80,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਅਡਾਨੀ ਇੰਟਰਪ੍ਰਾਈਜ਼ਿਜ਼
Monday, May 13, 2024 - 11:19 AM (IST)
 
            
            ਨਵੀਂ ਦਿੱਲੀ (ਭਾਸ਼ਾ) - ਅਰਬਪਤੀ ਉਦਯੋਗਪਤੀ ਗੌਤਮ ਅਡਾਨੀ ਦੀ ਅਗਵਾਈ ਵਾਲੇ ਅਡਾਨੀ ਸਮੂਹ ਦੀ ਮੁੱਖ ਕੰਪਨੀ ਅਡਾਨੀ ਇੰਟਰਪ੍ਰਾਈਜ਼ਿਜ਼ ਨੇ ਚਾਲੂ ਵਿੱਤੀ ਸਾਲ (2024-25) ’ਚ ਵੱਖ-ਵੱਖ ਕਾਰੋਬਾਰ ਖੇਤਰਾਂ ’ਚ 80,000 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। ਕੰਪਨੀ ਦੇ ਇਕ ਸੀਨੀਅਰ ਕਾਰਜਕਾਰੀ ਨੇ ਇਹ ਜਾਣਕਾਰੀ ਦਿੱਤੀ। ਅਡਾਨੀ ਇੰਟਰਪ੍ਰਾਈਜ਼ਿਜ਼ ਦੀ ਹਾਜ਼ਰੀ ਨਵਿਆਉਣਯੋਗ ਊਰਜਾ ਤੋਂ ਲੈ ਕੇ ਹਵਾਈ ਅੱਡੇ ਅਤੇ ਡਾਟਾ ਕੇਂਦਰਾਂ ਵਰਗੇ ਖੇਤਰਾਂ ’ਚ ਹਨ। ਅਡਾਨੀ ਇੰਟਰਪ੍ਰਾਈਜ਼ਿਜ਼ ਦੇ ਉੱਪ-ਮੁੱਖ ਵਿੱਤ ਅਧਿਕਾਰੀ ਸੌਰਭ ਸ਼ਾਹ ਨੇ ਇਕ ਵਿਸ਼ਲੇਸ਼ਕ ਕਾਲ ’ਚ ਕਿਹਾ ਕਿ ਕੰਪਨੀ ਦਾ ਵਿੱਤੀ ਸਾਲ 2024-25 ਦੇ ਪੂੰਜੀਗਤ ਖਰਚੇ ਦਾ ਵੱਡਾ ਹਿੱਸਾ ਨਵਿਆਉਣਯੋਗ ਊਰਜਾ ਕਾਰੋਬਾਰ ਅਤੇ ਹਵਾਈ ਅੱਡੇ ’ਤੇ ਹੋਵੇਗਾ। ਉਨ੍ਹਾਂ ਕਿਹਾ,‘‘ਅਸੀਂ 2024-25 ’ਚ ਲਗਭਗ 80,000 ਕਰੋੜ ਰੁਪਏ ਦੇ ਪੂੰਜੀਗਤ ਖਰਚੇ ’ਤੇ ਵਿਚਾਰ ਕਰ ਰਹੇ ਹਾਂ, ਜਿਸ ਨਾਲ ਇਕ ਵੱਡਾ ਹਿੱਸਾ ਏ. ਐੱਨ. ਆਈ. ਐੱਲ. ਅਤੇ ਹਵਾਈ ਅੱਡਾ ਕਾਰੋਬਾਰ ’ਚ ਜਾਵੇਗਾ। ਇਨ੍ਹਾਂ ਖੇਤਰਾਂ ’ਚ ਲਗਭਗ 50,000 ਕਰੋੜ ਰੁਪਏ ਦਾ ਪੂੰਜੀਗਤ ਖਰਚ ਹੋਵੇਗਾ।’’
ਅਡਾਨੀ ਨਿਊ ਇੰਡਸਟ੍ਰੀਜ਼ ਲਿਮਟਿਡ (ਏ. ਐੱਨ. ਆਈ. ਐੱਲ.) ਸੌਰ ਮਾਡਿਊਲ ਬਣਾਉਂਦੀ ਹੈ, ਜੋ ਸੂਰਜ ਦੇ ਪ੍ਰਕਾਸ਼ ਨੂੰ ਬਿਜਲੀ ਅਤੇ ਹਰਿਤ ਹਾਈਡ੍ਰੋਜਨ ’ਚ ਬਦਲਦੀ ਹੈ। ਉਨ੍ਹਾਂ ਕਿਹਾ,‘‘ਫਿਰ ਤੀਜਾ ਹਿੱਸਾ ਸੜਕਾਂ ਦਾ ਹੋਵੇਗਾ। ਗੰਗਾ ਐਕਸਪ੍ਰੈਸ-ਵੇਅ ਕਾਰਨ ਸੜਕ ਖੇਤਰ ’ਚ 12,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਬਾਕੀ ਰਕਮ ਹੋਰ ਕਾਰੋਬਾਰ ਖੇਤਰਾਂ ’ਤੇ ਖਰਚ ਕੀਤੀ ਜਾਵੇਗੀ।’’

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            