‘ਗੌਤਮ ਅਡਾਨੀ ਨੇ ਇਕ ਦਿਨ ’ਚ ਗੁਆਏ 14362 ਕਰੋੜ ਰੁਪਏ, ਅਮੀਰਾਂ ਦੀ ਸੂਚੀ ’ਚ 3 ਸਥਾਨ ਡਿੱਗੇ’

Sunday, May 16, 2021 - 08:09 PM (IST)

‘ਗੌਤਮ ਅਡਾਨੀ ਨੇ ਇਕ ਦਿਨ ’ਚ ਗੁਆਏ 14362 ਕਰੋੜ ਰੁਪਏ, ਅਮੀਰਾਂ ਦੀ ਸੂਚੀ ’ਚ 3 ਸਥਾਨ ਡਿੱਗੇ’

ਨਵੀਂ ਦਿੱਲੀ (ਇੰਟ.) – ਅਡਾਨੀ ਗਰੁੱਪ ਦੀਆਂ 6 ਲਿਸਟਿਡ ਕੰਪਨੀਆਂ ’ਚੋਂ 5 ਦੇ ਸ਼ੇਅਰਾਂ ’ਚ ਸ਼ੁੱਕਰਵਾਰ ਨੂੰ ਗਿਰਾਵਟ ਆਈ। ਬਲੂਮਬਰਗ ਬਿਲੇਨੀਅਰਸ ਇੰਡੈਕਸ ਮੁਤਾਬਕ ਇਸ ਨਾਲ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੀ ਨੈੱਟਵਰਥ ’ਚ 1.96 ਅਰਬ ਡਾਲਰ ਯਾਨੀ ਕਰੀਬ 14,362 ਕਰੋੜ ਰੁਪਏ ਦੀ ਕਮੀ ਆਈ। ਇਸ ਦੇ ਨਾਲ ਹੀ ਉਹ 59.8 ਅਰਬ ਡਾਲਰ ਦੀ ਨੈੱਟਵਰਥ ਨਾਲ ਦੁਨੀਆ ਦੇ ਅਮੀਰਾਂ ਦੀ ਸੂਚੀ ’ਚ 3 ਸਥਾਨ ਡਿੱਗ ਕੇ 20ਵੇਂ ਨੰਬਰ ’ਤੇ ਆ ਗਏ। ਜਿੱਥੋਂ ਤੱਕ ਏਸ਼ੀਆ ਦੀ ਗੱਲ ਹੈ ਤਾਂ ਉਹ ਮੁਕੇਸ਼ ਅੰਬਾਨੀ ਅਤੇ ਚੀਨ ਦੇ ਝੋਂਗ ਸ਼ੈਨਸ਼ੈਨ ਤੋਂ ਬਾਅਦ ਤੀਜੇ ਨੰਬਰ ’ਤੇ ਹਨ।

ਅਡਾਨੀ ਗਰੁੱਪ ਦੀਆਂ 6 ਲਿਸਟਿਡ ਕੰਪਨੀਆਂ ’ਚੋਂ 5 ਦੇ ਸ਼ੇਅਰਾਂ ’ਚ ਸ਼ੁੱਕਰਵਾਰ ਨੂੰ ਗਿਰਾਵਟ ਆਈ। ਅਡਾਨੀ ਐਂਟਰਪ੍ਰਾਈਜ਼ਜ਼ ਦਾ ਸ਼ੇਅਰ 5.03 ਫੀਸਦੀ, ਅਡਾਨੀ ਪੋਰਟਸ ਐਂਡ ਸਪੈਸ਼ਲ ਜ਼ੋਨ ਲਿਮਟਿਡ ਦਾ ਸ਼ੇਅਰ 2.36 ਫੀਸਦੀ, ਅਡਾਨੀ ਟੋਟਲ ਗੈਸ ਦਾ ਸ਼ੇਅਰ 9.10 ਫੀਸਦੀ, ਅਡਾਨੀ ਟ੍ਰਾਂਸਮਿਸ਼ਨ ਦਾ ਸ਼ੇਅਰ 5 ਫੀਸਦੀ ਅਤੇ ਅਡਾਨੀ ਪਾਵਰ ਦਾ ਸ਼ੇਅਰ 1.64 ਫੀਸਦੀ ਟੁੱਟਾ। ਸਿਰਫ ਅਡਾਨੀ ਗ੍ਰੀਨ ਐਨਰਜੀ ਦੇ ਸ਼ੇਅਰ ’ਚ 3.63 ਫੀਸਦੀ ਤੇਜ਼ੀ ਆਈ। ਅਡਾਨੀ ਗਰੁੱਪ ਦੀਆਂ 5 ਕੰਪਨੀਆਂ ਦਾ ਮਾਰਕੀਟ ਕੈਪ ਇਕ ਲੱਖ ਕਰੋੜ ਰੁਪਏ ਤੋਂ ਵੱਧ ਹੈ।

ਮੁਕੇਸ਼ ਅੰਬਾਨੀ 13ਵੇਂ ਸਥਾਨ ’ਤੇ

ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਬਲੂਮਬਰਗ ਬਿਲੇਨੀਅਰਸ ਇੰਡੈਕਸ ’ਚ ਮੁਕੇਸ਼ ਅੰਬਾਨੀ 13ਵੇਂ ਸਥਾਨ ’ਤੇ ਬਣੇ ਹੋਏ ਹਨ। ਇਸ ਸਾਲ ਉਨ੍ਹਾਂ ਦੀ ਨੈੱਟਵਰਥ ’ਚ 2.39 ਅਰਬ ਡਾਲਰ ਦੀ ਕਮੀ ਆਈ ਹੈ। ਉਹ 74.3 ਅਰਬ ਡਾਲਰ ਦੀ ਨੈੱਟਵਰਥ ਨਾਲ ਏਸ਼ੀਆ ’ਚ ਪਹਿਲੇ ਸਥਾਨ ’ਤੇ ਹਨ।

ਰਿਲਾਇੰਸ ਦਾ ਸ਼ੇਅਰ 16 ਸਤੰਬਰ 2020 ਨੂੰ 2369 ਰੁਪਏ ਦੇ ਰਿਕਾਰਡ ਪੱਧਰ ’ਤੇ ਪਹੁੰਚਿਆ ਸੀ। ਉਦੋਂ ਰਿਲਾਇੰਸ ਦਾ ਮਾਰਕੀਟ ਕੈਪ 16 ਲੱਖ ਕਰੋੜ ਰੁਪਏ ਤੋਂ ਪਾਰ ਪਹੁੰਚ ਗਿਆ ਸੀ। ਇਸ ਦੇ ਨਾਲ ਹੀ ਅੰਬਾਨੀ ਦੀ ਨੈੱਟਵਰਥ 90 ਅਰਬ ਡਾਲਰ ਪਹੁੰਚ ਗਈ ਸੀ ਅਤੇ ਉਹ ਦੁਨੀਆ ਦੇ ਅਮੀਰਾਂ ਦੇ ਸੂਚੀ ’ਚ ਚੌਥੇ ਸਥਾਨ ’ਤੇ ਆ ਗਏ ਸਨ ਪਰ ਇਸ ਤੋਂ ਬਾਅਦ ਕੰਪਨੀ ਦੇ ਸ਼ੇਅਰਾਂ ’ਚ ਗਿਰਾਵਟ ਨਾਲ ਅੰਬਾਨੀ ਟੌਪ 10 ਤੋਂ ਬਾਹਰ ਹੋ ਗਏ।

ਕੌਣ ਹੈ ਸਭ ਤੋਂ ਵੱਡਾ ਅਮੀਰ

ਬਲੂਮਬਰਗ ਬਿਲੇਨੀਅਰਸ ਇੰਡੈਕਸ ਮੁਤਾਬਕ ਐਮਾਜ਼ੋਨ ਦੇ ਜੈੱਫ ਬੇਜੋਸ ਦੁਨੀਆ ਦੇ ਸਭ ਤੋਂ ਵੱਡੇ ਅਮੀਰ ਬਣੇ ਹੋਏ ਹਨ। ਉਨ੍ਹਾਂ ਦੀ ਨੈੱਟਵਰਥ 188 ਅਰਬ ਡਾਲਰ ਹੈ। ਦੁਨੀਆ ਦੀ ਸਭ ਤੋਂ ਵੈਲਿਊਏਬਲ ਆਟੋ ਕੰਪਨੀ ਟੈਸਲਾ ਅਤੇ ਸਪੇਸਐਕਸ ਦੇ ਸੀ. ਈ. ਓ. ਐਲਨ ਮਸਕ 164 ਅਰਬ ਡਾਲਰ ਦੀ ਨੈੱਟਵਰਥ ਨਾਲ ਦੂਜੇ ਸਥਾਨ ’ਤੇ ਹਨ। ਫ੍ਰਾਂਸੀਸੀ ਬਿਜ਼ਨੈੱਸਮੈਨ ਬਰਨਾਰਡ ਆਰਨਾਲਟ 161 ਅਰਬ ਡਾਲਰ ਦੀ ਨੈੱਟਵਰਥ ਨਾਲ ਇਸ ਲਿਸਟ ’ਚ ਤੀਜੇ ਸਥਾਨ ’ਤੇ ਹਨ।

ਬਿਲ ਗੇਟਸ ਚੌਥੇ ਨੰਬਰ ’ਤੇ

ਮਾਈਕ੍ਰੋਸਾਫਟ ਦੇ ਕੋ-ਫਾਊਂਡਰ ਬਿਲ ਗੇਟਸ ਇਸ ਸੂਚੀ ’ਚ 144 ਅਰਬ ਡਾਲਰ ਤੀਜੇ ਨੰਬਰ ’ਤੇ ਹਨ। ਅਮਰੀਕਨ ਮੀਡੀਆ ਦੇ ਦਿੱਗਜ਼ ਅਤੇ ਫੇਸਬੁੱਕ ਦੇ ਸੀ. ਈ. ਓ. ਮਾਰਕ ਜ਼ੁਕਰਬਰਗ 118 ਅਰਬ ਡਾਲਰ ਦੀ ਵੈਲਥ ਨਾਲ 5ਵੇਂ ਸਥਾਨ ’ਤੇ ਹਨ। ਮਸ਼ਹੂਰ ਨਿਵੇਸ਼ਕ ਵਾਰੇਨ ਬਫੇ 110 ਅਰਬ ਡਾਲਰ ਦੀ ਨੈੱਟਵਰਥ ਨਾਲ ਛੇਵੇਂ ਨੰਬਰ ’ਤੇ ਹਨ।

ਟੌਪ 10 ’ਚੋਂ 9 ਅਮਰੀਕਾ ਦੇ

ਅਮਰੀਕੀ ਕੰਪਿਊਟਰ ਸਾਇੰਟਿਸਟ ਅਤੇ ਇੰਟਰਨੈੱਟ ਉੱਦਮੀ ਲੈਰੀ ਪੇਜ 104 ਅਰਬ ਡਾਲਰ ਨਾਲ 7ਵੇਂ, ਗੂਗਲ ਦੇ ਕੋ-ਫਾਊਂਡਰ ਸਰਗੇਈ ਬਿਨ 101 ਅਰਬ ਡਾਲਰ ਨਾਲ 8ਵੇਂ, ਲੈਰੀ ਐਲੀਸਨ 91.1 ਅਰਬ ਡਾਲਰ ਨੈੱਟਵਰਥ ਨਾਲ 9ਵੇਂ ਅਤੇ ਅਮਰੀਕੀ ਬਿਜ਼ਨੈੱਸਮੈਨ ਅਤੇ ਨਿਵੇਸ਼ਕ ਸਟੀਵ ਬਾਲਮਰ 89.7 ਅਰਬ ਡਾਲਰ ਦੀ ਨੈੱਟਵਰਥ ਨਾਲ 10ਵੇਂ ਸਥਾਨ ’ਤੇ ਹਨ।


author

Harinder Kaur

Content Editor

Related News