ਰਿਕਾਰਡ ''ਤੇ ਪੁੱਜਾ ਸੋਨਾ, ਜਾਣੋ ਅੱਜ ਦਾ ਮੁੱਲ

Tuesday, Mar 27, 2018 - 03:33 PM (IST)

ਰਿਕਾਰਡ ''ਤੇ ਪੁੱਜਾ ਸੋਨਾ, ਜਾਣੋ ਅੱਜ ਦਾ ਮੁੱਲ

ਨਵੀਂ ਦਿੱਲੀ— ਕੌਮਾਂਤਰੀ ਬਾਜ਼ਾਰ 'ਤੇ ਰਹੀ ਤੇਜ਼ੀ ਅਤੇ ਘਰੇਲੂ ਪੱਧਰ 'ਤੇ ਜਿਊਲਰੀ ਗਾਹਕੀ ਵਧਣ ਨਾਲ ਸੋਨਾ ਲਗਭਗ 32,000 ਰੁਪਏ ਦੇ ਪੱਧਰ 'ਤੇ ਪਹੁੰਚ ਗਿਆ ਹੈ। ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ 150 ਰੁਪਏ ਵਧ ਕੇ ਰਿਕਾਰਡ 31,950 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੋਲਿਆ ਗਿਆ। ਉੱਥੇ ਹੀ ਉਦਯੋਗਿਕ ਮੰਗ ਆਉਣ ਨਾਲ ਚਾਂਦੀ ਵੀ 250 ਰੁਪਏ ਦੀ ਛਲਾਂਗ ਲਾ ਕੇ 39,750 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। 
ਕਾਰੋਬਾਰੀਆਂ ਨੇ ਦੱਸਿਆ ਕਿ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਪੰਜ ਹਫਤੇ ਦੇ ਹੇਠਲੇ ਪੱਧਰ 'ਤੇ ਚਲਾ ਗਿਆ ਹੈ। ਇਸ ਦੇ ਨਾਲ ਹੀ ਅਮਰੀਕਾ ਅਤੇ ਰੂਸ ਵਿਚਕਾਰ ਜਾਰੀ ਤਣਾਅ ਵਧਣ ਦੇ ਖਦਸ਼ੇ ਕਾਰਨ ਵੀ ਸੋਨੇ ਵੱਲ ਨਿਵੇਸ਼ਕਾਂ ਦਾ ਰੁਖ਼ ਵਧਿਆ ਹੈ। ਬ੍ਰਿਟੇਨ 'ਚ ਰੂਸ ਦੇ ਸਾਬਕਾ ਜਾਸੂਸ 'ਤੇ ਹੋਏ ਨਰਵ ਗੈਸ ਹਮਲੇ ਦੇ ਜਵਾਬ 'ਚ ਯੂਰਪ ਦੇ ਹੋਰ ਦੇਸ਼ਾਂ ਦੇ ਨਾਲ ਸੁਰ 'ਚ ਸੁਰ ਮਿਲਾਉਂਦੇ ਹੋਏ, ਅਮਰੀਕਾ ਨੇ ਵੀ 60 ਰੂਸੀ ਡਿਪਲੋਮੈਟਾਂ ਨੂੰ ਹਟਾ ਦਿੱਤਾ ਹੈ, ਜਿਸ ਦੇ ਜਵਾਬ 'ਚ ਰੂਸ ਨੇ ਸਖਤ ਕਦਮ ਉਠਾਉਣ ਦੀ ਚਿਤਾਵਨੀ ਦਿੱਤੀ ਹੈ।
ਕੌਮਾਂਤਰੀ ਪੱਧਰ 'ਤੇ ਜਾਰੀ ਰਾਜਨੀਤਕ ਉਥਲ-ਪੁਥਲ ਕਾਰਨ ਸੋਨਾ ਹਾਜ਼ਰ 0.16 ਫੀਸਦੀ ਦੀ ਤੇਜ਼ੀ ਨਾਲ 1,355.19 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ ਸਪਾਟ ਹੋ ਕੇ 1,355 ਡਾਲਰ ਪ੍ਰਤੀ ਔਂਸ 'ਤੇ ਰਿਹਾ। ਵਿਦੇਸ਼ਾਂ 'ਚ ਚਾਂਦੀ ਹਾਜ਼ਰ ਵੀ 0.05 ਡਾਲਰ ਦੀ ਤੇਜ਼ੀ ਨਾਲ 16.70 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਮਾਹਰਾਂ ਮੁਤਾਬਕ, ਆਉਣ ਵਾਲੇ ਦਿਨਾਂ 'ਚ ਵੀ ਸੋਨੇ ਦੀਆਂ ਕੀਮਤਾਂ ਕੌਮਾਂਤਰੀ ਘਟਨਾਕ੍ਰਮ ਨਾਲ ਪ੍ਰਭਾਵਿਤ ਹੋਣਗੀਆਂ।


Related News