ਗੇਲ ਦੇ ਵਿਭਾਜਨ ਦੀ ਯੋਜਨਾ ਰੱਦ, ਕੰਪਨੀ ਹੁਣ ਇਨਵਿਟ ਜ਼ਰੀਏ ਜੁਟਾਏਗੀ ਪੈਸਾ

06/09/2021 10:10:46 PM

ਨਵੀਂ ਦਿੱਲੀ- ਜਨਤਕ ਖੇਤਰ ਦੀ ਗੇਲ (ਇੰਡੀਆ) ਲਿਮਟਿਡ ਦੇ ਵਿਭਾਜਨ ਦਾ ਪ੍ਰਸਤਾਵ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ। ਇਸ ਦੀ ਜਗ੍ਹਾ ਕੰਪਨੀ ਇਨਵਿਟ ਜ਼ਰੀਏ ਪਾਇਪਲਾਈਨ ਕਾਰੋਬਾਰ ਵਿਚ ਕੁਝ ਹਿੱਸੇਦਾਰੀ ਵੇਚ ਕੇ ਉਸ ਤੋਂ ਪੈਸੇ ਜੁਟਾਏਗੀ। ਗੇਲ ਦੇ ਚੇਅਰਮੈਨ ਤੇ ਪ੍ਰਬੰਧਕ ਨਿਰਦੇਸ਼ਕ ਮਨੋਜ ਜੈਨ ਨੇ ਕਿਹਾ ਕਿ ਕੰਪਨੀ ਨੇ ਆਪਣੇ ਦੋ ਪਾਇਪਲਾਈਨ ਪ੍ਰਾਜੈਕਟ ਬਾਜ਼ਾਰ ਵਿਚ ਪੇਸ਼ ਕਰਨ ਨੂੰ ਲੈ ਕੇ ਯੋਜਨਾ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲਾ ਨੂੰ ਭੇਜੀ ਹੈ। ਜੇਕਰ ਮਨਜ਼ੂਰੀ ਹੋ ਜਾਂਦੀ ਹੈ ਤਾਂ ਇੰਫਰਾਸਟ੍ਰਕਚਰ ਨਿਵੇਸ਼ ਟਰੱਸਟ (ਇਨਵਿਟ) ਚਾਲੂ ਵਿੱਤੀ ਸਾਲ ਵਿਚ ਹੀ ਸੰਭਵ ਹੈ।

ਗੇਲ ਦੇਸ਼ ਦੀ ਸਭ ਤੋਂ ਵੱਡੀ ਕੁਦਰਤੀ ਗੈਸ ਮਾਰਕੀਟਿੰਗ ਅਤੇ ਵਪਾਰਕ ਕੰਪਨੀ ਹੈ। ਦੇਸ਼ ਵਿਚ 17,126 ਕਿਲੋਮੀਟਰ ਗੈਸ ਪਾਈਪਲਾਈਨ ਨੈੱਟਵਰਕ ਦਾ ਲਗਭਗ ਤਿੰਨ-ਚੌਥਾਈ ਹਿੱਸਾ ਕੰਪਨੀ ਦੇ ਅਧੀਨ ਹੈ। ਇਸ ਨਾਲ ਗੇਲ ਦੀ ਬਾਜ਼ਾਰ ਵਿਚ ਮਜਬੂਤ ਸਥਿਤੀ ਹੈ। 

ਕੰਪਨੀ ਦੇ ਵਿੱਤੀ ਨਤੀਜਿਆਂ ਦੇ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈਨ ਨੇ ਕਿਹਾ, "ਇਸ ਸਬੰਧ ਵਿਚ ਕੋਈ ਪ੍ਰਸਤਾਵ ਨਹੀਂ ਹੈ।" ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਕੰਪਨੀ ਦੇ ਪਾਈਪਲਾਈਨ ਕਾਰੋਬਾਰ ਨੂੰ ਨਵੀਂ ਸਹਾਇਕ ਕੰਪਨੀ ਵਿਚ ਤਬਦੀਲ ਕਰਨ ਦੇ ਪ੍ਰਸਤਾਵ ਦਾ ਕੀ ਹੋਇਆ। ਇਸ ਪ੍ਰਸਤਾਵ ਤਹਿਤ ਗੇਲ ਕੋਲ ਕੁਦਰਤੀ ਗੈਸ ਮਾਰਕੀਟਿੰਗ ਅਤੇ ਪੈਟਰੋਰਸਾਇਣ ਉਤਪਾਦਨ ਦਾ ਕਾਰੋਬਾਰ ਰਹਿ ਜਾਣਾ ਸੀ। ਜੈਨ ਨੇ ਕਿਹਾ ਕਿ ਗੇਲ ਪਾਇਪਲਾਈਨਾਂ ਨੂੰ ਬਾਜ਼ਾਰ ਵਿਚ ਉਤਾਰਨ ਲਈ ਇਨਵਿਟ ਜ਼ਰੀਏ ਮਾਮੂਲੀ ਹਿੱਸੇਦਾਰੀ ਵੇਚੇਗੀ। ਇਸ ਜ਼ਰੀਏ ਗੇਲ ਨੂੰ ਤੁਰੰਤ ਪੈਸੇ ਮਿਲਣਗੇ ਅਤੇ ਇਸ ਦੀ ਵਰਤੋਂ ਪੂੰਜੀ ਖ਼ਰਚ ਵਿਚ ਕੀਤੀ ਜਾ ਸਕਦੀ ਹੈ। ਇਨਵਿਟ ਮਿਊਚੁਅਲ ਫੰਡ ਦੀ ਤਰ੍ਹਾਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਜ਼ਰੀਏ ਸ਼ੁਰੂ ਵਿਚ 10-20 ਫ਼ੀਸਦ ਹਿੱਸੇਦਾਰੀ ਵੇਚੀ ਜਾ ਸਕਦੀ ਹੈ।


Sanjeev

Content Editor

Related News