ਫ੍ਰੈਂਕਲਿਨ ਟੈਂਪਲਟਨ ਦੇ ਨਿਵੇਸ਼ਕਾਂ ਨੂੰ ਇਸ ਹਫ਼ਤੇ ਜਾਰੀ ਹੋਣਗੇ 2,489 ਕਰੋੜ ਰੁ:
Monday, May 03, 2021 - 01:30 PM (IST)
ਨਵੀਂ ਦਿੱਲੀ- ਫ੍ਰੈਂਕਲਿਨ ਟੈਂਪਲਟਨ (Franklin Templeton) ਦੀਆਂ ਛੇ ਮੁਅੱਤਲ ਸਕੀਮਾਂ ਵਿਚ ਤੁਹਾਡਾ ਵੀ ਪੈਸਾ ਫਸਿਆ ਹੈ ਤਾਂ ਹੁਣ ਰਾਹਤ ਭਰੀ ਖ਼ਬਰ ਹੈ। ਇਸ ਹਫ਼ਤੇ ਭੁਗਤਾਨ ਦੀ ਤੀਜੀ ਕਿਸ਼ਤ ਤਹਿਤ 2,489 ਕਰੋੜ ਰੁਪਏ ਜਾਰੀ ਹੋਣ ਜਾ ਰਹੇ ਹਨ। ਇਸ ਤੋਂ ਪਹਿਲਾਂ ਇਨ੍ਹਾਂ ਯੋਜਨਾਵਾਂ ਦੇ ਨਿਵੇਸ਼ਕਾਂ ਨੂੰ ਪਿਛਲੀਆਂ ਦੋ ਕਿਸ਼ਤਾਂ ਵਿਚ 12,084 ਕਰੋੜ ਰੁਪਏ ਜਾਰੀ ਕੀਤੇ ਗਏ ਸਨ।
ਪਿਛਲੇ ਸਾਲ ਤਾਲਾਬੰਦੀ ਵਿਚਕਾਰ ਨਕਦੀ ਸੰਕਟ ਦੇ ਮੱਦੇਨਜ਼ਰ ਦੇਸ਼ ਦੇ ਵੱਡੇ ਮਿਊਚੁਅਲ ਫੰਡ ਹਾਊਸ ਫ੍ਰੈਂਕਲਿਨ ਟੈਂਪਲਟਨ ਇੰਡੀਆ ਨੇ ਛੇ ਸਕੀਮਾਂ ਨੂੰ ਬੰਦ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ ਬੰਦ ਹੋਈਆਂ ਇਨ੍ਹਾਂ ਛੇ ਯੋਜਨਾਵਾਂ ਦੀ ਨਿਗਰਾਨੀ ਲਈ ਐੱਸ. ਬੀ. ਆਈ. ਮਿਊਚੁਅਲ ਫੰਡ ਦੀ ਨਿਯੁਕਤੀ ਕੀਤੀ ਸੀ ਅਤੇ ਮੌਜੂਦਾ ਡਿਸਟ੍ਰੀਬਿਊਸ਼ਨ ਦੀ ਨਿਗਰਾਨੀ ਵੀ ਐੱਸ. ਬੀ. ਆਈ. ਮਿਊਚੁਅਲ ਫੰਡ ਹੀ ਕਰ ਰਿਹਾ ਹੈ।
ਜਿਨ੍ਹਾਂ ਨਿਵੇਸ਼ਕਾਂ ਦੀ ਕੇ. ਵਾਈ. ਸੀ. ਪੂਰੀ ਹੈ ਅਤੇ ਆਨਲਾਈਨ ਪੇਮੈਂਟ ਲਈ ਰਜਿਸਟਰ ਹਨ ਉਨ੍ਹਾਂ ਨੂੰ ਆਦਾਇਗੀ ਆਨਲਾਈਨ ਮਿਲੇਗੀ। ਐੱਸ. ਬੀ. ਆਈ. ਮਿਊਚੁਅਲ ਫੰਡ ਵੱਲੋਂ ਕਮਾਨ ਸੰਭਾਲਣ ਮਗਰੋਂ ਨਿਵੇਸ਼ਕਾਂ ਨੂੰ ਮਿਲਣ ਵਾਲਾ ਭੁਗਤਾਨ ਵੱਧ ਰਿਹਾ ਹੈ। ਯੂਨਿਟ ਹੋਲਡਰਾਂ ਨੂੰ ਇਲੈਕਟ੍ਰਾਨਿਕ ਤਰੀਕੇ ਨਾਲ ਭੁਗਤਾਨ ਹੋ ਰਿਹਾ ਹੈ, ਬਾਕੀ ਜੋ ਆਨਲਾਈਨ ਪੇਮੈਂਟ ਲਈ ਰਜਿਸਟਰਡ ਨਹੀਂ ਹਨ ਉਨ੍ਹਾਂ ਨੂੰ ਚੈੱਕ ਜਾਂ ਡਿਮਾਂਡ ਡ੍ਰਾਫਟ ਜਾਰੀ ਕੀਤਾ ਜਾਵੇਗਾ।
ਗੌਰਤਲਬ ਹੈ ਕਿ ਐੱਸ. ਬੀ. ਈ. ਮਿਊਚੁਅਲ ਫੰਡ ਫ੍ਰੈਂਕਲਿਨ ਦੀਆਂ ਡੇਟ ਸਕੀਮਾਂ ਵੱਲੋਂ ਰੱਖੇ ਅਸੇਸਟ ਵੇਚ ਕੇ ਨਿਵਸ਼ਕਾਂ ਦੇ ਪੈਸੇ ਦਿਵਾ ਰਿਹਾ ਹੈ। ਫ੍ਰੈਂਕਲਿਨ ਨੇ ਜਿਨ੍ਹਾਂ 6 ਸਕੀਮਾਂ ਨੂੰ ਬੰਦ ਕੀਤਾ ਸੀ, ਉਨ੍ਹਾਂ ਵਿਚ ਫ੍ਰੈਂਕਲਿਨ ਇੰਡੀਆ ਟੈਂਪਲਟਨ ਲੋ ਡਿਊਰੇਸ਼ਨ ਫੰਡ, ਫ੍ਰੈਂਕਲਿਨ ਇੰਡੀਆ ਟੈਂਪਲਟਨ ਸ਼ਾਰਟ ਬਾਂਡ ਫੰਡ, ਫ੍ਰੈਂਕਲਿਨ ਇੰਡੀਆ ਟੈਂਪਲਟਨ ਸ਼ਾਰਟ ਟਰਮ ਇਨਕਮ ਪਲਾਨ, ਫ੍ਰੈਂਕਲਿਨ ਇੰਡੀਆ ਟੈਂਪਲਟਨ ਕ੍ਰੈਡਿਟ ਰਿਸਕ ਫੰਡ, ਫ੍ਰੈਂਕਲਿਨ ਇੰਡੀਆ ਟੈਂਪਲਟਨ ਡਾਇਨਾਮਿਕ ਐਕਯੂਰਲ ਫੰਡ, ਫ੍ਰੈਂਕਲਿਨ ਇੰਡੀਆ ਟੈਂਪਲਟਨ ਇਨਕਮ ਆਪਰਚੂਨਿਟੀ ਫੰਡ ਸ਼ਾਮਲ ਹਨ।