ਸਰਾਫਾ ਕਾਰੋਬਾਰ ਨੂੰ ਰਾਹਤ, ਦੀਵਾਲੀ ''ਤੇ ਚਮਕਣਗੇ ਸੋਨੇ ਦੇ ਬਾਜ਼ਾਰ

Tuesday, Oct 10, 2017 - 01:16 PM (IST)

ਮੁੰਬਈ—  ਸਰਕਾਰ ਵੱਲੋਂ ਸਰਾਫਾ ਕਾਰੋਬਾਰ ਨੂੰ ਕਾਲਾ ਧਨ ਰੋਕੂ ਐਕਟ (ਪੀ. ਐੱਮ. ਐੱਲ. ਏ.) ਤੋਂ ਬਾਹਰ ਕੀਤੇ ਜਾਣ ਨਾਲ ਸੋਨੇ ਦਾ ਇੰਪੋਰਟ (ਦਰਾਮਦ) ਹੋਰ ਵਧਣ ਦੀ ਉਮੀਦ ਹੈ। ਉੱਥੇ ਹੀ, ਸਰਕਾਰ ਨੇ ਅਕਤੂਬਰ ਤੋਂ ਸੋਨੇ 'ਤੇ ਇੰਪੋਰਟ ਟੈਰਿਫ ਵੈਲਿਊ 18 ਡਾਲਰ ਘਟਾ ਕੇ 413 ਡਾਲਰ ਪ੍ਰਤੀ 10 ਗ੍ਰਾਮ ਕਰ ਦਿੱਤੀ ਹੈ, ਜਿਸ ਦਾ ਮਤਲਬ ਹੈ ਕਿ ਹੁਣ ਇੰਪੋਰਟ ਡਿਊਟੀ ਦਾ ਭੁਗਤਾਨ ਘੱਟ ਕੀਮਤ 'ਤੇ ਕਰਨਾ ਹੋਵੇਗਾ। ਤਿਉਹਾਰੀ ਮੌਸਮ ਸ਼ੁਰੂ ਹੋਣ ਨਾਲ ਹੀ ਸੋਨੇ ਦੇ ਇੰਪੋਰਟ 'ਚ ਵੀ ਤੇਜ਼ੀ ਆਈ ਸੀ। ਸਤੰਬਰ 'ਚ ਦੇਸ਼ 'ਚ ਸੋਨਾ ਇੰਪੋਰਟ 30-35 ਟਨ ਰਹਿਣ ਦਾ ਅੰਦਾਜ਼ਾ ਹੈ, ਜਿਸ 'ਚ ਤਸਕਰੀ ਦਾ ਸੋਨਾ ਵੀ ਸ਼ਾਮਲ ਹੈ। 50,000 ਤੋਂ ਵੱਧ ਦੇ ਗਹਿਣੇ ਖਰੀਦਣ 'ਤੇ ਸਬੂਤ ਜ਼ਰੂਰੀ ਕੀਤੇ ਜਾਣ ਨਾਲ ਤਸਕਰੀ ਜ਼ਰੀਏ ਸੋਨੇ ਦਾ ਇੰਪੋਰਟ ਵੱਧ ਗਿਆ ਸੀ। ਅਗਸਤ 'ਚ ਕੁੱਲ ਸੋਨਾ ਇੰਪੋਰਟ 70 ਟਨ ਰਿਹਾ ਸੀ, ਜਦੋਂ ਕਿ ਸਤੰਬਰ 'ਚ ਇਹ ਘੱਟ ਹੋਇਆ ਪਰ ਅਕਤੂਬਰ 'ਚ ਫਿਰ ਇਸ 'ਚ ਤੇਜ਼ੀ ਆਵੇਗੀ।
ਮੁੰਬਈ ਜ਼ਿਵੈਲਰਜ਼ ਐਸੋਸੀਏਸ਼ਨ ਦੇ ਕੁਮਾਰ ਜੈਨ ਕਹਿੰਦੇ ਹਨ ਕਿ ਦੀਵਾਲੀ ਤੋਂ ਪਹਿਲਾਂ ਸਰਕਾਰ ਨੇ ਸੋਨੇ ਦੀ 50 ਹਜ਼ਾਰ ਰੁਪਏ ਤੋਂ ਵੱਧ ਦੀ ਖਰੀਦ 'ਤੇ ਪੈਨ ਅਤੇ ਆਧਾਰ 'ਤੇ ਜੋ ਢਿੱਲ ਦਿੱਤੀ ਹੈ, ਉਸ ਦਾ ਸਿੱਧਾ ਫਾਇਦਾ ਹੁਣ ਮਿਲ ਰਿਹਾ ਹੈ। ਸ਼ੁੱਕਰਵਾਰ ਨੂੰ ਸਰਕਾਰ ਨੇ 50 ਹਜ਼ਾਰ ਰੁਪਏ ਤੋਂ ਵੱਧ ਦੀ ਖਰੀਦ 'ਤੇ ਪੈਨ ਅਤੇ ਆਧਾਰ ਕਾਰਡ ਦੀ ਜ਼ਰੂਰਤ ਵਾਪਸ ਲੈਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਸੋਨੇ ਦੀਆਂ ਕੀਮਤਾਂ ਵੀ ਘੱਟ ਹਨ। ਇਸ ਨੂੰ ਦੇਖਦੇ ਹੋਏ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਵਾਰ ਧਨਤੇਰਸ ਅਤੇ ਦੀਵਾਲੀ 'ਤੇ ਸਰਾਫਾ ਕਾਰੋਬਾਰ ਤਕਰੀਬਨ 25 ਟਨ ਦਾ ਹੋਵੇਗਾ। ਦੀਵਾਲੀ ਦੇ ਤੁਰੰਤ ਬਾਅਦ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ, ਜਿਸ ਨਾਲ ਗਹਿਣਿਆਂ ਦੀ ਮੰਗ ਬਣੀ ਰਹਿਣ ਦੀ ਸੰਭਾਵਾਨਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਗਲੇ ਸੋਨਾ ਤਕਰੀਬਨ 10 ਫੀਸਦੀ ਮਹਿੰਗਾ ਹੋ ਸਕਦਾ ਹੈ।ਇਸ ਵਾਰ ਧਨਤੇਰਸ 17 ਅਕਤੂਬਰ ਅਤੇ ਦੀਵਾਲੀ 19 ਅਕਤੂਬਰ ਨੂੰ ਹੈ। ਪਿਛਲੇ ਸਾਲ ਲਕਸ਼ਮੀ ਪੂਜਾ ਦੇ ਸਮੇਂ ਸੋਨਾ 30,082 ਰੁਪਏ ਪ੍ਰਤੀ 10 ਗ੍ਰਾਮ ਸੀ, ਜਦੋਂ ਕਿ ਇਸ ਸਾਲ 29,660 ਰੁਪਏ ਪ੍ਰਤੀ 10 ਗ੍ਰਾਮ 'ਤੇ ਚੱਲ ਰਿਹਾ ਹੈ।


Related News