ਕੁਝ ਮਹੀਨਿਆਂ ''ਚ ਚੰਗਾ ਅਤੇ ਸਰਲ ਟੈਕਸ ਬਣ ਜਾਵੇਗਾ ਜੀ. ਐੱਸ. ਟੀ. : ਸ਼ੁਕਲਾ
Thursday, Nov 30, 2017 - 03:59 AM (IST)
ਕੋਲਕਾਤਾ— ਵਿੱਤ ਰਾਜ ਮੰਤਰੀ ਸ਼ਿਵ ਪ੍ਰਤਾਪ ਸ਼ੁਕਲਾ ਨੇ ਕਿਹਾ ਕਿ ਵਸਤੂ ਅਤੇ ਸੇਵਾਕਰ (ਜੀ. ਐੱਸ. ਟੀ.) ਕੁਝ ਮਹੀਨਿਆਂ 'ਚ ਚੰਗਾ ਅਤੇ ਸਰਲ ਟੈਕਸ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਜੀ. ਐੱਸ. ਟੀ. ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕਰਨ 'ਚ ਲੱਗੀ ਹੋਈ ਹੈ। ਇੱਥੇ ਮਰਚੈਂਟ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ 116ਵੇਂ ਸਾਲਾਨਾ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਸ਼ੁਕਲਾ ਨੇ ਕਿਹਾ ਕਿ ਮਾਰਚ ਤੱਕ ਜੀ. ਐੱਸ. ਟੀ. ਕਾਫੀ ਆਸਾਨ ਟੈਕਸ ਹੋਵੇਗਾ ਅਤੇ ਇਸ ਨੂੰ ਬੱਚੇ ਵੀ ਸਮਝ ਸਕਣਗੇ।
ਸ਼ੁਕਲਾ ਨੇ ਕਿਹਾ ਕਿ ਸਿੰਗਾਪੁਰ ਵਰਗੇ ਦੇਸ਼ਾਂ 'ਚ ਵੀ ਜੀ. ਐੱਸ. ਟੀ. ਨੂੰ ਸਥਿਰ ਹੋਣ 'ਚ 4 ਸਾਲ ਦਾ ਸਮਾਂ ਲੱਗਾ। ਮੈਨੂੰ ਮਾਣ ਹੈ ਕਿ ਸਾਡੀ ਸਰਕਾਰ ਨੇ ਇਨ੍ਹਾਂ ਮੁੱਦਿਆਂ 'ਤੇ ਤੇਜ਼ੀ ਨਾਲ ਪ੍ਰਤੀਕਿਰਿਆ ਦਿੱਤੀ। ਗੁਹਾਟੀ ਬੈਠਕ ਤੋਂ ਬਾਅਦ ਕਈ ਵਸਤੂਆਂ 'ਤੇ ਜੀ. ਐੱਸ. ਟੀ. ਦੀ ਦਰ ਨੂੰ 28 ਤੋਂ ਘਟਾ ਕੇ 18 ਫੀਸਦੀ ਕੀਤਾ ਗਿਆ ਹੈ, ਜਿਸ ਨਾਲ ਕਾਰੋਬਾਰੀਆਂ 'ਚ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਰਿਟਰਨ ਨੂੰ ਸਰਲ ਬਣਾਉਣ ਲਈ ਮਹੀਨਾਵਾਰ ਰਿਟਰਨ ਨੂੰ ਬਦਲ ਕੇ ਤਿਮਾਹੀ ਕੀਤਾ ਗਿਆ ਹੈ। ਇਕ ਸਵਾਲ ਦੇ ਜਵਾਬ 'ਚ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਧਿਆਨ ਸੂਖਮ, ਛੋਟੇ ਤੇ ਦਰਮਿਆਨੇ ਅਦਾਰਿਆਂ 'ਤੇ ਹੈ। ਬੈਂਕਾਂ 'ਚ ਪੂੰਜੀ ਪਾਉਣ ਦੇ ਬਾਰੇ 'ਚ ਸ਼ੁਕਲਾ ਨੇ ਕਿਹਾ ਕਿ ਇਹ ਇਕ ਰੈਗੂਲਰ ਪ੍ਰਕਿਰਿਆ ਹੈ।
ਬਰਾਮਦਕਾਰਾਂ ਨੇ 6,500 ਕਰੋੜ ਦੇ ਰੀਫੰਡ ਦਾ ਬਿਨੈ ਕੀਤਾ : ਵਿੱਤ ਮੰਤਰਾਲਾ
ਨਵੀਂ ਦਿੱਲੀ : ਵਸਤੂ ਅਤੇ ਸੇਵਾਕਰ (ਜੀ. ਐੱਸ. ਟੀ.) ਦੇ ਲਾਗੂ ਹੋਣ ਤੋਂ ਬਾਅਦ ਬਰਾਮਦਕਾਰਾਂ ਨੇ ਪਹਿਲੇ ਚਾਰ ਮਹੀਨਿਆਂ (ਜੁਲਾਈ-ਅਕਤੂਬਰ) 'ਚ 6,500 ਕਰੋੜ ਰੁਪਏ ਦੇ ਰੀਫੰਡ ਲਈ ਬਿਨੈ ਕੀਤਾ ਹੈ। ਵਿੱਤ ਮੰਤਰਾਲਾ ਨੇ ਅੱਜ ਇਹ ਜਾਣਕਾਰੀ ਦਿੱਤੀ। ਉਸ ਨੇ ਬਰਾਮਦਕਾਰਾਂ ਨੂੰ ਕਿਹਾ ਕਿ ਹੈ ਜੇਕਰ ਉਹ ਆਪਣੇ ਦਾਅਵਿਆਂ ਦਾ ਜਲਦ ਨਿਪਟਾਰਾ ਚਾਹੁੰਦੇ ਹਨ ਤਾਂ ਰੀਫੰਡ ਨੂੰ ਉੱਚਿਤ ਫਾਰਮ ਤੇ ਨਾਲ ਮਾਲ ਦੇ ਬਿੱਲ ਦੀ ਕਾਪੀ ਲਾਉਣ। ਇਸ ਤੋਂ ਇਲਾਵਾ ਕੰਪਨੀਆਂ ਨੂੰ ਕਿਹਾ ਗਿਆ ਹੈ ਕਿ ਉਹ ਅਗਸਤ ਲਈ ਆਖਰੀ ਵਿਕਰੀ ਰਿਟਰਨ ਜੀ. ਐੱਸ. ਟੀ. ਆਰ.-1 ਨੂੰ ਜੀ. ਐੱਸ. ਟੀ. ਨੈੱਟਵਰਕ ਦੇ ਪੋਰਟਲ 'ਤੇ 4 ਦਸੰਬਰ ਤੋਂ ਅਪਲੋਡ ਕਰ ਸਕਦੇ ਹਨ।
