ਬਾਜ਼ਾਰ ਲਈ ਗ੍ਰੀਨ ਰਿਹਾ ਜੂਨ ਦਾ ਪਹਿਲਾ ਹਫਤਾ, FPI ਨੇ ਕੀਤਾ ਇੰਨਾ ਨਿਵੇਸ਼

06/07/2020 2:11:18 PM

ਨਵੀਂ ਦਿੱਲੀ— ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਜੂਨ ਦੇ ਪਹਿਲੇ ਹਫਤੇ ਭਾਰਤੀ ਪੂੰਜੀ ਬਾਜ਼ਾਰਾਂ 'ਚ 18,589 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।

ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਲਾਗੂ ਲਾਕਡਾਊਨ 'ਚ ਢਿੱਲ ਨਾਲ ਵਿਦੇਸ਼ੀ ਨਿਵੇਸ਼ਕਾਂ ਦਾ ਭਾਰਤੀ ਬਾਜ਼ਾਰਾਂ ਪ੍ਰਤੀ ਭਰੋਸਾ ਵਧਿਆ ਹੈ। ਜੂਨ ਦੇ ਪਹਿਲੇ ਪੰਜ ਕਾਰੋਬਾਰੀ ਦਿਨਾਂ ਯਾਨੀ 1 ਤੋਂ 5 ਜੂਨ ਦੌਰਾਨ ਐੱਫ. ਪੀ. ਆਈ. ਨੇ ਇਕੁਇਟੀ 'ਚ 20,814 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਇਸ ਦੌਰਾਨ ਉਨ੍ਹਾਂ ਨੇ ਬਾਂਡ ਬਾਜ਼ਾਰ 'ਚੋਂ 2,225 ਕਰੋੜ ਰੁਪਏ ਦੀ ਨਿਕਾਸੀ ਕੀਤੀ। ਇਸ ਤਰ੍ਹਾਂ ਉਨ੍ਹਾਂ ਦਾ ਕੁੱਲ ਮਿਲਾ ਕੇ ਸ਼ੁੱਧ ਨਿਵੇਸ਼ 18,589 ਕਰੋੜ ਰੁਪਏ ਰਿਹਾ। ਇਸ ਤੋਂ ਪਹਿਲਾਂ ਵਿਦੇਸ਼ੀ ਨਿਵੇਸ਼ਕ ਲਗਾਤਾਰ ਤਿੰਨ ਮਹੀਨੇ ਵਿਕਵਾਲ ਬਣੇ ਰਹੇ ਸਨ। ਉਨ੍ਹਾਂ ਨੇ ਮਈ 'ਚ 7,366 ਕਰੋੜ ਰੁਪਏ, ਅਪ੍ਰੈਲ 'ਚ 15,403 ਕਰੋੜ ਰੁਪਏ ਅਤੇ ਮਾਰਚ 'ਚ ਰਿਕਾਰਡ 1.1 ਲੱਖ ਕਰੋੜ ਰੁਪਏ ਦੀ ਨਿਕਾਸੀ ਕੀਤੀ ਸੀ।

ਜ਼ਿਕਰਯੋਗ ਹੈ ਕਿ ਦੇਸ਼ 'ਚ ਆਰਥਿਕ ਗਤੀਵਿਧੀਆਂ ਸ਼ੁਰੂ ਹੋਣ ਤੋਂ ਬਾਅਦ ਪਿਛਲੇ ਹਫਤੇ ਘਰੇਲੂ ਸ਼ੇਅਰ ਬਾਜ਼ਾਰਾਂ ਨੇ ਤਕਰੀਬਨ 6 ਫੀਸਦੀ ਦੀ ਮਜ਼ਬੂਤੀ ਦਰਜ ਕੀਤੀ ਹੈ ਅਤੇ ਇਹ ਤੇਜ਼ੀ ਅੱਗੇ ਵੀ ਜਾਰੀ ਰਹਿਣ ਦੀ ਉਮੀਦ ਹੈ ਕਿਉਂਕਿ ਸਰਕਾਰ ਨੇ 1 ਜੂਨ ਤੋਂ ਲਾਕਡਾਊਨ ਵਿਚਕਾਰ ਲਗਭਗ ਸਾਰੇ ਤਰ੍ਹਾਂ ਦੀਆਂ ਆਰਥਿਕ ਗਤੀਵਿਧੀਆਂ ਦੀ ਮਨਜ਼ੂਰੀ ਦੇ ਦਿੱਤੀ ਹੈ। ਉੱਥੇ ਹੀ, ਹੁਣ ਹੋਟਲ, ਰੈਸਟੋਰੈਂਟ ਵੀ ਖੁੱਲ੍ਹਣ ਜਾ ਰਹੇ ਹਨ। ਬੀ. ਐੱਸ. ਈ. ਦੇ 30 ਪ੍ਰਮੁੱਖ ਸਟਾਕਸ ਵਾਲੇ ਸੈਂਸੈਕਸ ਨੇ ਪਿਛਲੇ ਹਫਤੇ ਕੁੱਲ ਮਿਲਾ ਕੇ 1,863.14 ਅੰਕ ਯਾਨੀ 5.75 ਫੀਸਦੀ ਦੀ ਬੜ੍ਹਤ ਦਰਜ ਕੀਤੀ ਅਤੇ ਹਫਤੇ ਦੇ ਅੰਤ 'ਚ ਇਹ 34,287.24 ਦੇ ਪੱਧਰ 'ਤੇ ਬੰਦ ਹੋਇਆ, ਜੋ 11 ਮਾਰਚ ਤੋਂ ਬਾਅਦ ਦਾ ਉੱਚਾ ਪੱਧਰ ਹੈ। ਇਸੇ ਤਰ੍ਹਾਂ ਐੱਨ. ਐੱਸ. ਈ. ਦਾ ਨਿਫਟੀ ਹਫਤੇ 'ਚ ਕੁੱਲ ਮਿਲਾ ਕੇ 5.86 ਫੀਸਦੀ ਚੜ੍ਹ ਕੇ 10,142.15 ਦੇ ਪੱਧਰ 'ਤੇ ਪਹੁੰਚ ਗਿਆ। ਦੂਜੇ ਦੇਸ਼ ਵੀ ਹੌਲੀ-ਹੌਲੀ ਪਾਬੰਦੀਆਂ 'ਚ ਢਿੱਲ ਦੇ ਰਹੇ ਹਨ। ਇਸ ਨਾਲ ਵਿਦੇਸ਼ਾਂ ਤੋਂ ਵੀ ਲਗਾਤਾਰ ਹਾਂ-ਪੱਖੀ ਸੰਕੇਤ ਮਿਲੇ ਹਨ।


Sanjeev

Content Editor

Related News