2023 ’ਚ ਨਵਾਂ ਰਿਕਾਰਡ ਬਣਾਏਗਾ ਸੋਨਾ, 64,000 ਤੱਕ ਜਾਵੇਗਾ ਰੇਟ

Saturday, Dec 17, 2022 - 11:36 AM (IST)

ਨਵੀਂ ਦਿੱਲੀ–ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਸੋਨੇ-ਚਾਂਦੀ ਦੀ ਮੰਗ ਵੀ ਜ਼ਬਰਦਸਤ ਤਰੀਕੇ ਨਾਲ ਵਧਦੀ ਜਾ ਰਹੀ ਹੈ। ਤਿਓਹਾਰੀ ਸੀਜ਼ਨ ’ਚ ਸ਼ੁਰੂ ਹੋਈ ਸੋਨੇ-ਚਾਂਦੀ ਦੀ ਮੰਗ ਵਿਆਹਾਂ ਦੇ ਸੀਜ਼ਨ ’ਚ ਹੋਰ ਵਧਦੀ ਜਾ ਰਹੀ ਹੈ। ਇਸ ਦਾ ਸਿੱਧਾ ਅਸਰ ਸੋਨੇ ਦੀ ਕੀਮਤ ’ਤੇ ਦਿਖਾਈ ਦੇ ਰਿਹਾ ਹੈ ਜੋ ਧਨਤੇਰਸ ਤੋਂ ਪਹਿਲਾਂ 50,000 ਤੋਂ ਹੇਠਾਂ ਚੱਲ ਰਹੀ ਸੀ ਜਦ ਕਿ ਬੀਤੇ ਹਫਤੇ ਇਹ 55 ਹਜ਼ਾਰ ਦੇ ਲਗਭਗ ਪਹੁੰਚ ਗਈ ਸੀ। ਸੋਨੇ ਦੀ ‘ਚਮਕ’ ਇੰਨੇ ’ਤੇ ਹੀ ਨਹੀਂ ਰੁਕਣ ਵਾਲੀ ਸਗੋਂ ਨਵੇਂ ਸਾਲ ’ਚ ਇਹ ਰਿਕਾਰਡ ਬਣਾ ਸਕਦੀ ਹੈ। ਕੇਡੀਆ ਐਡਵਾਇਜ਼ਰੀ ਦੇ ਡਾਇਰੈਕਟਰ ਅਤੇ ਕਮੋਡਿਟੀ ਮਾਹਰ ਅਜੇ ਕੇਡੀਆ ਦਾ ਕਹਿਣਾ ਹੈ ਕਿ ਗਲੋਬਲ ਅਤੇ ਘਰੇਲੂ ਮਾਰਕੀਟ ਦੇ ਸਾਰੇ ਫੈਕਟਰ ਸੋਨੇ ’ਚ ਤੇਜ਼ੀ ਵੱਲ ਇਸ਼ਾਰਾ ਕਰ ਰਹੇ ਹਨ। ਕੋਰੋਨਾ ਕਾਲ ਤੋਂ ਬਾਅਦ ਸੋਨੇ ਦੀ ਮੰਗ ਵਧਦੀ ਜਾ ਰਹੀ ਹੈ। ਜੇ 2021 ਨਾਲ ਤੁਲਨਾ ਕਰੀਏ ਤਾਂ ਵਰਲਡ ਗੋਲਡ ਕੌਂਸਲ ਮੁਤਾਬਕ ਇਸ ਸਾਲ ਦੀ ਤੀਜੀ ਤਿਮਾਹੀ ਤੱਕ ਸੋਨੇ ਦੀ ਮੰਗ 14 ਫੀਸਦੀ ਵਧ ਕੇ 191.7 ਟਨ ਪਹੁੰਚ ਚੁੱਕੀ ਹੈ। ਵਿਆਹਾਂ ਦੇ ਸੀਜ਼ਨ ’ਚ ਇਸ ’ਚ ਹੋਰ ਉਛਾਲ ਦੀ ਸੰਭਾਵਨਾ ਦਿਖਾਈ ਦੇ ਰਹੀ ਅਤੇ ਵਿੱਤੀ ਸਾਲ ਦੀ ਸਮਾਪਤੀ ਯਾਨੀ ਮਾਰਚ 2023 ਤੱਕ ਇਹ ਆਪਣੇ ਪਿਛਲੇ ਰਿਕਾਰਡ ਨੂੰ ਵੀ ਪਾਰ ਕਰ ਸਕਦਾ ਹੈ। ਕੋਰੋਨਾ ਕਾਲ ’ਚ ਅਗਸਤ 2020 ’ਚ ਸੋਨੇ ਦੀ ਕੀਮਤ ਸਭ ਤੋਂ ਵੱਧ 57,000 ਦੇ ਲਗਭਗ ਪਹੁੰਚੀ ਸੀ।
ਕੇਡੀਆ ਦਾ ਕਹਿਣਾ ਹੈ ਕਿ ਹਾਲੇ ਭਾਰਤ ਸਮੇਤ ਦੁਨੀਆ ਭਰ ’ਚ ਮਹਿੰਗਾਈ ਦਾ ਦਬਾਅ ਚੱਲ ਰਿਹਾ ਹੈ ਅਤੇ ਜਦੋਂ ਵੀ ਮਹਿੰਗਾਈ ਵਧਦੀ ਹੈ ਤਾਂ ਸੋਨੇ ਦੀਆਂ ਕੀਮਤਾਂ ’ਤੇ ਵੀ ਦਬਾਅ ਰਹਿੰਦਾ ਹੈ। ਅਜਿਹੇ ’ਚ ਅੱਗੇ ਸੋਨੇ ਦੇ ਰੇਟ ਵਧਣ ਦੀ ਪੂਰੀ ਗੁੰਜਾਇਸ਼ ਹੈ। ਗਲੋਬਲ ਮਾਰਕੀਟ ’ਚ ਹਾਲੇ ਉਤਰਾਅ-ਚੜਾਅ ਦਾ ਸਿਲਸਿਲਾ ਜਾਰੀ ਹੈ ਜੋ ਅੱਗੇ ਵੀ ਵੋਲਾਟਿਲਿਟੀ ਨੂੰ ਵਧਾਏਗਾ। ਇਸ ਤੋਂ ਇਲਾਵਾ ਮੰਦੀ ਦਾ ਜੋਖਮ ਵੀ ਨਿਵੇਸ਼ਕਾਂ ਨੂੰ ਸੁਰੱਖਿਅਤ ਨਿਵੇਸ਼ ਵਜੋਂ ਸੋਨੇ ਵੱਲ ਆਕਰਸ਼ਿਤ ਕਰੇਗਾ। ਕੁੱਲ ਮਿਲਕੇ ਸਾਰੇ ਫੈਕਟਰ ਸੋਨੇ ਦੀ ਮੰਗ ਵਧਣ ਵੱਲ ਇਸ਼ਾਰਾ ਕਰ ਰਹੇ ਹਨ, ਜਿਸ ਦਾ ਸਿੱਧਾ ਅਸਰ ਇਸ ਦੀਆਂ ਕੀਮਤਾਂ ’ਤੇ ਪੈਣਾ ਤੈਅ ਹੈ। ਅਨੁਮਾਨ ਹੈ ਕਿ ਸਾਲ 2023 ਦੀ ਸਮਾਪਤੀ ਤੱਕ ਸੋਨਾ 64,000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਜਾਵੇਗਾ।
ਜੇ ਪਿਛਲੇ 2 ਮਹੀਨਿਆਂ ਦਾ ਟ੍ਰੈਂਡ ਦੇਖੀਏ ਤਾਂ ਅਕਤੂਬਰ ਦੀ ਸ਼ੁਰੂਆਤ ’ਚ ਭਾਰਤੀ ਵਾਅਦਾ ਬਾਜ਼ਾਰ ’ਚ 24 ਕੈਰੇਟ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 49 ਹਜ਼ਾਰ ਦੇ ਲਗਭਗ ਚੱਲ ਰਹੀ ਸੀ। ਦੋ ਮਹੀਨਿਆਂ ਬਾਅਦ ਦਸੰਬਰ ਦੇ ਪਹਿਲੇ ਹਫਤੇ ’ਚ ਐੱਮ. ਸੀ. ਐਕਸ. ’ਤੇ 24 ਕੈਰੇਟ ਸ਼ੁੱਧਤਾ ਵਾਲੇ ਸੋਨੇ ਦਾ ਰੇਟ 54,900 ਰੁਪਏ ਪ੍ਰਤੀ 10 ਗ੍ਰਾਮ ਤੋਂ ਵੀ ਉੱਪਰ ਚਲਾ ਗਿਆ ਸੀ। 16 ਦਸੰਬਰ ਨੂੰ ਵੀ ਸੋਨੇ ਦਾ ਰੇਟ 54 ਹਜ਼ਾਰ ਤੋਂ ਉੱਪਰ ਹੀ ਚੱਲ ਰਿਹਾ ਹੈ ਜੋ 9 ਮਹੀਨਿਆਂ ਦਾ ਸਭ ਤੋਂ ਵੱਧ ਰੇਟ ਹੈ।
ਨਿਵੇਸ਼ ਦੇ ਲਿਹਾਜ ਨਾਲ ਵੀ ਸੋਨਾ ਖਰੀਦਣਾ ਚੰਗਾ
ਦੇਸ਼ ’ਚ ਮਸ਼ਹੂਰ ਜਿਊਲਰੀ ਬ੍ਰਾਂਡ ਮਾਲਾਬਾਰ ਗਰੁੱਪ ਦੇ ਚੇਅਰਮੈਨ ਐੱਮ. ਪੀ. ਅਹਿਮਦ ਦਾ ਕਹਿਣਾ ਹੈ ਕਿ ਸਾਡੇ ਦੇਸ਼ ’ਚ ਸੋਨੇ ਦੇ ਗਹਿਣੇ ਸਮਾਜ ਦਾ ਹਿੱਸਾ ਮੰਨੇ ਜਾਂਦੇ ਹਨ। ਮਹਿੰਗਾਈ, ਵਿਆਜ ਦਰਾਂ ਦਾ ਵਧਣਾ ਅਤੇ ਭੂ-ਸਿਆਸੀ ਤਨਾਅ ਕਾਰਨ ਸੋਨੇ ਦੀਆਂ ਕੀਮਤਾਂ ’ਚ ਉਛਾਲ ਜਾਰੀ ਹੈ। ਤਿਓਹਾਰੀ ਸੀਜ਼ਨ ਤੋਂ ਲੈ ਕੇ ਵਿਆਹਾਂ ਦੇ ਮੌਜੂਦਾ ਸੀਜ਼ਨ ਤੱਕ ਸੋਨੇ ਦੇ ਗਹਿਣਿਆਂ ਦੀ ਮੰਗ ਲਗਾਤਾਰ ਵਧ ਰਹੀ ਹੈ। ਅਨੁਮਾਨ ਹੈ ਕਿ ਦਸੰਬਰ ਤਿਮਾਹੀ ਤੱਕ ਇਸ ’ਚ 12 ਫੀਸਦੀ ਤੱਕ ਵਾਧਾ ਦਿਖਾਈ ਦੇਵੇਗਾ। ਅਜਿਹੇ ’ਚ ਅੱਗੇ ਸੋਨੇ ਦੀਆਂ ਕੀਮਤਾਂ ’ਚ ਉਛਾਲ ਆਉਣਾ ਸੁਭਾਵਿਕ ਹੈ। ਅਜਿਹੇ ’ਚ ਨਿਵੇਸ਼ ਦੇ ਲਿਹਾਜ ਨਾਲ ਵੀ ਹਾਲੇ ਸੋਨਾ ਖਰੀਦਣ ਫਾਇਦੇ ਦਾ ਸੌਦਾ ਹੋ ਸਕਦਾ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor

Related News