ਦੀਵਾਲੀ ਤੱਕ ਸੋਨਾ ਹੋ ਸਕਦੈ ਇੰਨਾ ਮਹਿੰਗਾ, 10 ਗ੍ਰਾਮ ਜੇਬ ਨੂੰ ਪਵੇਗਾ ਭਾਰੀ

07/06/2020 9:02:01 PM

ਨਵੀਂ ਦਿੱਲੀ— ਹਾਜ਼ਾਰ ਤੇ ਵਾਇਦਾ ਬਾਜ਼ਾਰ 'ਚ ਸੋਮਵਾਰ ਨੂੰ ਲਗਾਤਾਰ ਚੌਥੇ ਦਿਨ ਸੋਨੇ ਦੀ ਕੀਮਤ ਨਰਮ ਰਹੀ ਪਰ ਕੋਵਿਡ-19 ਦੀ ਵਜ੍ਹਾ ਨਾਲ ਇਸ ਸਾਲ ਦੇ ਅੰਤ ਤੱਕ ਇਹ ਨਵੀਂ ਉਚਾਈ ਛੂਹ ਸਕਦਾ ਹੈ।

ਕੋਰੋਨਾ ਵਾਇਰਸ ਸੰਕਟ ਕਾਰਨ ਪੈਦਾ ਹੋਈ ਅਨਿਸ਼ਚਤਤਾ ਦੇ ਮੱਦੇਨਜ਼ਰ ਆਉਣ ਵਾਲੇ ਤਿਉਹਾਰੀ ਮੌਸਮ 'ਚ ਇਸ ਕੀਮਤੀ ਧਾਤ ਦੀ ਮੰਗ ਜ਼ਿਆਦਾ ਨਾ ਰਹਿਣ ਦੀ ਸੰਭਾਵਨਾ ਹੈ ਪਰ ਸੋਨੇ 'ਚ ਨਿਵੇਸ਼ਕਾਂ ਦੀ ਦਿਲਚਸਪੀ ਨੂੰ ਵੇਖਦੇ ਹੋਏ ਇਸ ਦੀ ਕੀਮਤ ਦੀਵਾਲੀ ਤੱਕ 52,000 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਪੱਧਰ ਨੂੰ ਪਾਰ ਕਰਨ ਦੀ ਉਮੀਦ ਹੈ। ਪਿਛਲੇ ਹਫਤੇ 1 ਜੁਲਾਈ ਨੂੰ ਘਰੇਲੂ ਵਾਇਦਾ ਬਾਜ਼ਾਰ ਯਾਨੀ ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਸੋਨਾ 48,982 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਸੀ, ਜੋ ਹੁਣ ਤੱਕ ਦਾ ਰਿਕਾਰਡ ਪੱਧਰ ਹੈ। ਉੱਥੇ ਹੀ, ਹਾਜ਼ਾਰ ਬਾਜ਼ਾਰ 'ਚ ਸੋਨੇ ਦੀ ਕੀਮਤ 50,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਨੂੰ ਤੋੜ ਚੁੱਕੀ ਹੈ।


ਇਸ ਦੇ ਨਾਲ ਹੀ ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 2,000 ਡਾਲਰ ਪ੍ਰਤੀ ਔਸ ਤੱਕ ਜਾਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਪਿਛਲੇ ਹਫਤੇ 1 ਜੁਲਾਈ ਨੂੰ ਕੌਮਾਂਤਰੀ ਬਾਜ਼ਾਰ 'ਚ ਸੋਨਾ 1807.70 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਸੀ, ਜੋ 21 ਸਤੰਬਰ 2011 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। ਕੇਡੀਆ ਕਮੋਡਿਟੀ ਦੇ ਡਾਇਰੈਕਟਰ ਅਜੈ ਕੇਡੀਆ ਨੇ ਕਿਹਾ ਕਿ ਸੋਨੇ ਲਈ ਇਸ ਸਮੇਂ ਸਾਰੇ ਸੰਕੇਤ ਮਜ਼ਬੂਤ ਹਨ ਅਤੇ ਹਾਜ਼ਰ ਮੰਗ ਵੀ ਮਜ਼ਬੂਤ ਹੈ, ਜਿਸ ਕਾਰਨ ਪੀਲੀ ਧਾਤ ਦੀ ਕੀਮਤ ਦੀਵਾਲੀ ਤੱਕ ਐੱਮ. ਸੀ. ਐਕਸ. 'ਤੇ 52,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਨੂੰ ਤੋੜ ਸਕਦੀ ਹੈ। ਕਾਮੈਕਸ 'ਤੇ ਇਹ 2,000 ਡਾਲਰ ਪ੍ਰਤੀ ਔਂਸ ਤੱਕ ਜਾ ਸਕਦਾ ਹੈ।
ਪਿਛਲੇ ਚਾਰ ਦਿਨਾਂ ਤੋਂ ਸੋਨੇ ਦੀ ਕੀਮਤ 'ਚ ਆਈ ਗਿਰਾਵਟ ਦੇ ਕਾਰਨਾਂ ਬਾਰੇ ਉਨ੍ਹਾਂ ਕਿਹਾ ਕਿ ਘਰੇਲੂ ਬਾਜ਼ਾਰ 'ਚ ਰੁਪਏ ਦੀ ਮਜ਼ਬੂਤੀ ਅਤੇ ਕੌਮਾਂਤਰੀ ਬਾਜ਼ਾਰ 'ਚ ਕੀਮਤਾਂ 'ਚ ਨਰਮੀ ਨੇ ਸੋਨੇ ਦੀ ਕੀਮਤ 'ਤੇ ਦਬਾਅ ਪਾਇਆ ਹੈ। ਉਨ੍ਹਾਂ ਕਿਹਾ ਕਿ ਇਹ ਅਸਥਾਈ ਹੈ, ਲੰਮੀ ਮਿਆਦ 'ਚ ਸੋਨੇ 'ਚ ਤੇਜ਼ੀ ਰਹੇਗੀ।


Sanjeev

Content Editor

Related News