ਖੁਸ਼ਖਬਰੀ : ਸੋਮਵਾਰ ਤੋਂ ਕਢਾ ਸਕੋਗੇ ਇੰਨੇ ਹਜ਼ਾਰ ਰੁਪਏ

02/19/2017 12:51:08 PM

ਨਵੀਂ ਦਿੱਲੀ— ਬਚਤ ਖਾਤਾ ਧਾਰਕ 20 ਫਰਵਰੀ ਤੋਂ ਆਪਣੇ ਖਾਤਿਆਂ ''ਚੋਂ ਹਰ ਹਫਤੇ 50 ਹਜ਼ਾਰ ਰੁਪਏ ਕਢਾ ਸਕਣਗੇ। ਪਹਿਲਾਂ ਇਕ ਹਫਤੇ ''ਚ 24 ਹਜ਼ਾਰ ਰੁਪਏ ਹੀ ਕਢਵਾਏ ਜਾ ਸਕਦੇ ਸਨ। ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ 8 ਫਰਵਰੀ ਨੂੰ ਇਸ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਉਸ ਨੇ ਕਿਹਾ ਸੀ ਕਿ ਤਿੰਨ ਹਫਤਿਆਂ ਬਾਅਦ 13 ਮਾਰਚ ਨੂੰ ਹੋਲੀ ਦੇ ਦਿਨ ਤੋਂ ਬਚਤ ਖਾਤਿਆਂ ''ਚੋਂ ਪੈਸੇ ਕਢਾਉਣ ''ਤੇ ਲੱਗੀ ਰੋਕ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਜਾਵੇਗੀ। 

ਚਾਲੂ ਖਾਤਾ, ਓਵਰਡ੍ਰਾਫਟ ਅਤੇ ਕੈਸ਼ ਕ੍ਰੈਡਿਟ ਖਾਤਿਆਂ ''ਚੋਂ ਨਿਕਾਸੀ ਦੀ ਹੱਦ 30 ਜਨਵਰੀ ਨੂੰ ਹੀ ਖਤਮ ਕਰ ਦਿੱਤੀ ਗਈ ਸੀ। ਨਾਲ ਹੀ ਇਕ ਫਰਵਰੀ ਤੋਂ ਏ. ਟੀ. ਐੱਮ. ''ਚੋਂ ਪੈਸੇ ਕਢਵਾਉਣ ਦੀ ਹੱਦ ਵੀ ਖਤਮ ਕਰ ਦਿੱਤੀ ਗਈ ਸੀ ਪਰ ਬਚਤ ਖਾਤਿਆਂ ''ਤੇ 24 ਹਜ਼ਾਰ ਰੁਪਏ ਦੀ ਹੱਦ ਬਰਕਰਾਰ ਰਹਿਣ ਕਾਰਨ ਅਜਿਹੇ ਖਾਤਾ ਧਾਰਕਾਂ ਲਈ ਏ. ਟੀ. ਐੱਮ. ''ਤੇ ਵੀ ਇਹ ਹੱਦ ਜਾਰੀ ਰਹੀ। ਨੋਟਬੰਦੀ ਤੋਂ ਬਾਅਦ ਆਰ. ਬੀ. ਆਈ. ਨੇ ਲੋੜੀਂਦੀ ਮਾਤਰਾ ''ਚ ਨਵੇਂ ਨੋਟ ਬੈਂਕਾਂ ਅਤੇ ਏ. ਟੀ. ਐੱਮ. ''ਚ ਪਹੁੰਚਾਉਣ ਤੋਂ ਪਹਿਲਾਂ ਨਕਦ ਨਿਕਾਸੀ ਦੀ ਹੱਦ ਤੈਅ ਕਰ ਦਿੱਤੀ ਸੀ। ਜਿਵੇਂ-ਜਿਵੇਂ ਨਵੇਂ ਨੋਟਾਂ ਦੀ ਸਪਲਾਈ ਅਤੇ ਅਰਥਵਿਵਸਥਾ ''ਚ ਉਨ੍ਹਾਂ ਦਾ ਪ੍ਰਚਲਨ ਵਧਦਾ ਜਾ ਰਿਹਾ ਹੈ, ਆਰ. ਬੀ. ਆਈ. ਨਕਦ ਨਿਕਾਸੀ ''ਤੇ ਲਾਈ ਗਈ ਰੋਕ ''ਚ ਢਿੱਲ ਦਿੰਦਾ ਜਾ ਰਿਹਾ ਹੈ ਅਤੇ 13 ਮਾਰਚ ਤੋਂ ਇਹ ਰੋਕ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਜਾਵੇਗੀ।


Related News