2020 ''ਚ ਭਾਰਤ ਦੀ ਸੋਨੇ ਦੀ ਮੰਗ 35 ਫ਼ੀਸਦੀ ਘੱਟ ਕੇ 446 ਟਨ ''ਤੇ ਆਈ
Thursday, Jan 28, 2021 - 04:49 PM (IST)
ਨਵੀਂ ਦਿੱਲੀ- ਪਿਛਲੇ ਸਾਲ ਯਾਨੀ 2020 ਵਿਚ ਦੇਸ਼ ਦੀ ਸੋਨੇ ਦੀ ਮੰਗ 35 ਫ਼ੀਸਦੀ ਤੋਂ ਜ਼ਿਆਦਾ ਘੱਟ ਕੇ 446.4 ਟਨ ਰਹਿ ਗਈ। ਇਹ ਜਾਣਕਾਰੀ ਵਰਲਡ ਗੋਲਡ ਕੌਂਸਲ (ਡਬਲਿਊ. ਜੀ. ਸੀ.) ਦੀ ਇਕ ਰਿਪੋਰਟ ਵਿਚ ਦਿੱਤੀ ਗਈ ਹੈ। ਡਬਲਿਊ. ਜੀ. ਸੀ. ਦੀ 2020 ਸੋਨੇ ਦੀ ਮੰਗ 'ਤੇ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਕਾਰਨ ਲਾਗੂ ਕੀਤੀ ਤਾਲਾਬੰਦੀ ਅਤੇ ਬਹੁਮੁੱਲੀ ਧਾਤਾਂ ਦੀ ਕੀਮਤ ਰਿਕਾਰਡ ਉੱਚ ਪੱਧਰ 'ਤੇ ਪਹੁੰਚਣ ਦੌਰਾਨ ਸੋਨੇ ਦੀ ਮੰਗ ਵਿਚ ਗਿਰਾਵਟ ਆਈ।
ਹਾਲਾਂਕਿ, ਨਾਲ ਹੀ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਹੁਣ ਸਥਿਤੀ ਸਧਾਰਣ ਹੋ ਰਹੀ ਹੈ ਅਤੇ ਨਿਰੰਤਰ ਸੁਧਾਰਾਂ ਨਾਲ ਉਦਯੋਗ ਨੂੰ ਮਜ਼ਬੂਤ ਹੋਇਆ ਹੈ। ਇਸ ਲਈ ਸਾਲ 2021 ਵਿਚ ਸੋਨੇ ਦੀ ਮੰਗ ਵਿਚ ਸੁਧਾਰ ਹੋਣ ਦੀ ਉਮੀਦ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਦੀ ਸੋਨੇ ਦੀ ਮੰਗ 2020 ਵਿਚ 35.34 ਫ਼ੀਸਦੀ ਘੱਟ ਕੇ 446.4 ਟਨ ਰਹਿ ਗਈ ਜੋ 2019 ਵਿਚ 690.4 ਟਨ ਸੀ।
ਡਬਲਿਊ. ਜੀ. ਸੀ. ਦੇ ਅੰਕੜਿਆਂ ਅਨੁਸਾਰ, ਪਿਛਲੇ ਸਾਲ ਮੁੱਲ ਦੇ ਹਿਸਾਬ ਨਾਲ ਸੋਨੇ ਦੀ ਮੰਗ 14 ਫ਼ੀਸਦੀ ਘੱਟ ਕੇ 1,88,280 ਕਰੋੜ ਰੁਪਏ ਰਹੀ। 2019 ਵਿਚ ਮੁੱਲ ਦੇ ਹਿਸਾਬ ਨਾਲ ਸੋਨੇ ਦੀ ਮੰਗ 2,17,770 ਕਰੋੜ ਰੁਪਏ ਰਹੀ ਸੀ। ਇਸ ਵਿਚਕਾਰ ਗਹਿਣਿਆਂ ਦੀ ਕੁੱਲ ਮੰਗ ਸਾਲ 2020 ਵਿਚ 42 ਫ਼ੀਸਦੀ ਘੱਟ ਕੇ 315.9 ਟਨ ਰਹਿ ਗਈ, ਜੋ 2019 ਵਿਚ 544.6 ਟਨ ਸੀ। ਮੁੱਲ ਦੇ ਹਿਸਾਬ ਨਾਲ ਇਹ ਪਿਛਲੇ ਸਾਲ ਦੇ 1,71,790 ਕਰੋੜ ਰੁਪਏ ਤੋਂ 22.42 ਫ਼ੀਸਦੀ ਘੱਟ ਕੇ 1,33,260 ਕਰੋੜ ਰੁਪਏ ਰਹੀ।