'ਕੋਰੋਨਾ' ਕਾਰਨ ਪੈਟਰੋਲ-ਡੀਜ਼ਲ 'ਚ ਭਾਰੀ ਗਿਰਾਵਟ ਦਾ ਖਦਸ਼ਾ, ਜਾਣੋ ਕੀ ਹੈ ਵਜ੍ਹਾ

01/25/2020 8:55:27 AM

ਨਵੀਂ ਦਿੱਲੀ—  'ਕੋਰੋਨਾ ਵਾਇਰਸ' ਦਾ ਪ੍ਰਭਾਵ ਤੇਲ ਬਾਜ਼ਾਰ 'ਚ ਖਾਸਾ ਦੇਖਣ ਨੂੰ ਮਿਲ ਰਿਹਾ ਹੈ। ਕੱਚੇ ਤੇਲ ਦੀ ਭਾਰੀ ਸਪਲਾਈ ਵਿਚਕਾਰ 'ਕੋਰੋਨਾ ਵਾਇਰਸ' ਦੇ ਡਰ ਕਾਰਨ ਮੰਗ ਪ੍ਰਭਾਵਿਤ ਹੋਣ ਦੀ ਚਿੰਤਾ ਖੜ੍ਹੀ ਹੋ ਗਈ ਹੈ, ਜਿਸ ਦੇ ਮੱਦੇਨਜ਼ਰ ਕੌਮਾਂਤਰੀ ਬਾਜ਼ਾਰ 'ਚ ਤੇਲ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

 

ਇਸ ਨਾਲ ਪਿਛਲੇ 13 ਦਿਨਾਂ 'ਚ ਲਗਭਗ 1.50 ਰੁਪਏ ਪ੍ਰਤੀ ਲਿਟਰ ਸਸਤੇ ਹੋ ਚੁੱਕੇ ਪੈਟਰੋਲ-ਡੀਜ਼ਲ ਕੀਮਤਾਂ 'ਚ ਹੋਰ ਕਮੀ ਹੋ ਸਕਦੀ ਹੈ। ਇਸ ਹਫਤੇ ਹੁਣ ਤੱਕ ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ ਤਕਰੀਬਨ 5 ਫੀਸਦੀ ਡਿੱਗ ਕੇ ਲਗਭਗ 60 ਡਾਲਰ ਪ੍ਰਤੀ ਬੈਰਲ 'ਤੇ ਆ ਚੁੱਕਾ ਹੈ।

ਇਹ ਵਾਇਰਸ ਹੁਣ ਤੱਕ 1,300 ਤੋਂ ਵੱਧ ਲੋਕਾਂ ਨੂੰ ਸੰਕਰਮਿਤ ਤੇ 41 ਦੀ ਜਾਨ ਲੈ ਚੁੱਕਾ ਹੈ ਅਤੇ ਘੱਟੋ-ਘੱਟ ਸੱਤ ਹੋਰ ਦੇਸ਼ਾਂ 'ਚ ਇਸ ਦੇ ਪਸਾਰ ਦੀ ਖਬਰ ਹੈ। ਬਾਜ਼ਾਰ ਨੂੰ ਡਰ ਹੈ ਕਿ ਇਸ ਪ੍ਰਕੋਪ ਨਾਲ ਯਾਤਰਾ, ਤੇਲ ਦੀ ਮੰਗ ਅਤੇ ਚੀਨ ਦੇ ਆਰਥਿਕ ਵਿਕਾਸ ਨੂੰ ਝਟਕਾ ਲੱਗੇਗਾ। ਚੀਨ ਵਿਸ਼ਵ ਦਾ ਸਭ ਤੋਂ ਤੇਜ਼ੀ ਨਾਲ ਵੱਧ ਰਿਹਾ ਤੇਲ ਖਪਤਕਾਰ ਹੈ। ਕੋਰੋਨਾ ਵਾਇਰਸ ਫੈਲਣ ਦੇ ਡਰੋਂ ਚੀਨ ਨੇ ਵੁਹਾਨ ਸਮੇਤ 17 ਸ਼ਹਿਰਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ, ਜਿਸ ਕਾਰਨ 4.5 ਕਰੋੜ ਲੋਕ ਘਰਾਂ 'ਚ ਹੀ ਰਹਿਣਗੇ। ਮਾਹਰਾਂ ਦਾ ਕਹਿਣਾ ਹੈ ਕਿ ਯਾਤਰਾ 'ਚ ਕਮੀ ਹੋਣ ਨਾਲ ਤੇਲ ਦੀ ਮੰਗ ਘੱਟ ਹੋਵੇਗੀ, ਜਿਸ ਕਾਰਨ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ ਰਹਿਣ ਦੀ ਸੰਭਾਵਨਾ ਹੈ। ਬਾਜ਼ਾਰ ਮਾਹਰਾਂ ਮੁਤਾਬਕ, ਕੋਰੋਨਾ ਵਾਇਰਸ ਦਾ ਪਰਛਾਵਾਂ ਆਉਣ ਵਾਲੇ ਦਿਨਾਂ 'ਚ ਤੇਲ ਬਾਜ਼ਾਰ 'ਤੇ ਛਾਇਆ ਰਹੇਗਾ। ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਨੇ ਇਸ ਸਥਿਤੀ ਨੂੰ ਐਮਰਜੈਂਸੀ ਕਰਾਰ ਦਿੱਤਾ ਹੈ।

ਕੀ ਹੈ ਕੋਰੋਨਾ ਵਾਇਰਸ
ਕੋਰੋਨਾ ਵਾਇਰਸ ਕਾਰਨ ਬੁਖਾਰ, ਜੁਕਾਮ, ਸਾਹ ਚੜ੍ਹਣਾ, ਨੱਕ ਵਗਣਾ ਅਤੇ ਗਲੇ 'ਚ ਖਰਾਸ਼ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਹ ਨਮੂਨੀਆ ਦਾ ਕਾਰਨ ਵੀ ਬਣ ਸਕਦਾ ਹੈ। ਹਾਂਗਕਾਂਗ ਯੂਨੀਵਰਸਿਟੀ ਦੇ ਸਕੂਲ ਆਫ ਪਬਲਿਕ ਹੈਲਥ ਦੇ ਵਾਇਰਲੋਜਿਸਟ ਲਿਓ ਪੂਨ, ਜਿਨ੍ਹਾਂ ਨੇ ਪਹਿਲਾਂ ਇਸ ਵਾਇਰਸ ਨੂੰ ਡੀਕੋਡ ਕੀਤਾ ਸੀ, ਉਨ੍ਹਾਂ ਦਾ ਮੰਨਣਾ ਹੈ ਕਿ ਇਹ ਸ਼ਾਇਦ ਕਿਸੇ ਜਾਨਵਰ ਤੋਂ ਪੈਦਾ ਹੋਇਆ ਹੈ ਤੇ ਹੁਣ ਮਨੁੱਖਾਂ 'ਚ ਫੈਲ ਰਿਹਾ ਹੈ। ਹੁਣ ਤੱਕ ਕੋਰੋਨਾ ਦਾ ਇਲਾਜ ਨਹੀਂ ਹੈ ਅਤੇ ਨਾ ਹੀ ਇਸ ਦੀ ਕੋਈ ਦਵਾਈ ਬਣੀ ਹੈ। ਇਸ ਵਾਇਰਸ ਕਾਰਨ ਬੀਮਾਰ ਵਿਅਕਤੀ ਨਾਲ ਸੰਪਰਕ 'ਚ ਆਉਣ 'ਤੇ ਇਹ ਹੋ ਸਕਦਾ ਹੈ। ਬੱਚੇ ਤੇ ਬਜ਼ੁਰਗ ਇਸ ਦੀ ਲੇਪਟ 'ਚ ਜਲਦ ਆ ਜਾਂਦੇ ਹਨ।


Related News