ਦੀਵਾਲੀ ਤੋਂ ਪਹਿਲਾਂ ਪੰਜਾਬੀਆਂ ਨੂੰ ਮਿਲੇਗੀ ਵੱਡੀ ਰਾਹਤ! ਸੂਬਾ ਸਰਕਾਰ ਨੇ ਕਰ ''ਤਾ ਵੱਡਾ ਐਲਾਨ
Sunday, Sep 21, 2025 - 07:47 AM (IST)

ਅੰਮ੍ਰਿਤਸਰ/ਜਲੰਧਰ (ਨਿਰਵੈਲ, ਸਾਰੰਗਲ, ਨੀਰਜ, ਧਵਨ) : ਹੜ੍ਹਾਂ ਦੀ ਮਾਰ ਨਾਲ ਬੁਰੀ ਤਰ੍ਹਾਂ ਗਾਰ ’ਚ ਦੱਬੇ ਇਤਿਹਾਸਕ ਨਗਰ ਰਮਦਾਸ ਦੇ ਸਬ ਤਹਿਸੀਲ ਕੇਂਦਰ ਅਤੇ ਮੁੱਢਲਾ ਸਿਹਤ ਕੇਂਦਰ (ਸਿਵਲ ਹਸਪਤਾਲ) ਰਮਦਾਸ ਨੂੰ ਮੁੜ ਸਰਕਾਰੀ ਸੇਵਾਵਾਂ ਦੇ ਕੇ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਖ਼ੁਦ ਇਨ੍ਹਾਂ ਸਰਕਾਰੀ ਸੰਸਥਾਵਾਂ ’ਚੋਂ ਗਾਰ ਕੱਢ ਕੇ ਸਾਫ਼-ਸਫ਼ਾਈ ਕਰਨ ਸਮੇਤ ਕਸਬਾ ਰਮਦਾਸ ’ਚ ਫੌਗਿੰਗ ਕਰਵਾਈ। ਰਮਦਾਸ ਦੇ ਵਸਨੀਕਾਂ ਸਮੇਤ ਆਲੇ-ਦੁਆਲੇ ਦੇ ਪ੍ਰਭਾਵਿਤ ਪਿੰਡਾਂ ਦੇ ਹੜ੍ਹ ਪੀੜਤਾਂ ਦੀਆਂ ਸਮੱਸਿਆਵਾਂ ਸੁਣਦਿਆਂ ਧਾਲੀਵਾਲ ਨੇ ਸਪੱਸ਼ਟ ਕੀਤਾ ਕਿ ਅਜਨਾਲਾ ਤਹਿਸੀਲ ਸਮੇਤ ਗੁਰਦਾਸਪੁਰ ਦੇ ਪਿੰਡਾਂ, ਸ਼ਹਿਰਾਂ, ਕਸਬਿਆਂ ਨੂੰ ਰਾਵੀ ਦਰਿਆ ਦੇ ਹੜ੍ਹਾਂ ਦੀ ਮਾਰ ਭੁਗਤਣੀ ਪਈ ਹੈ।
ਇਹ ਵੀ ਪੜ੍ਹੋ : ਸਾਈਬਰ ਕੈਫ਼ੇ ਦੇ ਮਾਲਕਾਂ ਲਈ ਆਏ ਨਵੇਂ ਹੁਕਮ, ਇਹ ਕੰਮ ਹੋਇਆ ਲਾਜ਼ਮੀ, 23 ਸਤੰਬਰ ਰਾਤ 12 ਵਜੇ ਤੋਂ...
ਹੜ੍ਹਾਂ ਦੇ ਕਾਰਨਾਂ ਦੀ ਜਾਂਚ ਕਰਵਾਉਣ ਅਤੇ ਹੜ੍ਹਾਂ ਦੀ ਸਥਿਤੀ ਲਈ ਜ਼ਿੰਮੇਵਾਰ ਪਾਏ ਜਾਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਉੱਚਿਤ ਕਦਮ ਚੁੱਕ ਲਏ ਹਨ ਅਤੇ ਰਾਵੀ ਦਰਿਆ ’ਚ ਕੁਦਰਤੀ ਕਰੋਪੀ ਤੋਂ ਇਲਾਵਾ ਹੜ੍ਹਾਂ ਦੀ ਜਾਂਚ ਦੇ ਮੁੱਢਲੇ ਪੜਾਅ ’ਚ ਪੰਜਾਬ ਸਰਕਾਰ ਨੇ ਵੱਡਾ ਐਕਸ਼ਨ ਲੈਂਦਿਆਂ ਮਾਧੋਪੁਰ ਹੈੱਡਵਰਕਸ ਤੋਂ ਰਾਵੀ ਦਰਿਆ ਦੇ ਪਾਣੀ ਛੱਡਣ ਮੌਕੇ ਗੇਟ ਟੁੱਟਣ ਦੇ ਕਥਿਤ ਇਲਜ਼ਾਮ ’ਚ ਜ਼ਿੰਮੇਵਾਰ ਠਹਿਰਾਏ ਜਾ ਰਹੇ ਐਕਸੀਅਨ ਨਿਤਿਨ ਸੂਦ, ਐੱਸ. ਡੀ. ਓ ਅਰੁਣ ਕੁਮਾਰ ਅਤੇ ਜੇ. ਈ. ਸਚਿਨ ਕੁਮਾਰ ਨੂੰ ਫ਼ੌਰੀ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਧਾਲੀਵਾਲ ਨੇ ਦੱਸਿਆ ਕਿ 76 ਫ਼ੀਸਦੀ ਤੋਂ ਵੱਧ ਨੁਕਸਾਨੀਆਂ ਗਈਆਂ ਫ਼ਸਲਾਂ ਦੀ ਮੁਆਵਜ਼ੇ ਲਈ 7 ਦਿਨਾਂ ’ਚ ਗਿਰਦਾਵਰੀ ਕਰਨ ਦੀ ਪ੍ਰਕਿਰਿਆ ਮੁਕੰਮਲ ਹੋ ਗਈ ਹੈ।
ਅਗਲੇ 7 ਦਿਨਾਂ ’ਚ 76 ਫ਼ੀਸਦੀ ਤੋਂ ਹੇਠਲੇ ਨੁਕਸਾਨ ਵਾਲੀਆਂ ਫ਼ਸਲਾਂ ਦੇ ਖ਼ਰਾਬੇ ਦੀ ਗਿਰਦਾਵਰੀ ਮੁਕੰਮਲ ਹੋਣ ਪਿੱਛੋਂ ਕਾਨੂੰਨਗੋ, ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ, ਐੱਸ. ਡੀ. ਐੱਮ. ਅਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਵੱਲੋਂ ਗਿਰਦਾਵਰੀ ਰਿਪੋਰਟਾਂ ਦੇ ਸਹੀ ਹੋਣ ਦੀ ਸੂਰਤ ’ਚ ਮੋਹਰ ਲਾਏ ਜਾਣ ਤੇ ਦੀਵਾਲੀ ਤੋਂ ਪਹਿਲਾਂ ਪਹਿਲਾਂ ਪ੍ਰਭਾਵਿਤ ਕਿਸਾਨਾਂ ਦੇ ਹੱਥਾਂ ’ਚ ਮੁਆਵਜ਼ੇ ਦੇ ਚੈੱਕਾਂ ਸਮੇਤ ਨੁਕਸਾਨੇ ਘਰਾਂ ਅਤੇ ਹੜ੍ਹਾਂ ’ਚ ਮਰੇ ਪਸ਼ੂਆਂ ਆਦਿ ਦਾ ਮੁਆਵਜ਼ਾ ਵੀ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਹਲਕਾ ਅਜਨਾਲਾ ਤਹਿਤ ਪੈਂਦੇ ਆਮ ਆਦਮੀ ਪਾਰਟੀ ਕਲੀਨਿਕਾਂ ਸਮੇਤ ਸਿਵਲ ਡਿਸਪੈਂਸਰੀਆਂ, ਮੁੱਢਲੇ ਸਿਹਤ ਕੇਂਦਰਾਂ ਅਤੇ ਸਿਵਲ ਹਸਪਤਾਲਾਂ ਨੂੰ ਸਿਹਤ ਸੁਰੱਖਿਆ ਸੇਵਾਵਾਂ ਦੇਣ ਲਈ ਪੈਰਾਂ ਸਿਰ ਖੜ੍ਹਾ ਕਰ ਦਿੱਤਾ ਗਿਆ ਹੈ ਅਤੇ ਹਰ ਪ੍ਰਭਾਵਿਤ ਪਿੰਡ ’ਚ ਫੌਗਿੰਗ ਕਰਵਾਈ ਕਾ ਰਹੀ ਹੈ। ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਪੀ. ਏ. ਮੁਖਤਾਰ ਸਿੰਘ ਬਲੜਵਾਲ, ਦਫਤਰ ਸਕੱਤਰ ਗੁਰਜੰਟ ਸਿੰਘ ਸੋਹੀ, ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਆਦਿ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8