ਸੋਨਾ-ਚਾਂਦੀ ਹਫਤੇ ਦੌਰਾਨ ਰਹੇ ਕਮਜ਼ੋਰ

10/29/2017 3:31:49 PM

ਨਵੀਂ ਦਿੱਲੀ— ਕੌਮਾਂਤਰੀ ਬਾਜ਼ਾਰਾਂ ਵਿੱਚ ਦੋਵੇਂ ਕੀਮਤੀ ਧਾਤਾਂ ਦੀ ਚਮਕ ਫਿੱਕੀ ਪੈਣ ਅਤੇ ਸਥਾਨਕ ਪੱਧਰ 'ਤੇ ਮੰਗ ਸੁਸਤ ਰਹਿਣ ਨਾਲ ਦਿੱਲੀ ਸਰਾਫਾ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਦੂਜੇ ਹਫਤੇ ਗਿਰਾਵਟ ਦਾ ਰੁਖ਼ ਹਾਵੀ ਰਿਹਾ।ਕਮਜ਼ੋਰ ਮੰਗ ਨਾਲ ਬੀਤੇ ਹਫਤੇ ਸੋਨਾ 300 ਰੁਪਏ ਟੁੱਟ ਕੇ 30,350 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਅਤੇ ਚਾਂਦੀ 650 ਰੁਪਏ ਘੱਟ ਕੇ 40,250 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।ਇਸ ਤੋਂ ਪਿਛਲੇ ਹਫਤੇ ਸੋਨਾ 200 ਰੁਪਏ ਪ੍ਰਤੀ ਦਸ ਗ੍ਰਾਮ ਟੁੱਟਿਆ ਸੀ ਅਤੇ ਚਾਂਦੀ 650 ਰੁਪਏ ਪ੍ਰਤੀ ਕਿਲੋਗ੍ਰਾਮ ਸਸਤੀ ਹੋਈ ਸੀ।
   
ਪਿਛਲੇ ਹਫਤੇ ਕੀਮਤੀ ਧਾਤਾਂ ਵਿੱਚ ਉਤਾਰਅ-ਚੜ੍ਹਾਅ ਵੇਖਿਆ ਗਿਆ ਗਿਆ।ਇਸ ਦੌਰਾਨ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਤੁਲਨਾ ਵਿੱਚ ਡਾਲਰ ਦੀ ਤੇਜ਼ੀ ਦਾ ਅਸਰ ਸੋਨੇ 'ਤੇ ਕਾਫ਼ੀ ਰਿਹਾ।ਸੰਸਾਰਕ ਬਾਜ਼ਾਰਾਂ ਵਿੱਚ ਵੀ ਦੋਹਾਂ ਕੀਮਤੀ ਧਾਤਾਂ ਵਿੱਚ ਗਿਰਾਵਟ ਦਾ ਰੁਖ਼ ਹਾਵੀ ਰਿਹਾ।ਕੌਮਾਂਤਰੀ ਬਾਜ਼ਾਰ ਵਿੱਚ ਸੋਨਾ ਹਾਜ਼ਰ ਸੱਤ ਡਾਲਰ ਘੱਟ ਕੇ 1,273.05 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ।ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 7.20 ਡਾਲਰ ਡਿੱਗ ਕੇ 1,274.60 ਪ੍ਰਤੀ ਔਂਸ 'ਤੇ ਆ ਗਿਆ।ਚਾਂਦੀ ਹਾਜ਼ਰ 0.16 ਡਾਲਰ ਟੁੱਟ ਕੇ ਸ਼ੁੱਕਰਵਾਰ ਨੂੰ 16.81 ਡਾਲਰ ਪ੍ਰਤੀ ਔਂਸ 'ਤੇ ਵਿਕੀ।ਕਾਰੋਬਾਰੀਆਂ ਦਾ ਕਹਿਣਆ ਹੈ ਕਿ ਇਸ ਵਾਰ ਦੀਵਾਲੀ ਅਤੇ ਧਨਤੇਰਸ ਦੇ ਤਿਉਹਾਰ ਦੌਰਾਨ ਵੀ ਸੋਨੇ ਦੀ ਮੰਗ ਸੁਸਤ ਰਹੀ। ਆਮ ਤੌਰ 'ਤੇ ਦੀਵਾਲੀ ਅਤੇ ਧਨਤੇਰਸ ਤੋਂ ਬਾਅਦ ਦੋਹਾਂ ਕੀਮਤੀ ਧਾਤਾਂ ਦੀ ਮੰਗ ਘਟਦੀ ਹੈ ਪਰ ਇਸ ਵਾਰ ਬਾਜ਼ਾਰ 'ਚ ਗਾਹਕੀ ਘੱਟ ਹੋਈ। ਇਸ ਦੇ ਇਲਾਵਾ ਸਰਕਾਰ ਨੇ ਪਿਛਲੇ ਕੁਝ ਦਿਨਾਂ ਤੋਂ ਗੋਲਡ ਬਾਂਡ ਦੀ ਵਿਕਰੀ ਵੀ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਗਹਿਣੇ ਖਰੀਦਣ ਵਾਲੇ ਲੋਕ ਵੀ ਲਾਭ ਲਈ ਗੋਲਡ ਬਾਂਡ 'ਚ ਦਿਲਚਸਪੀ ਲੈਣ ਲੱਗੇ ਹਨ। ਸੰਸਾਰਕ ਪੱਧਰ 'ਤੇ ਕੈਟਾਲੋਨੀਆ ਦੀ ਘਟਨਾ ਨਾਲ ਸੋਨੇ ਨੂੰ ਸਮਰਥਨ ਮਿਲਿਆ ਪਰ ਡਾਲਰ ਦੀ ਮਜ਼ਬੂਤੀ ਨਾਲ ਇਸ 'ਚ ਸੁਧਾਰ ਨਹੀਂ ਹੋਇਆ।


Related News