FPI ਨੇ ਨਵੰਬਰ ''ਚ ਵਿੱਤੀ ਸੇਵਾ ਖੇਤਰ ''ਚ 14,205 ਕਰੋੜ ਰੁਪਏ ਪਾਏ
Friday, Dec 09, 2022 - 02:11 PM (IST)

ਨਵੀਂ ਦਿੱਲੀ- ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਨਵੰਬਰ 'ਚ ਭਾਰਤੀ ਵਿੱਤੀ ਸੇਵਾ ਖੇਤਰ 'ਚ 14,205 ਕਰੋੜ ਰੁਪਏ (2.1 ਅਰਬ ਡਾਲਰ) ਦਾ ਸ਼ੁੱਧ ਨਿਵੇਸ਼ ਕੀਤਾ ਹੈ, ਜਿਸ ਨਾਲ ਖੇਤਰ ਇਕ ਬਿਹਤਰ ਸਥਿਤੀ 'ਚ ਰਿਹਾ। ਅਕਤੂਬਰ 'ਚ ਮੁਨਾਫਾਵਸੂਲੀ ਕਾਰਨ ਐੱਫ.ਪੀ.ਆਈ. ਦੇ ਵਿੱਤੀ ਸੇਵਾ ਖੇਤਰ ਤੋਂ 4,686 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕਰਨ ਤੋਂ ਬਾਅਦ ਨਵੰਬਰ 'ਚ ਤਗੜਾ ਨਿਵੇਸ਼ ਆਇਆ ਹੈ।
ਨੈਸ਼ਨਲ ਸਕਿਓਰਿਟੀਜ਼ ਡਿਪਾਜ਼ਟਰੀ ਲਿਮਟਿਡ (ਐੱਨ.ਐੱਸ.ਡੀ.ਐੱਲ) ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਐੱਫ.ਪੀ.ਆਈਜ. ਨੇ ਨਵੰਬਰ 'ਚ ਕੁੱਲ ਮਿਲਾ ਕੇ ਘਰੇਲੂ ਇਕੁਇਟੀ ਬਾਜ਼ਾਰਾਂ 'ਚ 36,238 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਹੈ। ਇਸ 'ਚੋਂ 14,205 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਸਿਰਫ਼ ਵਿੱਤੀ ਸੇਵਾ ਖੇਤਰ 'ਚ ਰਿਹਾ ਹੈ। ਇਹ ਐੱਫ.ਪੀ.ਆਈ. ਦੁਆਰਾ ਕੀਤੇ ਗਏ ਕੁੱਲ ਮਾਸਿਕ ਨਿਵੇਸ਼ਾਂ ਦਾ 39 ਫੀਸਦੀ ਰਿਹਾ। ਜ਼ਿਆਦਾਤਰ ਖਰੀਦ ਨਵੰਬਰ ਦੇ ਪਹਿਲੇ ਪੰਦਰਵਾੜੇ 'ਚ ਹੋਈ।
ਸਟਾਕਸਬਾਕਸ ਦੇ ਖੋਜ ਮੁਖੀ ਮਨੀਸ਼ ਚੌਧਰੀ ਨੇ ਕਿਹਾ ਕਿ ਵਿੱਤੀ ਸੇਵਾ ਖੇਤਰ ਹੁਣ ਕਮਜ਼ੋਰ ਦੌਰ ਨਾਲ ਉਭਰ ਰਿਹਾ ਹੈ ਅਤੇ ਕਰਜ਼ ਵਾਧੇ ਅਤੇ ਪ੍ਰਬੰਧਨਯੋਗ ਗੈਰ-ਕਾਰਗੁਜ਼ਾਰੀ ਕਰਜ਼ਾ ਪੋਰਟਫੋਲੀਓ 'ਚ ਮਜ਼ਬੂਤ ਵਾਧਾ ਹੋਣ ਕਾਰਨ ਇਸ ਦੇ ਪ੍ਰਦਰਸ਼ਨ 'ਚ ਸੁਧਾਰ ਆਇਆ ਹੈ। ਬਜਾਜ ਕੈਪੀਟਲ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਰਾਜੀਵ ਬਜਾਜ ਨੇ ਕਿਹਾ ਕਿ ਕਰਜ਼ ਵਾਧਾ ਦਰ 17 ਫੀਸਦੀ ਰਹੀ ਹੈ। ਇਸ ਦੇ ਨਾਲ ਹੀ, ਕੰਪਨੀਆਂ ਦਾ ਪੂੰਜੀ ਖਰਚ ਇਕ ਦਹਾਕੇ ਦੇ ਹੇਠਲੇ ਪੱਧਰ 'ਤੇ ਰਹਿਣ ਤੋਂ ਬਾਅਦ ਹੌਲੀ-ਹੌਲੀ ਸੁਧਰ ਰਿਹਾ ਹੈ ਅਤੇ ਸ਼ੁਰੂਆਤੀ ਸੰਕੇਤ ਕਾਫ਼ੀ ਉਤਸ਼ਾਹਜਨਕ ਹਨ। ਨਵੰਬਰ ਦੇ ਅੰਤ ਤੱਕ ਵਿੱਤੀ ਸੇਵਾ ਖੇਤਰ ਦੀ ਜਾਇਦਾਦ 16.13 ਲੱਖ ਕਰੋੜ ਰੁਪਏ ਸੀ।