਲੇ ਮਹੀਨਿਆਂ 'ਚ ਵੀ  ਇਸ ਦਿਸ਼ਾ 'ਚ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੇਗੀ।

ਜੁਲਾਈ 'ਚ ਯੂ.ਪੀ.ਆਈ.(UPI) ਪਲੇਟਫਾਰਮ ਨੇ ਦੱਸਿਆ ਸੀ ਕਿ ਉਹ ਉਪਭੋਗਤਾਵਾਂ ਨੂੰ ਐਸ.ਐਮ.ਐਸ. ਦੇ ਨਾਲ ਐਪ ਨੋਟੀਫਿਕੇਸ਼ਨ ਵੀ ਭੇਜੇਗੀ। ਯੂ.ਪੀ.ਆਈ. ਟ੍ਰਾਂਜੈਕਸ਼ਨ ਦੇ ਵਧਣ ਨਾਲ-ਨਾਲ ਧੋਖਾਧੜੀ ਦੇ ਮਾਮਲੇ ਵੀ ਵਧੇ ਹਨ।

ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਅਨੁਸਾਰ ਅਕਤੂਬਰ 'ਚ ਯੂ.ਪੀ.ਆਈ. ਨੇ ਇਕ ਅਰਬ ਟ੍ਰਾਂਜੈਕਸ਼ਨਸ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਇਸ ਤੋਂ ਇਲਾਵਾ ਯੂਪੀਆਈ ਨੇ ਹਾਲ ਹੀ ਵਿਚ 10 ਕਰੋੜ ਉਪਭੋਗਤਾਵਾਂ ਦੇ ਅੰਕੜੇ ਨੂੰ ਵੀ ਪਾਰ ਕਰ ਲਿਆ ਹੈ।

ਆਰਬੀਆਈ, ਪੇਟੀਐਮ, ਫੋਨ ਪੇ, ਆਈ ਸੀ ਆਈ ਸੀ ਆਈ ਬੈਂਕ, ਸਿਟੀਬੈਂਕ ਅਤੇ ਐਚ ਡੀ ਐਫ ਸੀ ਬੈਂਕ ਉਨ੍ਹਾਂ ਵਿਚੋਂ ਹਨ ਜਿਹੜੇ ਸਮੇਂ-ਸਮੇਂ ਤੇ ਉਪਭੋਗਤਾਵਾਂ ਨੂੰ ਡਿਜੀਟਲ ਭੁਗਤਾਨ ਦੀ ਧੋਖਾਧੜੀ ਬਾਰੇ ਚੇਤਾਵਨੀ ਦਿੰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਐਨ.ਪੀ.ਸੀ.ਆਈ. ਨੇ ਖੇਤਰੀ ਭਾਸ਼ਾਵਾਂ ਵਿਚ ਵੀ ਚੇਤਾਵਨੀ ਜਾਰੀ ਕੀਤੀ ਹੈ। ਯੂ.ਪੀ.ਆਈ. ਪਲੇਟਫਾਰਮ 'ਤੇ ਧੋਖਾਧੜੀ ਦਾ ਕੋਈ ਅਧਿਕਾਰਤ ਅੰਕੜਾ ਨਹੀਂ ਹੈ। ਪਰ ਦੇਸ਼ ਭਰ ਦੇ ਲੋਕਾਂ ਨੇ ਭੁਗਤਾਨ ਦੀ ਧੋਖਾਧੜੀ ਬਾਰੇ ਯੂ.ਪੀ.ਆਈ ਨੂੰ ਸ਼ਿਕਾਇਤ ਕੀਤੀ ਹੈ। 


Related News