ਪਿਛਲੇ ਵਿੱਤੀ ਸਾਲ ਦੌਰਾਨ ਭਾਰਤ 'ਚ 2.54 ਲੱਖ ਕਰੋੜ ਰੁ: ਦਾ ਸੋਨਾ ਦਰਾਮਦ

4/18/2021 1:15:07 PM

ਨਵੀਂ ਦਿੱਲੀ- ਸੋਨੇ ਦੀ ਮੰਗ ਵਿਚ ਤੇਜ਼ੀ ਨਾਲ ਵਿੱਤੀ ਸਾਲ 2020-21 ਵਿਚ ਦੇਸ਼ ਵਿਚ 34.6 ਅਰਬ ਡਾਲਰ ਯਾਨੀ 2.54 ਲੱਖ ਕਰੋੜ ਰੁਪਏ ਦਾ ਸੋਨਾ ਦਰਾਮਦ ਕੀਤਾ ਗਿਆ ਹੈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਨਾਲੋਂ 22.58 ਫ਼ੀਸਦੀ ਜ਼ਿਆਦਾ ਹੈ। ਸੋਨੇ ਦੀ ਦਰਾਮਦ ਚਾਲੂ ਖਾਤੇ ਦੇ ਘਾਟੇ (ਕੈਡ) ਨੂੰ ਪ੍ਰਭਾਵਿਤ ਕਰਦੀ ਹੈ। ਉੱਥੇ ਹੀ, ਇਸ ਦੌਰਾਨ ਚਾਂਦੀ ਦੀ ਦਰਾਮਦ 71 ਫ਼ੀਸਦੀ ਘੱਟ ਕੇ 79.1 ਕਰੋੜ ਡਾਲਰ ਰਹੀ। ਵਣਜ ਮੰਤਰਾਲਾ ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ।

ਵਿੱਤੀ ਸਾਲ 2019-20 ਵਿਚ ਸੋਨੇ ਦੀ ਦਰਾਮਦ 28.23 ਅਰਬ ਡਾਲਰ ਰਹੀ ਸੀ। ਸੋਨੇ ਦੀ ਦਰਾਮਦ ਵਧਣ ਦੇ ਬਾਵਜੂਦ ਬੀਤੇ ਵਿੱਤੀ ਸਾਲ ਵਿਚ ਦੇਸ਼ ਦਾ ਵਪਾਰ ਘਾਟਾ ਘੱਟ ਹੋ ਕੇ 98.56 ਅਰਬ ਡਾਲਰ ਰਿਹਾ। 2019-20 ਵਿਚ ਇਹ 161.3 ਅਰਬ ਡਾਲਰ ਰਿਹਾ ਸੀ।

ਰਤਨ ਤੇ ਗਹਿਣਾ ਬਰਾਮਦ ਪ੍ਰੀਸ਼ਦ (ਜੀ. ਜੇ. ਈ. ਪੀ. ਸੀ.) ਦੇ ਚੇਅਰਮੈਨ ਕੋਲਿਨ ਸ਼ਾਹ ਨੇ ਕਿਹਾ ਕਿ ਘਰੇਲੂ ਮੰਗ ਵਧਣ ਨਾਲ ਸੋਨੇ ਦੀ ਦਰਾਮਦ ਵਧੀ ਹੈ। ਸ਼ਾਹ ਨੇ ਕਿਹਾ ਕਿ ਅਕਸ਼ੈ ਤ੍ਰਿਤੀਆ ਅਤੇ ਵਿਆਹ-ਸ਼ਾਦੀਆਂ ਦੇ ਸੀਜ਼ਨ ਵਿਚ ਸੋਨੇ ਦੀ ਦਰਾਮਦ ਹੋਰ ਵੱਧ ਸਕਦੀ ਹੈ। ਇਸ ਨਾਲ ਚਾਲੂ ਖਾਤੇ ਦਾ ਘਾਟਾ ਵੀ ਵਧੇਗਾ। ਦੇਸ਼ ਵਿਚ ਵਿਦੇਸ਼ੀ ਕਰੰਸੀ ਦੇ ਆਉਣ ਅਤੇ ਇੱਥੋਂ ਬਾਹਰ ਜਾਣ ਦਾ ਅੰਤਰ ਕੈਡ ਕਹਾਉਂਦਾ ਹੈ। ਭਾਰਤ ਸੋਨੇ ਦੀ ਦੁਨੀਆ ਵਿਚ ਸਭ ਤੋਂ ਵੱਧ ਦਰਾਮਦ ਕਰਦਾ ਹੈ। ਮੁੱਖ ਤੌਰ 'ਤੇ ਗਹਿਣਾ ਉਦਯੋਗ ਦੀ ਮੰਗ ਨੂੰ ਪੂਰਾ ਕਰਨ ਲਈ ਸੋਨਾ ਦਰਾਮਦ ਕੀਤਾ ਜਾਂਦਾ ਹੈ। ਭਾਰਤ ਹਰ ਸਾਲ 800 ਤੋਂ 900 ਟਨ ਸੋਨਾ ਦਰਾਮਦ ਕਰਦਾ ਹੈ। ਇਸ ਸਮੇਂ ਸੋਨੇ 'ਤੇ ਦਰਾਮਦ ਡਿਊਟੀ 10 ਫ਼ੀਸਦੀ ਹੈ, ਜੋ ਪਹਿਲਾਂ 12.5 ਫ਼ੀਸਦੀ ਸੀ।


Sanjeev

Content Editor Sanjeev