ਗੋਲਡਮੈਨ ਸਾਕਸ ਨੇ ਘਟਾਇਆ ਭਾਰਤ ਦੇ GDP ਵਾਧੇ ਦਾ ਅੰਦਾਜ਼ਾ, 6.7 ਫੀਸਦੀ ਰਹੇਗੀ ਆਰਥਿਕ ਵਿਕਾਸ ਦਰ

Sunday, Aug 25, 2024 - 12:00 PM (IST)

ਨਵੀਂ ਦਿੱਲੀ (ਇੰਟ.) - ਗੋਲਡਮੈਨ ਸਾਕਸ ਗਰੁੱਪ ਨੇ ਸਾਲ 2024-25 ਲਈ ਭਾਰਤ ਦੇ ਜੀ. ਡੀ. ਪੀ. ਅੰਦਾਜ਼ੇ ਨੂੰ ਘਟਾਉਣ ਦਾ ਫੈਸਲਾ ਕੀਤਾ ਹੈ। ਬੈਂਕ ਨੇ ਇਹ ਫੈਸਲਾ ਸਰਕਾਰ ਦੇ ਖਰਚਿਆਂ ’ਚ ਕਮੀ ਕਾਰਨ ਲਿਆ ਹੈ। ਗੋਲਡਮੈਨ ਸਾਕਸ ਨੇ 20 ਆਧਾਰ ਅੰਕਾਂ ਦੀ ਕਟੌਤੀ ਕਰਦੇ ਹੋਏ 2024 ’ਚ ਜੀ. ਡੀ. ਪੀ. ਦੇ 6.7 ਫੀਸਦੀ ਰਹਿਣ ਦਾ ਅੰਦਾਜ਼ਾ ਪ੍ਰਗਟਾਇਆ ਹੈ।

ਗੋਲਡਮੈਨ ਸਾਕਸ ਨੇ ਅਗਲੇ ਕੈਲੰਡਰ ਸਾਲ 2025 ਲਈ ਆਪਣੇ ਜੀ. ਡੀ. ਪੀ. ਅੰਦਾਜ਼ੇ ਨੂੰ ਘਟਾ ਦਿੱਤਾ ਹੈ ਅਤੇ ਬੈਂਕ ਦਾ ਮੰਨਣਾ ਹੈ ਕਿ ਅਗਲੇ ਸਾਲ 6.4 ਫੀਸਦੀ ਦੀ ਦਰ ਨਾਲ ਭਾਰਤੀ ਅਰਥਵਿਵਸਥਾ ਵਾਧਾ ਦਰਜ ਕਰੇਗੀ।

ਬੈਂਕ ਦੇ ਅਰਥਸ਼ਾਸਤਰੀ ਸ਼ਾਂਤਨੂੰ ਸੇਨਗੁਪਤਾ ਨੇ ਆਪਣੀ ਰਿਪੋਰਟ ’ਚ ਲਿਖਿਆ ਕਿ ਮੌਜੂਦਾ ਸਾਲ ’ਚ ਜੀ. ਡੀ. ਪੀ. ਅੰਦਾਜ਼ੇ ’ਚ ਕਟੌਤੀ ਅਪ੍ਰੈਲ-ਜੂਨ ਤਿਮਾਹੀ ’ਚ ਲੰਬੇ ਸਮੇਂ ਤੱਕ ਚੱਲੀਆਂ ਲੋਕ ਸਭਾ ਚੋਣਾਂ ਦੌਰਾਨ ਸਰਕਾਰ ਦੇ ਖਰਚੇ ’ਚ ਸਾਲ-ਦਰ-ਸਾਲ ਆਈ 35 ਫੀਸਦੀ ਦੀ ਕਮੀ ਕਾਰਨ ਲਿਆ ਗਿਆ ਹੈ। ਅਗਲੇ ਸਾਲ ਵਾਧਾ ਦਰ ’ਤੇ ਇਸ ਲਈ ਅਸਰ ਪਵੇਗਾ ਕਿਉਂਕਿ ਸਰਕਾਰ ਦੇ ਬਜਟ ’ਚ ਵਿੱਤੀ ਘਾਟੇ ਨੂੰ ਜੀ. ਡੀ. ਪੀ. ਦੇ 4.5 ਫੀਸਦੀ ਤੱਕ ਲਿਆਉਣ ਦਾ ਟੀਚਾ ਰੱਖਿਆ ਹੈ।

ਬੈਂਕ ਦੇ ਅਰਥਸ਼ਾਸਤਰੀਆਂ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਦੇ ਅਸੁਰੱਖਿਅਤ ਕਰਜ਼ੇ ’ਤੇ ਸਖਤੀ ਕਾਰਨ ਘਰੇਲੂ ਕਰਜ਼ਾ ਲੈਣ ਦੀ ਰਫਤਾਰ ਮੱਠੀ ਪੈ ਜਾਵੇਗੀ, ਜਿਸ ਕਾਰਨ ਖਪਤ ’ਚ ਕਮੀ ਆ ਸਕਦੀ ਹੈ ਅਤੇ ਇਸ ਦਾ ਅਸਰ ਅਰਥਵਿਵਸਥਾ ’ਤੇ ਦੇਖਣ ਨੂੰ ਮਿਲ ਸਕਦਾ ਹੈ।

ਹਾਲਾਂਕਿ ਗੋਲਡਮੈਨ ਸਾਕਸ ਨੇ ਦਸੰਬਰ 2024 ਤੋਂ ਭਾਰਤੀ ਰਿਜ਼ਰਵ ਬੈਂਕ ਵੱਲੋਂ ਨੀਤੀਗਤ ਦਰਾਂ ’ਚ ਕਟੌਤੀ ਦੀ ਉਮੀਦ ਪ੍ਰਗਟਾਈ ਹੈ, ਜਿਸ ਨਾਲ ਜੀ. ਡੀ. ਪੀ. ਵਾਧਾ ਦਰ ’ਚ ਅਗਲੇ ਸਾਲ ਹੋਣ ਵਾਲੀ ਕਮੀ ਨੂੰ ਕੁੱਝ ਹੱਦ ਤੱਕ ਟਾਲਿਆ ਜਾ ਸਕੇਗਾ।

ਗੋਲਡਮੈਨ ਸਾਕਸ ਨੇ 2024 ’ਚ ਜੀ. ਡੀ. ਪੀ. ਵਾਧਾ ਦਰ ਦੇ ਅੰਦਾਜ਼ੇ ਨੂੰ ਘਟਾ ਕੇ 6.7 ਫੀਸਦੀ ਕਰ ਦਿੱਤਾ ਹੈ, ਜਦੋਂ ਕਿ ਆਰ. ਬੀ. ਆਈ. ਨੇ 8 ਅਗਸਤ 2024 ਨੂੰ ਮਾਨੇਟਰੀ ਪਾਲਿਸੀ ਦਾ ਐਲਾਨ ਕਰਦੇ ਹੋਏ ਵਿੱਤੀ ਸਾਲ 2024-25 ’ਚ ਜੀ. ਡੀ. ਪੀ. ਦੇ 7.2 ਫੀਸਦੀ ਰਹਿਣ ਦਾ ਅੰਦਾਜ਼ਾ ਪ੍ਰਗਟਾਇਆ ਹੈ, ਜਦੋਂ ਕਿ 2025-26 ਦੀ ਪਹਿਲੀ ਤਿਮਾਹੀ ’ਚ 7.1 ਫੀਸਦੀ ਜੀ. ਡੀ. ਪੀ. ਰਹਿਣ ਦਾ ਅੰਦਾਜ਼ਾ ਪ੍ਰਗਟਾਇਆ ਗਿਆ ਹੈ, ਜਦੋਂ ਕਿ ਬਜਟ ਤੋਂ ਪਹਿਲਾਂ 2023-24 ਦੇ ਪੇਸ਼ ਹੋਏ ਆਰਥਿਕ ਸਰਵੇਖਣ ’ਚ ਵਿੱਤੀ ਸਾਲ 2024-25 ’ਚ ਜੀ. ਡੀ. ਪੀ. 6.5-7 ਫੀਸਦੀ ਰਹਿਣ ਦਾ ਅੰਦਾਜ਼ਾ ਪ੍ਰਗਟਾਇਆ ਗਿਆ ਹੈ।


Harinder Kaur

Content Editor

Related News