ਝਟਕਾ! FPIs ਨੇ ਸਤੰਬਰ ''ਚ 3,419 ਕਰੋੜ ਰੁਪਏ ਪੂੰਜੀ ਬਾਜ਼ਾਰਾਂ ''ਚੋਂ ਕੱਢੇ

Sunday, Oct 04, 2020 - 01:46 PM (IST)

ਝਟਕਾ! FPIs ਨੇ ਸਤੰਬਰ ''ਚ 3,419 ਕਰੋੜ ਰੁਪਏ ਪੂੰਜੀ ਬਾਜ਼ਾਰਾਂ ''ਚੋਂ ਕੱਢੇ

ਨਵੀਂ ਦਿੱਲੀ— ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਸਤੰਬਰ 'ਚ ਭਾਰਤੀ ਪੂੰਜੀ ਬਾਜ਼ਾਰਾਂ 'ਚੋਂ 3,419 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ। ਇਸ ਤੋਂ ਪਹਿਲਾਂ ਲਗਾਤਾਰ ਤਿੰਨ ਮਹੀਨਿਆਂ ਤੱਕ ਐੱਫ. ਪੀ. ਆਈ. ਸ਼ੁੱਧ ਖਰੀਦਦਾਰ ਰਹੇ ਸਨ।

ਡਿਪਾਜ਼ਿਟਰੀ ਦੇ ਅੰਕੜਿਆਂ ਮੁਤਾਬਕ, ਐੱਫ. ਪੀ. ਆਈ. ਨੇ ਸਤੰਬਰ 'ਚ ਸ਼ੇਅਰਾਂ 'ਚੋਂ ਸ਼ੁੱਧ ਰੂਪ ਨਾਲ 7,783 ਕਰੋੜ ਰੁਪਏ ਕੱਢੇ। ਇਸ ਦੌਰਾਨ ਉਨ੍ਹਾਂ ਨੇ ਡੇਟ ਜਾਂ ਬਾਂਡ ਬਾਜ਼ਾਰ 'ਚ 4,364 ਕਰੋੜ ਰੁਪਏ ਪਾਏ। ਇਸ ਤਰ੍ਹਾਂ ਉਨ੍ਹਾਂ ਦੀ ਸ਼ੁੱਧ ਨਿਕਾਸੀ 3,419 ਕਰੋੜ ਰੁਪਏ ਰਹੀ।

ਵਿਸ਼ਲੇਸ਼ਕਾਂ ਨੇ ਕਿਹਾ ਕਿ ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਬਣੀ ਅਨਿਸ਼ਚਿਤਤਾ ਅਤੇ ਕੋਵਿਡ-19 ਦੇ ਵਧਦੇ ਮਾਮਲਿਆਂ ਦੀ ਵਜ੍ਹਾ ਨਾਲ ਵਿਦੇਸ਼ੀ ਨਿਵੇਸ਼ਕ ਸਾਵਧਾਨੀ ਨਾਲ ਚੱਲ ਰਹੇ ਹਨ। ਇਸ ਤੋਂ ਪਹਿਲਾਂ ਅਗਸਤ ਤੱਕ ਤਿੰਨ ਮਹੀਨੇ ਐੱਫ. ਪੀ. ਆਈ. ਸ਼ੁੱਧ ਖਰੀਦਦਾਰ ਰਹੇ ਸਨ।

ਉਨ੍ਹਾਂ ਨੇ ਅਗਸਤ 'ਚ ਭਾਰਤੀ ਪੂੰਜੀ ਬਾਜ਼ਾਰ 'ਚ 46,532 ਕਰੋੜ ਰੁਪਏ ਲਗਾਏ ਸਨ। ਜੁਲਾਈ 'ਚ ਉਨ੍ਹਾਂ ਦਾ ਨਿਵੇਸ਼ 3,301 ਕਰੋੜ ਰੁਪਏ ਅਤੇ ਜੂਨ 'ਚ 24,053 ਕਰੋੜ ਰੁਪਏ ਰਿਹਾ ਸੀ। ਮਾਰਨਿੰਗਸਟਾਰ ਇੰਡੀਆ ਦੇ ਸਹਾਇਕ ਨਿਰਦੇਸ਼ਕ-ਪ੍ਰਬੰਧਕ (ਰਿਸਰਚ) ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ, ''ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਐੱਫ. ਪੀ. ਆਈ. ਸਾਵਧਾਨੀ ਨਾਲ ਚੱਲ ਰਹੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਦੇਸ਼ਾਂ 'ਚ ਕੋਰੋਨਾ ਵਾਇਰਸ ਦਾ ਪ੍ਰਸਾਰ ਫਿਰ ਸ਼ੁਰੂ ਹੋਣ ਅਤੇ ਸੰਕ੍ਰਮਿਤ ਖੇਤਰਾਂ 'ਚ ਤਾਲਾਬੰਦੀ ਦੇ ਖਦਸ਼ੇ ਕਾਰਨ ਐੱਫ. ਪੀ. ਆਈ. ਦਾ ਨਿਵੇਸ਼ ਪ੍ਰਭਾਵਿਤ ਹੋਇਆ ਹੈ।''


author

Sanjeev

Content Editor

Related News