ਸੋਨੇ 'ਚ ਲਗਾਤਾਰ ਚੌਥੇ ਦਿਨ ਗਿਰਾਵਟ, ਜਾਣੋ ਕੀਮਤਾਂ
Saturday, Dec 09, 2017 - 03:27 PM (IST)

ਨਵੀਂ ਦਿੱਲੀ— ਦਿੱਲੀ ਸਰਾਫਾ ਬਾਜ਼ਾਰ 'ਚ ਮੰਗ ਸੁਸਤ ਰਹਿਣ ਕਾਰਨ ਅੱਜ ਸੋਨਾ ਲਗਾਤਾਰ ਚੌਥੇ ਦਿਨ ਗਿਰਾਵਟ 'ਚ ਰਿਹਾ। ਪਿਛਲੇ ਦਿਨ ਦੇ ਮੁੱਲ 29,750 ਰੁਪਏ ਦੇ ਮੁਕਾਬਲੇ ਸੋਨਾ 29,650 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਸੋਨਾ ਭਟੂਰ ਵੀ 100 ਰੁਪਏ ਘੱਟ ਕੇ 29,500 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ, ਜਦੋਂ ਕਿ 8 ਗ੍ਰਾਮ ਵਾਲੀ ਗਿੰਨੀ 24,400 ਰੁਪਏ 'ਤੇ ਜਿਓਂ ਦੀ ਤਿਓਂ ਟਿਕੀ ਰਹੀ। ਸੋਨੇ ਦੇ ਖਰੀਦਦਾਰਾਂ ਲਈ ਇਹ ਚੰਗਾ ਮੌਕਾ ਹੋ ਸਕਦਾ ਹੈ ਕਿਉਂਕਿ ਪਹਿਲਾਂ ਕੀਮਤਾਂ 31 ਹਜ਼ਾਰ ਦੇ ਨੇੜੇ ਸਨ। ਹਾਲ ਹੀ ਦੇ ਹਫਤੇ 'ਚ ਲਗਾਤਾਰ ਗਿਰਾਵਟ ਕਾਰਨ ਸੋਨਾ ਇਸ ਹੇਠਲੇ ਪੱਧਰ 'ਤੇ ਉਤਰਿਆ ਹੈ। ਇਸ ਦੇ ਇਲਾਵਾ ਉਦਯੋਗਿਕ ਮੰਗ 'ਚ ਸੁਧਾਰ ਨਾਲ ਚਾਂਦੀ 'ਚ ਅੱਜ ਗਿਰਾਵਟ ਰੁਕ ਗਈ। ਦੋ ਦਿਨਾਂ ਦੀ ਗਿਰਾਵਟ ਤੋਂ ਉਭਰਦੀ ਹੋਈ ਚਾਂਦੀ 200 ਰੁਪਏ ਵਧ ਕੇ 37,900 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਪਿਛਲੇ ਦੋ ਦਿਨਾਂ 'ਚ ਇਹ ਕੀਮਤੀ ਧਾਤੁ 975 ਰੁਪਏ ਡਿੱਗੀ ਸੀ।
ਉੱਥੇ ਹੀ, ਵਿਦੇਸ਼ੀ ਬਾਜ਼ਾਰਾਂ 'ਚ ਸ਼ੁਰੂਆਤੀ ਗਿਰਾਵਟ ਤੋਂ ਉਭਰਦੇ ਹੋਏ ਹਫਤੇ ਦੇ ਅਖੀਰ 'ਤੇ ਸ਼ੁੱਕਰਵਾਰ ਨੂੰ ਸੋਨਾ ਅਖੀਰ ਮਜ਼ਬੂਤੀ ਨਾਲ ਬੰਦ ਹੋਇਆ। ਇਹ 1.40 ਡਾਲਰ ਚਮਕ ਕੇ 1,248.25 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਭਵਿੱਖ 'ਚ ਕੀਮਤਾਂ 'ਚ ਗਿਰਾਵਟ ਦੇ ਖਦਸ਼ੇ ਕਾਰਨ ਫਰਵਰੀ ਦਾ ਅਮਰੀਕੀ ਸੋਨਾ ਵਾਇਦਾ 5.20 ਡਾਲਰ ਦੀ ਗਿਰਾਵਟ ਨਾਲ 1,247.90 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਹਾਲਾਂਕਿ ਚਾਂਦੀ ਸਥਿਰ ਰਹੀ। ਅਗਲੇ ਹਫਤੇ 12 ਅਤੇ 13 ਦਸੰਬਰ ਨੂੰ ਅਮਰੀਕੀ ਫੈਡਰਲ ਰਿਜ਼ਰਵ ਦੀ ਬੈਠਕ ਹੋਣੀ ਹੈ। ਉਸ 'ਚ ਵਿਆਜ ਦਰਾਂ 'ਚ ਵਾਧੇ ਦੀ ਸੰਭਾਵਨਾ ਹੈ। ਇਸ ਲਈ ਅਜੇ ਨਿਵੇਸ਼ਕ ਸਾਵਧਾਨੀ ਵਰਤ ਰਹੇ ਹਨ, ਜਿਸ ਕਾਰਨ ਸੋਨੇ 'ਤੇ ਦਬਾਅ ਹੈ।