ਪਾਮ ਆਇਲ ਸੰਕਟ ਕਾਰਨ ਵਧੀਆਂ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ, ਜਾਣੋ ਕੀ ਹੈ ਕਾਰਨ

Sunday, Apr 10, 2022 - 10:59 AM (IST)

ਪਾਮ ਆਇਲ ਸੰਕਟ ਕਾਰਨ ਵਧੀਆਂ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ, ਜਾਣੋ ਕੀ ਹੈ ਕਾਰਨ

ਨਵੀਂ ਦਿੱਲੀ (ਬਿਜ਼ਨੈੱਸ ਡੈਸਕ) – ਰੂਸ ਅਤੇ ਯੂਕ੍ਰੇਨ ਦਰਮਿਆਨ ਚੱਲ ਰਹੀ ਜੰਗ ਕਾਰਨ ਸੂਰਜਮੁਖੀ ਦੇ ਤੇਲ, ਸੋਇਆਬੀਨ ਦੇ ਤੇਲ ਅਤੇ ਹੋਰ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ’ਚ ਪਹਿਲਾਂ ਹੀ ਵਾਧਾ ਚੱਲ ਰਿਹਾ ਸੀ। ਇਸ ਦਰਮਿਆਨ ਪਾਮ ਆਇਲ ਦੇ ਸਭ ਤੋਂ ਵੱਡੇ ਉਤਪਾਦਕ ਅਤੇ ਬਰਾਮਦਕਾਰ ਇੰਡੋਨੇਸ਼ੀਆ ’ਚ ਚੱਲ ਰਿਹਾ ਪਾਮ ਆਇਲ ਸੰਕਟ ਇਸ ਦੀਆਂ ਕੀਮਤਾਂ ’ਚ ਹੋਰ ਅੱਗ ਲਗਾ ਰਿਹਾ ਹੈ। ਇੰਡੋਨੇਸ਼ੀਆ ਪਾਮ ਆਇਲ ਦਾ ਸਭ ਤੋਂ ਵੱਡਾ ਉਤਪਾਦਕ ਅਤੇ ਬਰਾਮਦਕਾਰ ਦੇਸ਼ ਹੈ ਪਰ ਪਿਛਲੇ ਕੁੱਝ ਸਮੇਂ ਤੋਂ ਇਸ ਦੀ ਕਮੀ ਨਾਲ ਜੂਝ ਰਿਹਾ ਹੈ। ਉੱਥੇ ਹੀ ਇਸ ਕਾਰੋਬਾਰ ਨਾਲ ਜੁੜੇ ਲੋਕਾਂ ਨੇ ਸਰਕਾਰ ਨੂੰ ਇਸ ਦੀ ਸ਼ਿਪਮੈਂਟ ’ਤੇ ਕੀਮਤ ਕੰਟਰੋਲ ਅਤੇ ਕੁੱਝ ਪਾਬੰਦੀਆਂ ਨੂੰ ਲਾਗੂ ਕਰਨ ਦੀ ਮੰਗ ਕੀਤੀ ਹੈ। ਇਸ ਸੈਕਟਰ ’ਚ ਇੰਡੋਨੇਸ਼ੀਆ ਕਿੰਨਾ ਵੱਡਾ ਖਿਡਾਰੀ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅਮਰੀਕੀ ਖੇਤੀਬਾੜੀ ਵਿਭਾਗ (ਯੂ. ਐੱਸ. ਡੀ. ਏ.) ਨੇ 2021-22 (ਅਕਤੂਬਰ-ਸਤੰਬਰ) ਲਈ ਇੰਡੋਨੇਸ਼ੀਆ ਦੇ ਪਾਮ ਤੇਲ ਉਤਪਾਦਨ ਦਾ ਅਨੁਮਾਨ 45.5 ਮਿਲੀਅਨ ਟਨ ਲਗਾਇਆ ਹੈ। ਇਹ ਕੁੱਲ ਕੌਮਾਂਤਰੀ ਉਤਪਾਦਨ ਦਾ ਲਗਭਗ 60 ਫੀਸਦੀ ਹੈ ਅਤੇ ਇਹ ਅੰਕੜਾ ਦੂਜੇ ਸਭ ਤੋਂ ਵੱਡੇ ਉਤਪਾਦਕ ਮਲੇਸ਼ੀਆ (18.7 ਮਿਲੀਅਨ ਟਨ) ਤੋਂ ਕਈ ਗੁਣਾ ਅੱਗੇ ਹੈ। ਇੰਡੋਨੇਸ਼ੀਆ ਦੀ ਬਾਦਸ਼ਾਹਤ ਕਮੋਡਿਟੀ ’ਚ ਵੀ ਹੈ ਅਤੇ ਉਹ 29 ਮਿਲੀਅਨ ਟਨ ਨਾਲ ਕਮੋਡਿਟੀ ’ਚ ਵੀ ਨੰਬਰ 1 ’ਤੇ ਹੈ।

ਇਹ ਵੀ ਪੜ੍ਹੋ : ਭਾਰਤ ਸਰਕਾਰ ਦੀ ਵੱਡੀ ਕਾਰਵਾਈ, ਪਾਕਿਸਤਾਨ ਦੇ 4 ਯੂਟਿਊਬ ਚੈਨਲਾਂ ਸਮੇਤ 22 ਨੂੰ ਕੀਤਾ ਬਲਾਕ

ਇੰਝ ਵਧਦੀਆਂ ਗਈਆਂ ਕੀਮਤਾਂ

ਮਾਰਚ 2021 ਅਤੇ ਮਾਰਚ 2022 ਦਰਮਿਆਨ ਇੰਡੋਨੇਸ਼ੀਆ ਨੇ ਬ੍ਰਾਂਡੇਡ ਕੁਕਿੰਗ ਆਇਲ ਸਰਪਿਲ ਦੀਆਂ ਘਰੇਲੂ ਕੀਮਤਾਂ ਨੂੰ ਕਰੀਬ 14,000 ਇੰਡੋਨੇਸ਼ੀਆਈ ਰੁਪਇਆ (ਆਈ. ਡੀ. ਆਰ.) ਤੋਂ 22,000 ਆਈ. ਡੀ. ਆਰ. ਪ੍ਰਤੀ ਲਿਟਰ ਤੱਕ ਦੇਖਿਆ ਹੈ। ਸਰਕਾਰ ਨੇ ਪ੍ਰੀਮੀਅਮ 1,2 ਜਾਂ 5 ਲਿਟਰ ਪੈਕ ਲਈ 13,500 ਇੰਡੋਨੇਸ਼ੀਆਈ ਰੁਪਇਆ ਕੀਮਤ ਤੈਅ ਕੀਤੀ ਸੀ। ਹਾਲਾਂਕਿ ਖਪਤਕਾਰਾਂ ਦੇ ਇਕ ਜਾਂ ਦੋ ਪੈਕ ਲਈ ਘੰਟਿਆਂ ਬੱਧੀ ਲਾਈਨ ’ਚ ਲੱਗਣ ਦੀ ਖਬਰ ਆਉਂਦੇ ਹੀ ਇਸ ਦੀ ਕੀਮਤ ਹੋਰ ਵਧਣ ਲੱਗੀ।

ਕੀ ਹੈ ਸੰਕਟ ਦਾ ਕਾਰਨ?

ਖਾਣ ਵਾਲੇ ਹੋਰ ਤੇਲਾਂ ਜਿਵੇਂ-ਸਲਫਲਾਵਰ ਅਤੇ ਸੋਇਆਬੀਨ ਆਇਲ ਦੀ ਗੱਲ ਕਰੀਏ ਤਾਂ ਇਸ ਦੇ ਉਤਪਾਦਨ ਲਈ ਯੂਕ੍ਰੇਨ ਅਤੇ ਰੂਸ ਵੱਡੇ ਨਾਂ ਹਨ। ਇਹ ਕੌਮਾਂਤਰੀ ਬਾਜ਼ਾਰ ਦਾ ਕਰੀਬ 80 ਫੀਸਦੀ ਉਤਪਾਦਨ ਕਰਦੇ ਹਨ ਪਰ ਰੂਸ ਅਤੇ ਯੂਕ੍ਰੇਨ ਦਰਮਿਆਨ 24 ਫਰਵਰੀ ਤੋਂ ਸ਼ੁਰੂ ਹੋਈ ਜੰਗ ਕਾਰਨ ਇਸ ਦੀ ਸਪਲਾਈ ਇਨ੍ਹਾਂ ਦੋਹਾਂ ਦੇਸ਼ਾਂ ਤੋਂ ਠੱਪ ਹੋ ਗਈ ਹੈ, ਅਜਿਹੇ ’ਚ ਇਨ੍ਹਾਂ ਦੀਆਂ ਕੀਮਤਾਂ ’ਚ ਕਾਫੀ ਵਾਧਾ ਹੋਇਆ ਹੈ। ਇਸ ਸੰਕਟ ਦਾ ਦੂਜਾ ਵੱਡਾ ਕਾਰਨ ਦੱਖਣੀ ਅਮਰੀਕਾ ਤੋਂ ਨਿਕਲ ਕੇ ਆਉਂਦਾ ਹੈ। ਦਰਅਸਲ ਦੱਖਣੀ ਅਮਰੀਕਾ ’ਚ ਖੁਸ਼ਕ ਮੌਸਮ ਕਾਰਨ ਸੋਇਆਬੀਨ ਆਇਲ ਦੀ ਸਪਲਾਈ ਪ੍ਰਭਾਵਿਤ ਹੈ। ਯੂ. ਐੱਸ. ਡੀ. ਏ. ਨੇ 2021-22 ਲਈ ਬ੍ਰਾਜ਼ੀਲ, ਅਰਜਨਟੀਨਾ ਅਤੇ ਪਰਾਗਵੇ ਦੇ ਸੰਯੁਕਤ ਸੋਇਆਬੀਨ ਉਤਪਾਦਨ ’ਚ 9.4 ਫੀਸਦੀ ਦੀ ਗਿਰਾਵਟ ਦਾ ਅਨੁਮਾਨ ਲਗਾਇਆ ਹੈ।

ਇਹ ਵੀ ਪੜ੍ਹੋ : ਮਾਰੂਤੀ ਸੁਜ਼ੂਕੀ ਦੇ ਗਾਹਕਾਂ ਨੂੰ ਲੱਗ ਸਕਦੈ ਵੱਡਾ ਝਟਕਾ, ਕੀਮਤਾਂ ਵਧਾਉਣ ਦੀ ਰੌਂਅ 'ਚ ਕੰਪਨੀ

ਬਾਇਓਡੀਜ਼ਲ ਵਜੋਂ ਇਸਤੇਮਾਲ

ਇੰਡਨੇਸ਼ੀਆ ਦੀ ਸਰਕਾਰ ਨੇ 2020 ’ਚ ਜੈਵਿਕ ਬਾਲਣ ਦੀ ਦਰਾਮਦ ਨੂੰ ਘੱਟ ਕਰਨ ਦੇ ਮਕਸਦ ਨਾਲ ਪਾਮ ਆਇਲ ਦੇ ਨਾਲ ਡੀਜ਼ਲ ਦੇ 30 ਫੀਸਦੀ ਹਿੱਸੇ ਨੂੰ ਮਿਲਾਉਣਾ ਲਾਜ਼ਮੀ ਕਰ ਦਿੱਤਾ ਸੀ। ਅਜਿਹੇ ’ਚ ਇਸ ਦੀ ਵਰਤੋਂ ਈਂਧਨ ਵਜੋਂ ਤੇਜ਼ੀ ਨਾਲ ਹੋਣ ਲੱਗੀ। ਇਸ ਨਾਲ ਉੱਥੇ ਪਾਮ ਆਇਲ ਦੀ ਘਰੇਲੂ ਖਪਤ 17.1 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ, ਜਿਸ ’ਚੋਂ 7.5 ਮਿਲੀਅਨ ਟਨ ਬਾਇਓ-ਡੀਜ਼ਲ ਲਈ ਅਤੇ ਬਾਕੀ 9.6 ਮਿਲੀਅਨ ਟਨ ਘਰੇਲੂ ਅਤੇ ਹੋਰ ਵਰਤੋਂ ਲਈ ਹੈ।

ਭਾਰਤ ’ਤੇ ਕਿਵੇਂ ਹੋਵੇਗਾ ਅਸਰ?

ਪਾਮ ਆਇਲ ਸੰਕਟ ਦਾ ਭਾਰਤ ’ਤੇ ਵਿਆਪਕ ਅਸਰ ਪਵੇਗਾ। ਦਰਅਸਲ ਇੰਡੀਆ ਦੁਨੀਆ ਦਾ ਸਭ ਤੋਂ ਵੱਡਾ ਵਨਸਪਤੀ ਤੇਲ ਦਰਾਮਦਕਾਰ ਦੇਸ਼ ਹੈ। ਭਾਰਤ ਸਾਲ ’ਚ 14-15 ਮਿਲੀਅਨ ਟਨ ਦਰਾਮਦ ਕਰਦਾ ਹੈ। ਇਸ ’ਚ ਪਾਮ ਆਇਲ ਦਾ ਹਿੱਸਾ 8-9 ਮਿਲੀਅਨ ਟਨ ਹੈ। ਇਸ ਤੋਂ ਬਾਅਦ ਸੋਇਆਬੀਨ ਤੇਲ ਦੀ ਦਰਾਮਦ ਦੀ ਮਾਤਰਾ 3-3.5 ਮਿਲੀਅਨ ਟਨ ਅਤੇ ਸਨਫਲਾਵਰ ਆਇਲ ਦੀ ਦਰਾਮਦ ਦੀ ਮਾਤਰਾ 2.5 ਮਿਲੀਅਨ ਟਨ ਹੈ। ਇੰਡੋਨੇਸ਼ੀਆ ਪਾਮ ਆਇਲ ਦੇ ਮਾਮਲੇ ’ਚ ਭਾਰਤ ਦਾ ਚੋਟੀ ਦਾ ਸਪਲਾਈਕਰਤਾ ਦੇਸ਼ ਹੈ। ਅਜਿਹੇ ’ਚ ਜੇ ਉੱਥੇ ਸੰਕਟ ਹੈ ਤਾਂ ਇਸ ਦਾ ਅਸਰ ਸਪੱਸ਼ਟ ਤੌਰ ’ਤੇ ਭਾਰਤ ’ਤੇ ਵੀ ਪਵੇਗਾ।

ਇਹ ਵੀ ਪੜ੍ਹੋ : Intel ਦੇ CEO ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News