FPI ਨੇ ਜੂਨ ’ਚ ਭਾਰਤੀ ਇਕਵਿਟੀ ਤੋਂ ਹੁਣ ਤੱਕ 46,000 ਕਰੋੜ ਰੁਪਏ ਕੱਢੇ
Monday, Jun 27, 2022 - 01:32 AM (IST)
ਨਵੀਂ ਦਿੱਲੀ (ਭਾਸ਼ਾ)-ਵਿਦੇਸ਼ੀ ਨਿਵੇਸ਼ਕਾਂ ਦੀ ਭਾਰਤੀ ਇਕਵਿਟੀ ਬਾਜ਼ਾਰਾਂ ’ਚ ਨਿਕਾਸੀ ਜਾਰੀ ਹੈ। ਭਾਰਤੀ ਰਿਜ਼ਰਵ ਬੈਂਕ ਅਤੇ ਅਮਰੀਕੀ ਫੈੱਡਰਲ ਰਿਜ਼ਰਵ ਵੱਲੋਂ ਕਰੰਸੀ ਨੀਤੀ ਨੂੰ ਸਖਤ ਕਰਨ ਤੋਂ ਬਾਅਦ ਐੱਫ. ਪੀ. ਆਈ. ਨੇ ਇਸ ਮਹੀਨੇ ਹੁਣ ਤੱਕ ਲਗਭਗ 46,000 ਕਰੋੜ ਰੁਪਏ ਕੱਢੇ ਹਨ। ਫੈੱਡਰਲ ਰਿਜ਼ਰਵ ਦੀਆਂ ਨੀਤੀਆਂ, ਕੱਚੇ ਤੇਲ ਦੀਆਂ ਕੀਮਤਾਂ ਅਤੇ ਅਸਥਿਰ ਰੁਪਏ ਨੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਦੇ ਰੁਖ ਨੂੰ ਪ੍ਰਭਾਵਿਤ ਕੀਤਾ। ਅੰਕੜਿਆਂ ਮੁਤਾਬਕ ਐੱਫ. ਪੀ. ਆਈ. ਵੱਲੋਂ 2022 ’ਚ ਹੁਣ ਤੱਕ ਇਕਵਿਟੀ ’ਚੋਂ ਸ਼ੁੱਧ ਨਿਕਾਸੀ ਵਧ ਕੇ 2.13 ਲੱਖ ਕਰੋੜ ਰੁਪਏ ਤਕ ਪਹੁੰਚ ਗਈ ਹੈ। ਯੈੱਸ ਸਕਿਓਰਿਟੀਜ਼ ’ਚ ਸੰਸਥਾਗਤ ਇਕਵਿਟੀ ਦੇ ਮੁੱਖ ਵਿਸ਼ਲੇਸ਼ਕ ਹਿਤੇਸ਼ ਜੈਨ ਨੇ ਕਿਹਾ ਕਿ ਅਮਰੀਕੀ ਫੈੱਡਰਲ ਰਿਜ਼ਰਵ ਅਤੇ ਦੂਜੇ ਮੁੱਖ ਕੇਂਦਰੀ ਬੈਂਕਾਂ ਵੱਲੋਂ ਕਰੰਸੀ ਸਖਤੀ, ਕੱਚੇ ਤੇਲ ਦੀਆਂ ਕੀਮਤਾਂ ’ਚ ਤੇਜ਼ੀ ਅਤੇ ਅਸਥਿਰ ਰੁਪਏ ’ਚ ਅਨੁਮਾਨ ਹੈ ਕਿ ਐੱਫ. ਪੀ. ਆਈ. ਉੱਭਰਦੇ ਬਾਜ਼ਾਰਾਂ ਤੋਂ ਦੂਰ ਰਹਿਣਗੇ।
ਇਹ ਵੀ ਪੜ੍ਹੋ : ਕਾਠਮੰਡੂ ਘਾਟੀ 'ਚ ਗੋਲਗੱਪੇ ਵੇਚਣ 'ਤੇ ਲੱਗੀ ਪਾਬੰਦੀ
ਉਨ੍ਹਾਂ ਕਿਹਾ ਕਿ ਐੱਫ. ਪੀ. ਆਈ. ਦੀ ਆਮਦ ਉਦੋਂ ਦੁਬਾਰਾ ਸ਼ੁਰੂ ਹੋਵੇਗੀ, ਜਦੋਂ ਅਮਰੀਕਾ ’ਚ ਫੈੱਡਰਲ ਰਿਜ਼ਰਵ ਵੱਲੋਂ ਦਰਾਂ ’ਚ ਵਾਧਾ ਰੁਕ ਜਾਵੇਗਾ। ਜਿਓਜੀਤ ਫਾਈਨਾਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ. ਕੇ. ਵਿਜੇ ਕੁਮਾਰ ਨੇ ਕਿਹਾ ਕਿ ਇਸ ਤੋਂ ਇਲਾਵਾ ਜੇਕਰ ਡਾਲਰ ਅਤੇ ਬ੍ਰਾਂਡ ਪ੍ਰਤੀਫਲ ਦਾ ਮੌਜੂਦਾ ਰੁਝਾਨ ਬਣਿਆ ਰਹਿੰਦਾ ਹੈ ਤਾਂ ਐੱਫ. ਪੀ. ਆਈ. ਵੱਲੋਂ ਹੋਰ ਵੱਧ ਬਿਕਵਾਲੀ ਕਰਨ ਦੀ ਸੰਭਾਵਨਾ ਹੈ। ਅੰਕੜਿਆਂ ਮੁਤਾਬਿਕ ਵਿਦੇਸ਼ੀ ਨਿਵੇਸ਼ਕਾਂ ਨੇ ਜੂਨ ’ਚ (24 ਤਰੀਕ ਤਕ) ਇਕਵਿਟੀ ਤੋਂ 45,841 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ। ਵਿਦੇਸ਼ੀ ਨਿਵੇਸ਼ਕ ਅਕਤੂਬਰ 2021 ਤੋਂ ਭਾਰਤੀ ਇਕਵਿਟੀ ਤੋਂ ਲਗਾਤਾਰ ਧਨ ਕੱਢ ਰਹੇ ਹਨ। ਇਸ ਤਰ੍ਹਾਂ ਦੀ ਨਿਕਾਸੀ ਆਖਰੀ ਵਾਰ 2020 ਦੀ ਪਹਿਲੀ ਤਿਮਾਹੀ ’ਚ ਦੇਖੀ ਗਈ ਸੀ, ਜਦੋਂ ਮਹਾਮਾਰੀ ਤੇਜ਼ੀ ਨਾਲ ਵਧ ਰਹੀ ਸੀ।
ਇਹ ਵੀ ਪੜ੍ਹੋ : ਇਰਾਕ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਈਰਾਨ ਦੀ ਯਾਤਰਾ 'ਤੇ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ