FPI ਨੇ ਨਵੇਂ ਸਾਲ ਦੇ ਪਹਿਲੇ ਹਫਤੇ ਸ਼ੇਅਰ ਬਾਜ਼ਾਰਾਂ ਤੋਂ ਕੱਢੇ 5,900 ਕਰੋੜ ਰੁਪਏ
Sunday, Jan 08, 2023 - 02:31 PM (IST)
ਬਿਜ਼ਨੈੱਸ ਡੈਸਕ- ਦੁਨੀਆ ਦੇ ਕਈ ਦੇਸ਼ਾਂ 'ਚ ਕੋਵਿਡ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਅਤੇ ਅਮਰੀਕਾ 'ਚ ਮੰਦੀ ਦੀਆਂ ਚਿੰਤਾਵਾਂ ਵਿਚਾਲੇ ਜਨਵਰੀ ਦੇ ਪਹਿਲੇ ਹਫਤੇ 'ਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਭਾਰਤੀ ਸ਼ੇਅਰ ਬਾਜ਼ਾਰਾਂ ਤੋਂ 5,900 ਕਰੋੜ ਰੁਪਏ ਕੱਢੇ ਹਨ। ਪਿਛਲੇ ਕੁਝ ਹਫ਼ਤਿਆਂ ਤੋਂ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਭਾਰਤੀ ਬਾਜ਼ਾਰਾਂ ਨੂੰ ਲੈ ਕੇ ਸਾਵਧਾਨ ਰੁਖ ਅਪਣਾਇਆ ਹੋਇਆ ਹੈ। ਕੋਟਕ ਸਕਿਓਰਿਟੀਜ਼ ਦੇ ਇਕੁਇਟੀ ਖੋਜ (ਪ੍ਰਚੂਨ) ਦੇ ਮੁਖੀ ਸ਼੍ਰੀਕਾਂਤ ਚੌਹਾਨ ਨੇ ਕਿਹਾ ਕਿ ਅੱਗੇ ਚੱਲ ਕੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ ਵਾਧੇ ਦੀ ਚਿੰਤਾ ਤੋਂ ਇਲਾਵਾ ਸੰਸਾਰਕ ਪੱਧਰ 'ਤੇ ਉੱਚੀਆਂ ਵਿਆਜ ਦਰਾਂ ਅਤੇ ਤੀਜੀ ਤਿਮਾਹੀ ਦੇ ਕੰਪਨੀਆਂ ਦੇ ਨਤੀਜੇ ਕਮਜ਼ੋਰ ਰਹਿਣ ਦੀ ਸੰਭਾਵਨਾ ਨਾਲ ਐੱਫ.ਪੀ.ਆਈ ਦੇ ਰੁਖ 'ਚ ਉਤਾਰ-ਚੜ੍ਹਾਅ ਰਹੇਗਾ।
ਡਿਪਾਜ਼ਿਟਰੀ ਦੇ ਅੰਕੜਿਆਂ ਦੇ ਅਨੁਸਾਰ ਦੋ ਤੋਂ ਛੇ ਜਨਵਰੀ ਦੇ ਦੌਰਾਨ, ਐੱਫ.ਪੀ.ਆਈ. ਨੇ ਭਾਰਤੀ ਸ਼ੇਅਰ ਬਾਜ਼ਾਰਾਂ ਤੋਂ ਸ਼ੁੱਧ 5,872 ਕਰੋੜ ਰੁਪਏ ਕੱਢੇ ਹਨ। ਦਰਅਸਲ ਐੱਫ.ਪੀ.ਆਈ ਪਿਛਲੇ ਲਗਾਤਾਰ 11 ਸੈਸ਼ਨਾਂ ਤੋਂ ਬਿਕਵਾਲ ਬਣੇ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ 14,300 ਕਰੋੜ ਰੁਪਏ ਦੇ ਸ਼ੇਅਰ ਵੇਚੇ ਹਨ। ਇਸ ਤੋਂ ਪਹਿਲਾਂ ਐੱਫ.ਪੀ.ਆਈ. ਨੇ ਦਸੰਬਰ 'ਚ ਸ਼ੇਅਰਾਂ 'ਚ 11,119 ਕਰੋੜ ਰੁਪਏ ਅਤੇ ਨਵੰਬਰ 'ਚ 36,239 ਕਰੋੜ ਰੁਪਏ ਪਾਏ ਸਨ। ਕੁੱਲ ਮਿਲਾ ਕੇ ਪਿਛਲੇ ਸਾਲ ਅਰਥਾਤ 2022 ਵਿੱਚ ਐੱਫ.ਪੀ.ਆਈ. ਨੇ ਭਾਰਤੀ ਸ਼ੇਅਰ ਬਾਜ਼ਾਰਾਂ ਤੋਂ ਸ਼ੁੱਧ ਰੂਪ ਨਾਲ 1.21 ਲੱਖ ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ।
ਅਮਰੀਕੀ ਫੈਡਰਲ ਰਿਜ਼ਰਵ ਅਤੇ ਹੋਰ ਕੇਂਦਰੀ ਬੈਂਕਾਂ ਦੁਆਰਾ ਹਮਲਾਵਰ ਤਰੀਕੇ ਨਾਲ ਵਿਆਜ ਦਰਾਂ 'ਚ ਵਿੱਚ ਵਾਧਾ, ਕੱਚੇ ਤੇਲ ਦੀਆਂ ਕੀਮਤਾਂ ਵਿੱਚ ਅਸਥਿਰਤਾ, ਜਿੰਸਾਂ ਦੇ ਉੱਚੇ ਭਾਅ ਅਤੇ ਰੂਸ-ਯੂਕ੍ਰੇਨ ਯੁੱਧ ਕਾਰਨ ਬੀਤੇ ਸਾਲ ਐੱਫ.ਪੀ.ਆਈ ਬਿਕਵਾਲ ਰਹੇ। ਮਾਰਨਿੰਗਸਟਾਰ ਇੰਡੀਆ ਦੇ ਐਸੋਸੀਏਟ ਡਾਇਰੈਕਟਰ ਮੈਨੇਜਰ ਰਿਸਰਚ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ, "ਦੁਨੀਆ ਦੇ ਕੁਝ ਹਿੱਸਿਆਂ ਵਿੱਚ ਕੋਵਿਡ ਸੰਕਰਮਣ ਦੇ ਮੁੜ ਉਭਰਨ ਅਤੇ ਅਮਰੀਕਾ ਵਿੱਚ ਮੰਦੀ ਦੀ ਚਿੰਤਾ ਕਾਰਨ ਐੱਫ.ਪੀ.ਆਈ ਭਾਰਤ ਵਰਗੇ ਉਭਰਦੇ ਬਾਜ਼ਾਰਾਂ ਤੋਂ ਦੂਰੀ ਬਣਾ ਰਹੇ ਹਨ।
ਜਨਵਰੀ ਦੇ ਪਹਿਲੇ ਹਫ਼ਤੇ 'ਚ ਸ਼ੇਅਰਾਂ ਤੋਂ ਇਲਾਵਾ ਐੱਫ.ਪੀ.ਆਈ ਨੇ ਕਰਜ਼ੇ ਜਾਂ ਬਾਂਡ ਮਾਰਕੀਟ ਤੋਂ ਵੀ 1,240 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ। ਭਾਰਤ ਤੋਂ ਇਲਾਵਾ ਤਾਇਵਾਨ ਅਤੇ ਇੰਡੋਨੇਸ਼ੀਆ ਦੇ ਬਾਜ਼ਾਰਾਂ 'ਚ ਵੀ ਐੱਫ.ਪੀ.ਆਈ ਦਾ ਪ੍ਰਵਾਹ ਨਕਾਰਾਤਮਕ ਰਿਹਾ ਹੈ। ਹਾਲਾਂਕਿ, ਫਿਲੀਪੀਨ, ਦੱਖਣੀ ਕੋਰੀਆ ਅਤੇ ਥਾਈਲੈਂਡ ਦੇ ਬਾਜ਼ਾਰਾਂ ਵਿੱਚ ਉਨ੍ਹਾਂ ਦਾ ਪ੍ਰਵਾਹ ਸਕਾਰਾਤਮਕ ਰਿਹਾ ਹੈ।