FPIs ਨੇ ਅਗਸਤ ਦੇ ਪੰਜ ਕਾਰੋਬਾਰੀ ਸੈਸ਼ਨਾਂ ''ਚ ਕੀਤਾ 1,210 ਕਰੋੜ ਦਾ ਨਿਵੇਸ਼

Sunday, Aug 08, 2021 - 01:37 PM (IST)

ਨਵੀਂ ਦਿੱਲੀ- ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਅਗਸਤ ਦੇ ਪਹਿਲੇ ਪੰਜ ਕਾਰੋਬਾਰੀ ਸੈਸ਼ਨਾਂ ਵਿਚ ਭਾਰਤੀ ਬਾਜ਼ਾਰਾਂ ਵਿਚ 1,210 ਕਰੋੜ ਰੁਪਏ ਪਾਏ ਹਨ। ਡਿਪਾਜ਼ਟਰੀ ਦੇ ਅੰਕੜਿਆਂ ਅਨੁਸਾਰ, 2 ਤੋਂ 6 ਅਗਸਤ ਦੌਰਾਨ ਐੱਫ. ਪੀ. ਆਈਜ਼. ਨੇ ਸ਼ੇਅਰਾਂ ਵਿਚ 975 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਬਾਂਡ ਮਾਰਕੀਟ ਵਿਚ ਉਨ੍ਹਾਂ ਦਾ ਨਿਵੇਸ਼ 235 ਕਰੋੜ ਰੁਪਏ ਰਿਹਾ। ਇਸ ਤਰ੍ਹਾਂ ਸ਼ੁੱਧ ਨਿਵੇਸ਼ 1,210 ਕਰੋੜ ਰੁਪਏ ਰਿਹਾ। ਜੁਲਾਈ ਵਿਚ ਐੱਫ. ਪੀ. ਆਈਜ਼. ਨੇ 7,273 ਕਰੋੜ ਰੁਪਏ ਦੀ ਨਿਕਾਸੀ ਕੀਤੀ ਸੀ।

ਕੋਟਕ ਸਕਿਓਰਿਟੀਜ਼ ਦੇ ਇਕੁਇਟੀ ਟੈਕਨੀਕਲ ਰਿਸਰਚ ਦੇ ਕਾਰਜਕਾਰੀ ਉਪ ਮੁਖੀ ਸ਼੍ਰੀਕਾਂਤ ਚੌਹਾਨ ਨੇ ਕਿਹਾ, ''ਬਾਜ਼ਾਰ ਵਿਚ ਕਈ ਘਰੇਲੂ ਸੰਕੇਤਕਾਂ ਜਿਵੇਂ ਕਿ ਪੀ. ਐੱਮ. ਆਈ. ਵਿਚ ਸੁਧਾਰ, ਸੀ. ਐੱਮ. ਆਈ. ਈ. ਸਰਵੇਖਣ ਵਿਚ ਬੇਰੁਜ਼ਗਾਰੀ ਦਰ ਵਿਚ ਕਮੀ ਅਤੇ ਜੀ. ਐੱਸ. ਟੀ. ਸੰਗ੍ਰਹਿ ਵਿਚ ਸੁਧਾਰ ਨਾਲ ਉਤਸ਼ਾਹਤ ਹਨ। ਹਾਲਾਂਕਿ, ਮਹਾਮਾਰੀ ਦੀ ਤੀਜੀ ਲਹਿਰ ਦੇ ਸੰਬੰਧ ਵਿਚ ਵਿਸ਼ਵਵਿਆਪੀ ਬਾਜ਼ਾਰਾਂ ਵਿਚ ਚਿੰਤਾ ਹੈ।'' ਹਾਲਾਂਕਿ, ਮਾਰਨਿੰਗਸਟਾਰ ਇੰਡੀਆ ਦੇ ਐਸੋਸੀਏਟ ਡਾਇਰੈਕਟਰ-ਮੈਨੇਜਰ ਰਿਸਰਚ, ਹਿਮਾਂਸ਼ੂ ਸ੍ਰੀਵਾਸਤਵ ਨੇ ਕਿਹਾ ਕਿ ਇਨ੍ਹਾਂ ਅੰਕੜਿਆਂ ਤੋਂ ਅਜੇ ਰੁਖ਼ ਵਿਚ ਤਬਦੀਲੀ ਦਾ ਕੋਈ ਸੰਕੇਤ ਨਹੀਂ ਮਿਲਿਆ।

ਸ੍ਰੀਵਾਸਤਵ ਨੇ ਕਿਹਾ, “ਉੱਚ ਮੁਲਾਂਕਣ, ਤੇਲ ਦੀਆਂ ਕੀਮਤਾਂ ਵਿਚ ਵਾਧੇ, ਡਾਲਰ ਵਿਚ ਮਜਬੂਤੀ ਕਾਰਨ ਐੱਫ. ਪੀ. ਆਈ. ਭਾਰਤੀ ਸ਼ੇਅਰਾਂ ਤੋਂ ਦੂਰੀ ਬਣਾ ਰਹੇ ਹਨ। ਬਾਜ਼ਾਰ ਆਪਣੇ ਸਰਵ-ਉੱਚ ਪੱਧਰ 'ਤੇ ਹੈ, ਅਜਿਹੀ ਸਥਿਤੀ ਵਿਚ ਐੱਫ. ਪੀ. ਆਈ. ਵੀ ਨਿਯਮਤ ਅੰਤਰਾਲਾਂ 'ਤੇ ਮੁਨਾਫਾ ਕੱਟ ਰਹੇ ਹਨ।" ਜਿਯੋਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀਕੇ ਵਿਜੈਕੁਮਾਰ ਨੇ ਕਿਹਾ, "ਐੱਫ. ਪੀ. ਆਈਜ਼. ਦੀ ਵਾਪਸੀ ਨਾਲ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਦੀ ਮੰਗ ਵਿੱਚ ਵਾਧਾ ਹੋਇਆ ਹੈ।"
 


Sanjeev

Content Editor

Related News