ਗੋਲਡਮੈਨ ਸਾਕਸ ਨੇ ਘਟਾਇਆ ਭਾਰਤ ਦਾ GDP ਅਨੁਮਾਨ
Tuesday, Nov 22, 2022 - 12:15 PM (IST)
ਨਵੀਂ ਦਿੱਲੀ (ਇੰਟ.) – ਇੰਟਰਨੈਸ਼ਨਲ ਰੇਟਿੰਗ ਏਜੰਸੀ ਗੋਲਡਮੈਨ ਸਾਕਸ ਨੇ ਭਾਰਤ ਦੀ ਆਰਥਿਕ ਵਿਕਾਸ ਦਰ ’ਚ ਕਟੌਤੀ ਕੀਤੀ ਹੈ। ਇਸ ਏਜੰਸੀ ਨੇ ਅਗਲੇ ਸਾਲ ਭਾਰਤ ਦੇ ਆਰਥਿਕ ਵਿਕਾਸ ’ਚ ਸੁਸਤੀ ਰਹਿਣ ਦਾ ਅਨੁਮਾਨ ਲਗਾਇਆ ਹੈ। ਕੋਰੋਨਾ ਮਹਾਮਾਰੀ ਤੋਂ ਬਾਅਦ ਉੱਚ ਉਧਾਰ ਲਾਗਤ ਅਤੇ ਖਪਤਕਾਰ ਮੰਗ ਪ੍ਰਭਾਵਿਤ ਹੋਣ ਵਰਗੇ ਕਾਰਣਾਂ ਦਾ ਹਵਾਲਾ ਦਿੰਦੇ ਹੋਏ ਇਹ ਅਨੁਮਾਨ ਲਗਾਇਆ ਹੈ। ਗੋਲਡਮੈਨ ਸਾਕਸ ਨੇ ਅਗਲੇ ਵਿੱਤੀ ਸਾਲ ’ਚ ਭਾਰਤ ਦੀ ਜੀ. ਡੀ. ਪੀ. ਦਾ ਅਨੁਮਾਨ ਘਟਾ ਕੇ 5.9 ਫੀਸਦੀ ਕਰ ਦਿੱਤਾ ਹੈ। ਗੋਲਡਮੈਨ ਸਾਕਸ ਨੇ ਇਕ ਰਿਪੋਰਟ ’ਚ ਕਿਹਾ ਕਿ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਵਿੱਤੀ ਸਾਲ 2023 ’ਚ ਇਸ ਸਾਲ ਅਨੁਮਾਨਿਤ 6.9 ਤੋਂ ਘਟ ਕੇ 5.9 ਫੀਸਦੀ ਰਹਿ ਸਕਦੀ ਹੈ। ਪਹਿਲੀ ਛਿਮਾਹੀ ’ਚ ਮੰਦੀ, ਦੂਜੀ ’ਚ ਆਵੇਗੀ ਤੇਜ਼ੀ ਗੋਲਡਮੈਨ ਸਾਕਸ ਅਰਥਸ਼ਾਸਤਰੀਆਂ ਨੇ ਰਿਪੋਰਟ ’ਚ ਕਿਹਾ ਕਿ ਅਗਲੇ ਵਿੱਤੀ ਸਾਲਦੀ ਪਹਿਲੀ ਛਿਮਾਹੀ ’ਚ ਭਾਰਤ ਦੀ ਅਰਥਵਿਵਸਥਾ ਹੌਲੀ ਰਹਿ ਸਕਦੀ ਹੈ।
ਹਾਲਾਂਕਿ ਦੂਜੀ ਛਿਮਾਹੀ ’ਚ ਵਿਕਾਸ ਦਰ ’ਚ ਮੁੜ ਤੇਜ਼ੀ ਆਉਣ ਦੀ ਸੰਭਾਵਨਾ ਰਹੇਗੀ ਕਿਉਂਕਿ ਗਲੋਬਲ ਪੱਧਰ ’ਤੇ ਹਾਲਾਤ ਠੀਕ ਹੋਣਗੇ। ਏਜੰਸੀ ਨੂੰ ਲਗਦਾ ਹੈ ਕਿ ਰਿਟੇਲ ਮਹਿੰਗਾਈ ਵੀ ਇਸ ਸਾਲ ਅਨੁਮਾਨਿਤ 6.8 ਫੀਸਦੀ ਦੇ ਮੁਕਾਬਲੇ ਅਗਲੇ ਸਾਲ 6.1 ਫੀਸਦੀ ਤੱਕ ਘੱਟ ਹੋ ਜਾਏਗੀ। ਵਧਦੀ ਮਹਿੰਗਾਈ ਕਾਰਨ ਵਿਆਜ ਦਰ ਵਧਣ ਦੀ ਸੰਭਾਵਨਾ ਗੋਲਡਮੈਨ ਸਾਕਸ ਦੇ ਅਰਥਸ਼ਾਸਤਰੀਆਂ ਨੇ ਦੱਸਿਆ ਕਿ ਮਹਿੰਗਾਈ ਦੇ ਉੱਪਰ ਰਹਿਣ ਦੇ ਜੋਖਮ ਦਾ ਮਤਲਬ ਹੈ ਕਿ ਭਾਰਤੀ ਰਿਜ਼ਰਵ ਬੈਂਕ ਦਸੰਬਰ ’ਚ ਬੈਂਚਮਾਰਕ ਵਿਆਜ ਦਰ ’ਚ 50 ਆਧਾਰ ਅੰਕ ਅਤੇ ਫਰਵਰੀ ’ਚ ਹੋਰ 35 ਆਧਾਰ ਅੰਕ ਦਾ ਵਾਧਾ ਕਰੇਗਾ ਜੋ 6.75 ਫੀਸਦੀ ਦੀ ਟਰਮੀਨਲ ਦਰ ’ਤੇ ਪਹੁੰਚ ਜਾਏਗਾ ਜੋ ਹਾਲੇ 5.9 ਫੀਸਦੀ ਹੈ। ਦੱਸ ਦਈਏ ਕਿ ਮਹਿੰਗਾਈ ਦੀ ਦਰ ਪਿਛਲੇ 10 ਮਹੀਨਿਆਂ ਤੋਂ ਭਾਰਤੀ ਰਿਜ਼ਰਵ ਬੈਂਕ ਦੇ 6 ਫੀਸਦੀ ਤੋਂ ਉੱਪਰ ਬਣੀ ਹੋਈ ਹੈ। ਗੋਲਡਮੈਨ ਸਾਕਸ ਮੁਤਾਬਕ ਜੀ. ਡੀ. ਪੀ. ਡਾਟਾ ਉਮੀਦਾਂ ਤੋਂ ਕਾਫੀ ਘੱਟ ਸੀ।
ਕੁੱਲ ਘਰੇਲੂ ਉਤਪਾਦ ਦੀ ਵਿਕਾਸ ਦਰ ਘਟ ਕੇ ਤਿਮਾਹੀ ਦਰ ਤਿਮਾਹੀ ਦੇ ਆਧਾਰ ’ਤੇ -3.3 ਫੀਸਦੀ ਹੋ ਗਈ ਜਦ ਕਿ ਜਨਵਰੀ-ਮਾਰਚ ਦੀ ਮਿਆਦ ’ਚ ਇਸ ’ਚ 0.5 ਫੀਸਦੀ ਦਾ ਵਾਧਾ ਹੋਇਆ ਸੀ। ਕ੍ਰਿਸਿਲ, ਇਕਰਾ ਨੇ ਵੀ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਘਟਾਇਆ ਰੇਟਿੰਗ ਏਜੰਸੀਆਂ ਕ੍ਰਿਸਿਲ ਅਤੇ ਇਕਰਾ ਨੇ ਚਾਲੂ ਵਿੱਤੀ ਸਾਲ 2022-23 ਅਤੇ ਦੂਜੀ ਤਿਮਾਹੀ (ਜੁਲਾਈ-ਸਤੰਬਰ) ਲਈ ਭਾਰਤ ਦੇ ਵਾਧਾ ਦਰ ਦੇ ਅਨੁਮਾਨ ’ਚ ਸੋਧ ਕੀਤੀ ਹੈ। ਗਲੋਬਲ ਵਾਧੇ ਦੇ ਪ੍ਰਭਾਵਿਤ ਹੋਣ ਅਤੇ ਫਸਲ ਉਤਪਾਦਨ ਪ੍ਰਭਾਵਿਤ ਹੋਣ ਕਾਰਨ ਦੋਵੇਂ ਰੇਟਿੰਗ ਏਜੰਸੀਆਂ ਨੇ ਵਾਧੇ ਦਾ ਅਨੁਮਾਨ ਘਟਾਇਆ ਹੈ। ਕ੍ਰਿਸਿਲ ਨੇ ਵਿੱਤੀ ਸਾਲ 2022-23 ਦੀ ਦੂਜੀ ਤਿਮਾਹੀ ਲਈ ਵਾਧੇ ਦੇ ਅਨੁਮਾਨ ਨੂੰ 0.30 ਫੀਸਦੀ ਘਟਾ ਕੇ 7 ਫੀਸਦੀ ਕਰ ਦਿੱਤਾ ਜਦ ਕਿ ਇਕਰਾ ਨੇ ਇਸ ਦੇ 6.5 ਫੀਸਦੀ ਰਹਿਣ ਦੀ ਉਮੀਦ ਪ੍ਰਗਟਾਈ।
ਕ੍ਰਿਸਿਲ ਦੇ ਮੁੱਖ ਅਰਥਸ਼ਾਸਤਰੀ ਧਰਮਕੀਰਤੀ ਜੋਸ਼ੀ ਨੇ ਇਕ ਟਿੱਪਣੀ ’ਚ ਕਿਹਾ ਕਿ ਅਸੀਂ ਵਿੱਤੀ ਸਾਲ 2022-23 ਲਈ ਜੀ. ਡੀ. ਪੀ. ਵਾਧੇ ਦੇ ਆਪਣੇ ਅਨੁਮਾਨ ਨੂੰ 7.3 ਫੀਸਦੀ ਤੋਂ ਘਟਾ ਕੇ 7 ਫੀਸਦੀ ਕਰ ਦਿੱਤਾ ਹੈ। ਅਜਿਹਾ ਮੁੱਖ ਤੌਰ ’ਤੇ ਗਲੋਬਲ ਵਾਧੇ ’ਚ ਮੰਦੀ ਕਾਰਨ ਕੀਤਾ ਗਿਆ, ਜਿਸ ਨਾਲ ਸਾਡਾ ਐਕਸਪੋਰਟ ਅਤੇ ਉਦਯੋਗਿਕ ਗਤੀਵਿਧੀਆਂ ਪ੍ਰਭਾਵਿਤ ਹੋਣ ਲੱਗੀਆਂ ਹਨ। ਇਕਰਾ ਦੀ ਮੁੱਖ ਅਰਥਸ਼ਾਸਤਰੀ ਅਦਿਤੀ ਨਾਇਰ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ’ਚ ਭਾਰਤੀ ਅਰਥਵਿਵਸਥਾ 6.5 ਫੀਸਦੀ ਦੀ ਦਰ ਨਾਲ ਵਧੇਗੀ ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਲਗਭਗ ਅੱਧੀ ਹੈ। ਉਨ੍ਹਾਂ ਨੇ ਕਿਹਾ ਕਿ ਸਾਉਣੀ ਉਤਪਾਦਨ ਦੇ ਪੇਸ਼ਗੀ ਅਨੁਮਾਨਾਂ, ਉੱਚ ਈਂਧਨ ਕੀਮਤ ਅਤੇ ਕੁੱਝ ਖੇਤਰਾਂ ’ਚ ਕੱਚੇ ਮਾਲ ਦੀ ਲਾਗਤ ਵਧਣ ਕਾਰਨ ਵਾਧਾ ਦਰ ਘੱਟ ਰਹਿ ਸਕਦੀ ਹੈ।