ਥਾਣਾ ਜੰਡਿਆਲਾ ਗੁਰੂ ਦਾ SHO ਸੰਸਪੈਂਡ, ਜਾਣੋ ਕਿਉਂ ਹੋਈ ਕਾਰਵਾਈ
Friday, Mar 20, 2026 - 10:54 AM (IST)
ਅੰਮ੍ਰਿਤਸਰ (ਨੀਰਜ)- ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਪੰਜਾਬ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਅਤੇ ਜਲੰਧਰ ਦੇ ਪ੍ਰਧਾਨ ’ਤੇ ਥਾਣਾ ਜੰਡਿਆਲਾ ਗੁਰੂ ਦੇ ਐੱਸ. ਐੱਚ. ਓ. ਨਰੇਸ਼ ਕੁਮਾਰ ਅਤੇ ਉਸ ਦੇ ਸਾਥੀਆਂ ਵੱਲੋਂ ਕੀਤੇ ਗਏ ਕਥਿਤ ਤਸ਼ੱਦਦ ਦੇ ਸਬੰਧ ਵਿਚ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੀ ਕਲਮ-ਛੋੜ ਹੜਤਾਲ ਖ਼ਤਮ ਹੋ ਗਈ ਹੈ। ਅੰਮ੍ਰਿਤਸਰ ਦੇ ਡੀ. ਸੀ. ਦਲਵਿੰਦਰਜੀਤ ਸਿੰਘ ਅਤੇ ਐੱਸ. ਐੱਸ. ਪੀ. ਦਿਹਾਤੀ ਸੁਹੈਲ ਕਾਸਿਮ ਮੀਰ ਦੀ ਸਿਆਣਪ ਸਦਕਾ ਇਹ ਮਾਮਲਾ ਹੱਲ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਡੀ. ਸੀ. ਦਫ਼ਤਰ ਵਿਚ ਐੱਸ. ਐੱਸ. ਪੀ. ਦਿਹਾਤੀ, ਜ਼ਿਲਾ ਪ੍ਰਧਾਨ ਅਸੁਨਿਲ ਕੁਮਾਰ ਸ਼ਰਮਾ, ਪੰਜਾਬ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਅਤੇ ਹੋਰ ਕਰਮਚਾਰੀ ਆਗੂਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਐੱਸ. ਐੱਸ. ਪੀ. ਨੇ ਐੱਸ. ਐੱਚ. ਓ. ਨਰੇਸ਼ ਕੁਮਾਰ ਅਤੇ ਉਸ ਦੇ ਸਾਥੀ ਕਾਂਸਟੇਬਲ ਮਲੂਕ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਨ ਲਈ ਇਕ ‘ਸਿੱਟ’ ਗਠਿਤ ਕਰ ਦਿੱਤੀ ਗਈ ਹੈ, ਜਿਸ ਵਿਚ ਪੁਲਸ ਅਤੇ ਸਿਵਲ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਸ਼ਾਮਲ ਕੀਤੇ ਗਏ ਹਨ।
ਇਹ ਵੀ ਪੜ੍ਹੋ- ਪੰਜਾਬ 'ਚ 3 ਦਿਨ ਪਵੇਗਾ ਭਾਰੀ ਮੀਂਹ, ਤੇਜ਼ ਤੁਫਾਨ ਦੀ ਸੰਭਾਵਨਾ, ਮੌਸਮ ਵਿਭਾਗ ਵੱਲੋਂ ALERT ਜਾਰੀ
ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੀ ਸੂਬਾਈ ਕਾਰਜਕਾਰਨੀ ਨੇ ਐਲਾਨ ਕੀਤਾ ਹੈ ਕਿ ਉਹ ‘ਸਿੱਟ’ ਰਾਹੀਂ ਐੱਸ. ਐੱਚ. ਓ. ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਹੋਣ ਤੋਂ ਬਾਅਦ ਹੀ ਚੈਨ ਨਾਲ ਬੈਠਣਗੇ, ਕਿਉਂਕਿ ਉਨ੍ਹਾਂ ਕੋਲ ਅੱਤਿਆਚਾਰਾਂ ਦੇ ਪੁਖ਼ਤਾ ਸਬੂਤ ਹਨ। ਦੂਜੇ ਪਾਸੇ, ਅਧਿਕਾਰੀਆਂ ਦੀ ਮੁਅੱਤਲੀ ਤੋਂ ਬਾਅਦ ਯੂਨੀਅਨ ਨੇ ਉਦਾਰਤਾ ਦਿਖਾਉਂਦੇ ਹੋਏ ਆਪਣੀ ਹੜਤਾਲ ਮੁਲਤਵੀ ਕਰ ਦਿੱਤੀ ਹੈ। 19 ਮਾਰਚ ਨੂੰ ਸਰਕਾਰੀ ਦਫ਼ਤਰਾਂ ਵਿਚ ਕੰਮ ਆਮ ਵਾਂਗ ਸ਼ੁਰੂ ਹੋ ਗਿਆ, ਜਿਸ ਨਾਲ ਪਿਛਲੇ ਤਿੰਨ ਦਿਨਾਂ ਤੋਂ ਪ੍ਰੇਸ਼ਾਨ ਹੋ ਰਹੇ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਫਿਲਹਾਲ ਹੜਤਾਲ ਨੂੰ ਅਸਥਾਈ ਤੌਰ ’ਤੇ ਰੋਕਿਆ ਗਿਆ ਹੈ ਅਤੇ ਹੁਣ ਸਭ ਦੀਆਂ ਨਜ਼ਰਾਂ 'ਸਿੱਟ' ਦੇ ਫ਼ੈਸਲੇ ’ਤੇ ਟਿਕੀਆਂ ਹੋਈਆਂ ਹਨ।
ਇਹ ਵੀ ਪੜ੍ਹੋ- ਰਾਸ਼ਨ ਕਾਰਡ ਧਾਰਕਾਂ ਲਈ ਅਹਿਮ ਖ਼ਬਰ, ਕੇਂਦਰ ਸਰਕਾਰ ਨੇ ਲਿਆ ਫੈਸਲਾ, ਹੁਣ 3 ਮਹੀਨੇ...
ਕੀ ਸੀ ਮਾਮਲਾ?
ਬੀਤੇ ਦਿਨੀਂ ਰਾਤ ਦੇ ਸਮੇਂ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਪਿੰਡ ਨੰਗਲ ਦੇ ਰਹਿਣ ਵਾਲੇ ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਪੰਜਾਬ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੂੰ ਥਾਣਾ ਜੰਡਿਆਲਾ ਗੁਰੂ ਦੀ ਪੁਲਸ ਨੇ ਰਾਤ 12 ਵਜੇ ਦੇ ਕਰੀਬ ਗ੍ਰਿਫ਼ਤਾਰ ਕਰ ਲਿਆ ਸੀ। ਨੰਗਲ ਨਾਲ ਪੁਲਸ ਨੇ ਜਿੱਥੇ ਗਾਲੀ-ਗਲੋਚ ਕੀਤਾ, ਉੱਥੇ ਹੀ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਵੀ ਕੀਤੀ। ਉਨ੍ਹਾਂ ਦਾ ਦੁਮਾਲਾ ਉਤਾਰਿਆ ਗਿਆ ਅਤੇ ਕਛਹਿਰੇ ਦਾ ਨਾਲਾ ਤੱਕ ਕੱਢ ਲਿਆ ਗਿਆ। ਇਸ ਘਟਨਾ ਤੋਂ ਬਾਅਦ ਅਗਲੇ ਦਿਨ ਪੂਰੇ ਪੰਜਾਬ ਦੇ ਕਰਮਚਾਰੀਆਂ ਵੱਲੋਂ ਨੈਸ਼ਨਲ ਹਾਈਵੇਅ ਨੂੰ ਤਿੰਨ ਘੰਟਿਆਂ ਤੱਕ ਜਾਮ ਰੱਖਿਆ ਗਿਆ ਅਤੇ ਉੱਚ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਤੇਜਿੰਦਰ ਸਿੰਘ ਨੰਗਲ ਨੂੰ ਰਿਹਾਅ ਕੀਤਾ ਗਿਆ।
ਇਹ ਵੀ ਪੜ੍ਹੋ- ਪੰਜਾਬ: ਆਮ ਆਦਮੀ ਪਾਰਟੀ ਦਾ ਆਗੂ ਹੈਰੋਇਨ ਦੀ ਵੱਡੀ ਖੇਪ ਸਮੇਤ ਗ੍ਰਿਫ਼ਤਾਰ
ਇਸ ਤੋਂ ਬਾਅਦ ਅੰਮ੍ਰਿਤਸਰ ਦੇ ਜ਼ਿਲਾ ਪ੍ਰਸ਼ਾਸਨਿਕ ਦਫ਼ਤਰ ਵਿਖੇ ਪੰਜਾਬ ਰਾਜ ਮਨਿਸਟੀਰੀਅਲ ਸਰਵਿਸ ਯੂਨੀਅਨ, ਡਿਪਟੀ ਕਮਿਸ਼ਨਰ ਦਫ਼ਤਰ ਕਰਮਚਾਰੀ ਯੂਨੀਅਨ, ਰੈਵੀਨਿਊ ਪਟਵਾਰ ਯੂਨੀਅਨ ਅਤੇ ਹੋਰ ਜਥੇਬੰਦੀਆਂ ਵੱਲੋਂ ਇਕ ਸਾਂਝੀ ਮੀਟਿੰਗ ਕੀਤੀ ਗਈ। ਇਸ ਵਿਚ ਤੇਜਿੰਦਰ ਸਿੰਘ ਨੰਗਲ ਲਈ ਇਨਸਾਫ਼ ਦੀ ਮੰਗ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਪੂਰੇ ਪੰਜਾਬ ਵਿਚ ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਨੇ ਤਿੰਨ ਦਿਨਾਂ ਦੀ ਕਲਮ-ਛੋੜ ਹੜਤਾਲ ਦਾ ਐਲਾਨ ਕਰ ਦਿੱਤਾ। ਸੂਬਾਈ ਆਗੂ ਨਰਿੰਦਰ ਸਿੰਘ ਚੀਮਾ, ਕਰਨਵਿੰਦਰ ਸਿੰਘ ਚੀਮਾ ਅਤੇ ਅਸੂਨਿਲ ਕੁਮਾਰ ਸ਼ਰਮਾ ਨੇ ਕਿਹਾ ਕਿ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਸੰਘਰਸ਼ ਜਾਰੀ ਰਹੇਗਾ।
ਇਹ ਵੀ ਪੜ੍ਹੋ- ਪੰਜਾਬ: ਸਰਕਾਰੀ ਹਸਪਤਾਲ ’ਚੋਂ ਚੋਰੀ ਹੋਇਆ 3 ਦਿਨਾਂ ਦਾ ਮੁੰਡਾ, ਸੁਰੱਖਿਆ ’ਚ ਵੱਡੀ ਅਣਗਹਿਲੀ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕੀਤੀ ਜਾਵੇਗੀ ਸ਼ਿਕਾਇਤ
ਡੀ. ਸੀ. ਦਫ਼ਤਰ ਯੂਨੀਅਨ ਦੇ ਪੰਜਾਬ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੇ ਕਿਹਾ ਕਿ ਪੁਲਸ ਅਧਿਕਾਰੀ ਨੇ ਉਨ੍ਹਾਂ ਦਾ ਦਾੜ੍ਹਾ ਨੋਚਣ, ਜਾਤੀਸੂਚਕ ਗਾਲਾਂ ਕੱਢਣ ਅਤੇ ਦੁਮਾਲਾ ਉਤਾਰਨ ਦੀ ਬੱਜਰ ਗ਼ਲਤੀ ਕੀਤੀ ਹੈ। ਇਸ ਸਬੰਧੀ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ-ਨਾਲ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਵੀ ਸ਼ਿਕਾਇਤ ਕੀਤੀ ਜਾਵੇਗੀ। ਨੰਗਲ ਨੇ ਦੱਸਿਆ ਕਿ ਜਦੋਂ ਤੱਕ ਜਥੇਦਾਰ ਸਾਹਿਬ ਉਨ੍ਹਾਂ ਦੇ ਸਿਰ ’ਤੇ ਦੁਮਾਲਾ ਨਹੀਂ ਸਜਾਉਣਗੇ, ਉਹ ਦੁਮਾਲਾ ਨਹੀਂ ਸਜਾਉਣਗੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਾ ਅਣਮਨੁੱਖੀ ਰਵੱਈਆ ਪੁਲਸ ਨੇ ਉਨ੍ਹਾਂ ਨਾਲ ਅਪਣਾਇਆ ਹੈ, ਅਜਿਹਾ ਸਲੂਕ ਤਾਂ ਕਿਸੇ ਅਪਰਾਧੀ ਨਾਲ ਵੀ ਨਹੀਂ ਕੀਤਾ ਜਾਂਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
