ਵਿੱਤੀ ਸਾਲ 2020-21 ਦੀ ਤੀਜੀ ਤਿਮਾਹੀ ਦੇ GDP ਅੰਕੜੇ ਅੱਜ ਹੋਣਗੇ ਜਾਰੀ

2/26/2021 10:57:42 AM

ਨਵੀਂ ਦਿੱਲੀ- ਵਿੱਤੀ ਸਾਲ 2020-21 ਦੀ ਪਹਿਲੀ ਅਤੇ ਦੂਜੀ ਤਿਮਾਹੀ ਵਿਚ ਕੋਵਿਡ-19 ਮਹਾਮਾਰੀ ਕਾਰਨ ਤਾਲਾਬੰਦੀ ਦੇ ਪ੍ਰਭਾਵ ਵਜੋਂ ਰਹੀ ਗਿਰਾਵਟ ਮਗਰੋਂ ਤੀਜੀ ਤਿਮਾਹੀ ਦੇ ਜੀ. ਡੀ. ਪੀ. ਦੇ ਅੰਕੜੇ ਅੱਜ ਐਲਾਨੇ ਜਾਣਗੇ। ਪਹਿਲੀ ਤਿਮਾਹੀ ਵਿਚ 23.9 ਫ਼ੀਸਦੀ ਅਤੇ ਦੂਜੀ ਤਿਮਾਹੀ ਵਿਚ 7.5 ਫ਼ੀਸਦੀ ਗਿਰਾਵਟ ਰਹੀ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਤੀਜੀ ਤਿਮਾਹੀ ਵਿਚ ਜੀ. ਡੀ. ਪੀ. ਵਿਚ ਬਿਹਤਰ ਸਥਿਤੀ ਦੇਖਣ ਨੂੰ ਮਿਲ ਸਕਦੀ ਹੈ।

ਕੋਵਿਡ-19 ਦੇ ਮਾਮਲਿਆਂ ਵਿਚ ਕਮੀ ਅਤੇ ਸਰਕਾਰੀ ਖ਼ਰਚ ਵਧਣ ਦੇ ਮੱਦੇਨਜ਼ਰ ਵਿਸ਼ਲੇਸ਼ਕਾਂ ਨੂੰ ਉਮੀਦ ਹੈ ਕਿ ਤੀਜੀ ਤਿਮਾਹੀ ਵਿਚ ਜੀ. ਡੀ. ਪੀ. ਸਕਾਰਾਤਮਕ ਰੁਖ਼ ਵਿਚ ਆ ਸਕਦੀ ਹੈ।

ਡੀ. ਬੀ. ਐੱਸ. ਬੈਂਕ ਮੁਤਾਬਕ, ਤੀਜੀ ਤਿਮਾਹੀ ਵਿਚ ਜੀ. ਡੀ. ਪੀ. ਦੀ ਵਿਕਾਸ ਦਰ 1.3 ਫ਼ੀਸਦੀ ਰਹਿ ਸਕਦੀ ਹੈ। ਬਲੂਮਬਰਗ ਦੇ ਸਰਵੇ ਮੁਤਾਬਕ, ਇਸ ਦੇ 0.5 ਫ਼ੀਸਦੀ ਰਹਿਣ ਦਾ ਅਨੁਮਾਨ ਹੈ। ਹਾਲਾਂਕਿ, ਪੂਰੇ ਵਿੱਤੀ ਸਾਲ ਵਿਚ ਜੀ. ਡੀ. ਪੀ. ਦਰ ਨੈਗੇਟਿਵਟ 6.8 ਫ਼ੀਸਦੀ ਰਹਿ ਸਕਦੀ ਹੈ।

ਇਸ ਵਿਚਕਾਰ ਜਨਵਰੀ ਵਿਚ ਆਰਥਿਕ ਗਤੀਵਧੀਆਂ ਵਿਚ ਤੇਜ਼ੀ ਆਈ ਹੈ। ਬਾਰਮਦ ਵੀ ਵਧੀ ਹੈ। ਇੰਜੀਨੀਅਰਿੰਗ ਸਾਮਾਨ, ਰਤਨ ਤੇ ਗਹਿਣੇ ਅਤੇ ਟੈਕਸਟਾਈਲ ਦੀ ਬਰਾਮਦ ਵਿਚ ਤੇਜ਼ੀ ਆਈ ਹੈ। ਜਨਵਰੀ ਵਿਚ ਕਾਰਾਂ ਦੀ ਵਿਕਰੀ ਵੀ ਸਾਲਾਨਾ ਆਧਾਰ 'ਤੇ 11.4 ਫ਼ੀਸਦੀ ਵਧੀ ਹੈ। ਇਸ ਸਾਲ ਦੇ ਆਰਥਿਕ ਸਰਵੇ ਵਿਚ ਅਗਲੇ ਵਿੱਤੀ ਸਾਲ ਵਿਚ ਅਰਥਵਿਵਸਥਾ ਵਿਚ 11 ਫ਼ੀਸਦੀ ਵਾਧੇ ਦਾ ਅਨੁਮਾਨ ਜਤਾਇਆ ਗਿਆ ਹੈ। ਆਰ. ਬੀ. ਆਈ. ਨੇ ਇਸ ਦੇ 10.5 ਫ਼ੀਸਦੀ ਅਤੇ ਆਈ. ਐੱਮ. ਐੱਫ. ਨੇ 11.5 ਫ਼ੀਸਦੀ ਰਹਿਣ ਦਾ ਅਨੁਮਾਨ ਜਤਾਇਆ ਹੈ।


Sanjeev

Content Editor Sanjeev