ਈਂਧਨ ਦੀ ਮੰਗ ’ਚ ਫਰਵਰੀ ਤੋਂ ਬਾਅਦ ਪਹਿਲੀ ਵਾਰ ਸਾਲਾਨਾ ਆਧਾਰ ’ਤੇ ਵਾਧਾ
Sunday, Nov 15, 2020 - 11:33 AM (IST)
ਨਵੀਂ ਦਿੱਲੀ(ਭਾਸ਼ਾ) – ਦੇਸ਼ ’ਚ ਈਂਧਨ ਦੀ ਮੰਗ ’ਚ ਅਕਤੂਬਰ ’ਚ ਫਰਵਰੀ ਤੋਂ ਬਾਅਦ ਪਹਿਲੀ ਵਾਰ ਸਾਲਾਨਾ ਆਧਾਰ ’ਤੇ ਵਾਧਾ ਦਰਜ ਕੀਤਾ ਗਿਆ ਹੈ। ਤਿਓਹਾਰਾਂ ਤੋਂ ਪਹਿਲਾਂ ਡੀਜ਼ਲ ਦੀ ਮੰਗ ਵਧਣ ਨਾਲ ਖਪਤ ਕੋਵਿਡ-19 ਤੋਂ ਪਹਿਲਾਂ ਦੇ ਪੱਧਰ ’ਤੇ ਆ ਗਈ।
ਪੈਟਰੋਲੀਅਮ ਮੰਤਰਾਲਾ ਦੇ ਅਧੀਨ ਆਉਣ ਵਾਲੇ ਪੈਟਰੋਲੀਅਮ ਯੋਜਨਾ ਅਤੇ ਵਿਸ਼ਲੇਸ਼ਕ ਸੈੱਲ ਦੇ ਅਸਥਾਈ ਅੰਕੜੇ ਮੁਤਾਬਕ ਪੈਟਰੋਲੀਅਮ ਉਤਪਾਦਾਂ ਦੀ ਕੁਲ ਮੰਗ ਅਕਤੂਬਰ ਮਹੀਨੇ ’ਚ 2.5 ਫੀਸਦੀ ਵਧ ਕੇ 1.777 ਕਰੋੜ ਟਨ ਰਹੀ ਜੋ ਇਕ ਸਾਲ ਪਹਿਲਾਂ 1.734 ਕਰੋੜ ਟਨ ਸੀ। ਪੈਟਰੋਲ ਦੀ ਮੰਗ ਸਤੰਬਰ ’ਚ ਹੀ ਕੋਵਿਡ ਤੋਂ ਪਹਿਲਾਂ ਦੇ ਪੱਧਰ ’ਤੇ ਪਹੁੰਚ ਗਈ ਸੀ ਜਦੋਂ ਕਿ ਡੀਜ਼ਲ ਖਪਤ ਪਿਛਲੇ ਮਹੀਨੇ ਨਾਰਮਲ ਪੱਧਰ ’ਤੇ ਆ ਗਈ। ਡੀਜ਼ਲ ਦੀ ਮੰਗ 7.4 ਫੀਸਦੀ ਵਧ ਕੇ 65 ਲੱਖ ਟਨ ਰਹੀ ਜਦੋਂ ਕਿ ਪੈਟਰੋਲ ਦੀ ਵਿਕਰੀ 4.5 ਫੀਸਦੀ ਵਧ ਕੇ 25.4 ਕਰੋੜ ਟਨ ਸੀ। ਡੀਜ਼ਲ ਖਪਤ ’ਚ ਵਾਧਾ ਇਕ ਸਾਲ ’ਚ ਸਭ ਤੋਂ ਵੱਧ ਰਿਹਾ। ਕੋਰੋਨਾ ਵਾਇਰਸ ਮਹਾਮਾਰੀ ਅਤੇ ਉਸ ਦੀ ਰੋਕਥਾਮ ਲਈ ਅਪ੍ਰੈਲ ’ਚ ਦੇਸ਼ਵਿਆਪੀ ‘ਲਾਕਡਾਊਨ’ ਕਾਰਣ ਉਦਯੋਗਿਕ ਸਰਗਰਮੀਆਂ ਲਗਭਗ ਠੱਪ ਰਹੀਆਂ ਅਤੇ ਵਾਹਨ ਸੜਕਾਂ ਤੋਂ ਗਾਇਬ ਸਨ।
ਇਹ ਵੀ ਪੜ੍ਹੋ : ਚੀਨ ਨੇ ਉਡਾਇਆ PM ਦੀ ਅਪੀਲ ਦਾ ਮਜ਼ਾਕ, ਕਿਹਾ-ਚੀਨੀ LED ਦੇ ਬਿਨਾਂ ਦੀਵਾਲੀ ਹੋਵੇਗੀ 'ਕਾਲੀ'
ਤਿਓਹਾਰਾਂ ਕਾਰਣ ਵਧੀ ਖਪਤ
ਦੇਸ਼ ’ਚ ਤਿਓਹਾਰਾਂ ਕਾਰਣ ਖਪਤ ਵਧੀ ਹੈ ਪਰ ਜਨਤਕ ਟ੍ਰਾਂਸਪੋਰਟ ਹਾਲੇ ਆਮ ਪੱਧਰ ’ਤੇ ਨਹੀਂ ਆਇਆ ਹੈ। ਸਕੂਲ ਅਤੇ ਵਿੱਦਿਅਕ ਅਦਾਰੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਬੰਦ ਹਨ। ਨਾਫਥਾ ਦੀ ਮੰਗ ਅਕਤੂਬਰ ’ਚ 15 ਫੀਸਦੀ ਵਧ ਕੇ 13 ਲੱਖ ਟਨ ਰਹੀ। ਬਿਜਲੀ ਦੇ ਨਾਲ ਪੈਟਰੋਰਸਾਇਣ ਉਤਪਾਦਨ ’ਚ ਉਦਯੋਗਿਕ ਈਂਧਨ ਦੇ ਰੂਪ ’ਚ ਇਸ ਦੀ ਵਰਤੋਂ ਹੁੰਦੀ ਹੈ। ਨਾਫਥਾ ਦੇ ਨਾਲ ਹੋਰ ਉਦਯੋਗਿਕ ਈਂਧਨ ਦੀ ਮੰਗ ’ਚ ਵਾਧਾ ਆਰਥਿਕ ਸਰਗਰਮੀਆਂ ਦੇ ਪਟੜੀ ’ਤੇ ਆਉਣ ਦਾ ਸੰਕੇਤ ਹੈ। ਸੜਕ ਨਿਰਮਾਣ ’ਚ ਵਰਤੋਂ ਹੋਣ ਵਾਲੇ ਤਾਰਕੋਲ ਦੀ ਖਪਤ ਸਮੀਖਿਆ ਅਧੀਨ ਮਹੀਨੇ ’ਚ 48 ਫੀਸਦੀ ਉਛਲ ਕੇ 6,62,000 ਟਨ ਰਹੀ। ਰਸੋਈ ਗੈਸ (ਐੱਲ. ਪੀ. ਜੀ.) ਦੀ ਖਪਤ 3 ਫੀਸਦੀ ਵਧ ਕੇ 24 ਲੱਖ ਟਨ ਰਹੀ ਪਰ ਜਹਾਜ਼ ਈਂਧਨ (ਏ. ਟੀ. ਐੱਫ.) ਦੀ ਵਿਕਰੀ ਘਟ ਕੇ ਲਗਭਗ ਅੱਧੀ ਯਾਨੀ 3,35,000 ਟਨ ਰਹੀ। ਇਸ ਦਾ ਕਾਰਣ ਇਹ ਹੈ ਕਿ ਹਾਲੇ ਏਅਰਲਾਇੰਸ ਦੀ ਆਪ੍ਰੇਟਿੰਗ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ : 1 ਕਰੋੜ ਤੋਂ ਵੱਧ ਪੈਨਸ਼ਨਰਾਂ ਲਈ ਖ਼ੁਸ਼ਖ਼ਬਰੀ: ਹੁਣ ਘਰ ਬੈਠੇ ਇਸ ਤਰ੍ਹਾਂ ਬਣੇਗਾ ਜੀਵਨ ਸਰਟੀਫ਼ਿਕੇਟ