FPI ਨੇ ਦਸੰਬਰ ''ਚ ਹੁਣ ਤੱਕ ਸ਼ੇਅਰਾਂ ''ਚ 4,500 ਕਰੋੜ ਰੁਪਏ ਪਾਏ
Sunday, Dec 11, 2022 - 03:38 PM (IST)
ਨਵੀਂ ਦਿੱਲੀ—ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਇਸ ਮਹੀਨੇ ਹੁਣ ਤੱਕ ਭਾਰਤੀ ਸ਼ੇਅਰ ਬਾਜ਼ਾਰਾਂ 'ਚੋਂ 4,500 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਤੋਂ ਪਿਛਲੇ ਮਹੀਨੇ ਵੀ ਐੱਫ.ਪੀ.ਆਈ. ਨੇ 36,200 ਕਰੋੜ ਰੁਪਏ ਦੀ ਲਿਵਾਲੀ ਕੀਤੀ ਸੀ। ਡਾਲਰ ਸੂਚਕਾਂਕ 'ਚ ਗਿਰਾਵਟ ਦੇ ਵਿਚਕਾਰ ਐੱਫ.ਪੀ.ਆਈ. ਭਾਰਤੀ ਬਾਜ਼ਾਰਾਂ 'ਚ ਨਿਵੇਸ਼ ਜਾਰੀ ਹੈ। ਹਾਲਾਂਕਿ,ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਦੇ ਵਿਆਜ ਦਰਾਂ 'ਤੇ ਫੈਸਲੇ ਤੋਂ ਪਹਿਲਾਂ ਐੱਫ.ਪੀ.ਆਈ. ਨੇ ਪਿਛਲੇ ਚਾਰ ਸੈਸ਼ਨਾਂ 'ਚ ਸ਼ੇਅਰਾਂ ਤੋਂ 3,300 ਕਰੋੜ ਰੁਪਏ ਕੱਢੇ ਹਨ।
ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀਕੇ ਵਿਜੇਕੁਮਾਰ ਨੇ ਕਿਹਾ ਕਿ ਅੱਗੇ ਚੱਲ ਕੇ ਐੱਫ.ਪੀ.ਆਈ ਸਿਰਫ ਕੁਝ ਵਧੀਆ ਪ੍ਰਦਰਸ਼ਨ ਕਰਨ ਵਾਲੇ ਖੇਤਰਾਂ 'ਚ ਮਾਮੂਲੀ ਖਰੀਦਾਰੀ ਕਰਨਗੇ। ਇਸ ਦੇ ਨਾਲ ਹੀ, ਉਹ ਅਜਿਹੇ ਖੇਤਰਾਂ 'ਚ ਮੁਨਾਫਾ ਕਮਾਉਣਗੇ ਜਿੱਥੇ ਉਹ ਮੁਨਾਫੇ 'ਚ ਹਨ। ਉਨ੍ਹਾਂ ਕਿਹਾ ਕਿ ਚੀਨ ਅਤੇ ਦੱਖਣੀ ਕੋਰੀਆ ਵਰਗੇ ਸਸਤੇ ਬਾਜ਼ਾਰਾਂ 'ਚ ਐੱਫ.ਪੀ.ਆਈ ਵਧੇਰੇ ਪੈਸਾ ਲਗਾ ਸਕਦੇ ਹਨ। ਡਿਪਾਜ਼ਿਟਰੀ ਦੇ ਅੰਕੜਿਆਂ ਦੇ ਅਨੁਸਾਰ, 1 ਤੋਂ 9 ਦਸੰਬਰ ਦੇ ਦੌਰਾਨ ਐੱਫ.ਪੀ.ਆਈ ਨੇ ਸ਼ੇਅਰਾਂ 'ਚ ਸ਼ੁੱਧ 4,500 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਤੋਂ ਪਹਿਲਾਂ ਨਵੰਬਰ 'ਚ ਵੀ ਉਨ੍ਹਾਂ ਨੇ 36,239 ਕਰੋੜ ਰੁਪਏ ਦੀ ਲਿਵਾਲੀ ਕੀਤੀ ਸੀ। ਜਦੋਂ ਕਿ ਇਸ ਤੋਂ ਪਹਿਲਾਂ ਅਕਤੂਬਰ 'ਚ ਉਸ ਨੇ ਸ਼ੇਅਰਾਂ 'ਚੋਂ ਅੱਠ ਕਰੋੜ ਰੁਪਏ ਕਢਵਾ ਲਏ ਸਨ। ਸਤੰਬਰ 'ਚ ਵੀ ਉਸ ਨੇ 7,624 ਕਰੋੜ ਰੁਪਏ ਦੇ ਸ਼ੇਅਰ ਵੇਚੇ ਸਨ।
ਮਾਰਨਿੰਗਸਟਾਰ ਇੰਡੀਆ ਦੇ ਐਸੋਸੀਏਟ ਡਾਇਰੈਕਟਰ-ਮੈਨੇਜਰ ਰਿਸਰਚ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਪਿਛਲੇ ਚਾਰ ਸੈਸ਼ਨਾਂ 'ਚ ਐੱਫ.ਪੀ.ਆਈ ਦੀ ਵਿਕਰੀ ਸ਼ਾਇਦ ਆਉਣ ਵਾਲੀ ਫੈਡਰਲ ਰਿਜ਼ਰਵ ਮੀਟਿੰਗ ਕਾਰਨ ਹੈ। ਫੈਡਰਲ ਓਪਨ ਮਾਰਕੀਟ ਕਮੇਟੀ (ਐੱਫ.ਓ.ਐੱਮ.ਸੀ.) ਦੀ ਇਸ ਸਾਲ ਦੀ ਆਖਰੀ ਮੀਟਿੰਗ ਦਸੰਬਰ 13-14 ਲਈ ਤਹਿ ਕੀਤੀ ਗਈ ਹੈ। ਸ਼ੇਅਰਾਂ ਤੋਂ ਇਲਾਵਾ ਐੱਫ.ਪੀ.ਆਈ. ਨੇ ਸਮੀਖਿਆ ਅਧੀਨ ਮਿਆਦ ਦੇ ਦੌਰਾਨ ਕਰਜ਼ੇ ਜਾਂ ਬਾਂਡ ਮਾਰਕੀਟ 'ਚ 2,467 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਮਹੀਨੇ ਹੋਰ ਉਭਰਦੇ ਬਾਜ਼ਾਰਾਂ ਜਿਵੇਂ ਕਿ ਫਿਲੀਪੀਨਜ਼, ਦੱਖਣੀ ਕੋਰੀਆ, ਤਾਈਵਾਨ, ਥਾਈਲੈਂਡ ਅਤੇ ਇੰਡੋਨੇਸ਼ੀਆ 'ਚ ਐੱਫ.ਪੀ.ਆਈ ਦਾ ਪ੍ਰਵਾਹ ਵੀ ਨਕਾਰਾਤਮਕ ਰਿਹਾ ਹੈ।