ਐੱਫ. ਪੀ. ਆਈ. ਨੇ ਜੁਲਾਈ ’ਚ ਹੁਣ ਤੱਕ ਭਾਰਤੀ ਸ਼ੇਅਰਾਂ ’ਚ 22,000 ਕਰੋੜ ਰੁਪਏ ਪਾਏ
Monday, Jul 10, 2023 - 01:42 PM (IST)
ਨਵੀਂ ਦਿੱਲੀ (ਭਾਸ਼ਾ) - ਅਨਿਸ਼ਚਿਤ ਵੱਡੇ ਕੌਮਾਂਤਰੀ ਦ੍ਰਿਸ਼ ’ਚ ਘਰੇਲੂ ਅਰਥਿਵਸਥਾ ਦੀ ਮਜ਼ਬੂਤੀ ਕਾਰਨ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਇਸ ਮਹੀਨੇ ਦੇ ਪਹਿਲੇ ਹਫ਼ਤੇ ’ਚ ਭਾਰਤੀ ਸ਼ੇਅਰ ਬਾਜ਼ਾਰਾਂ ’ਚ ਸ਼ੁੱਧ ਰੂਪ ਨਾਲ 22,000 ਕਰੋੜ ਰੁਪਏ ਪਾਏ ਹਨ। ਜਿਓਜੀਤ ਫਾਈਨਾਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ.ਕੇ. ਵਿਜੈਕੁਮਾਰ ਨੇ ਕਿਹਾ, ‘‘ਜੇਕਰ ਇਹ ਰੁਖ ਜਾਰੀ ਰਹਿੰਦਾ ਹੈ, ਤਾਂ ਜੁਲਾਈ ’ਚ ਐੱਫ. ਪੀ. ਆਈ. ਦਾ ਨਿਵੇਸ਼ ਮਈ ਅਤੇ ਜੂਨ ਤੋਂ ਜ਼ਿਆਦਾ ਹੋ ਜਾਵੇਗਾ।
ਮਈ ’ਚ ਐੱਫ. ਪੀ. ਆਈ. ਦਾ ਸ਼ੇਅਰਾਂ ’ਚ ਨਿਵੇਸ਼ 43,838 ਕਰੋੜ ਰੁਪਏ ਅਤੇ ਜੂਨ ’ਚ 47,148 ਕਰੋੜ ਰੁਪਏ ਰਿਹਾ ਸੀ। ਡਿਪਾਜ਼ਟਰੀ ਦੇ ਅੰਕੜਿਆਂ ਮੁਤਾਬਕ, ਐੱਫ. ਪੀ. ਆਈ. ਮਾਰਚ ਤੋਂ ਲਗਾਤਾਰ ਭਾਰਤੀ ਸ਼ੇਅਰ ਬਾਜ਼ਾਰ ’ਚ ਲਿਵਾਲ ਰਹੇ ਹਨ। ਇਸ ਮਹੀਨੇ 7 ਜੁਲਾਈ ਤੱਕ ਉਨ੍ਹਾਂ ਨੇ ਸ਼ੇਅਰਾਂ ’ਚ 21,944 ਕਰੋੜ ਰੁਪਏ ਪਾਏ ਹਨ । ਮਾਰਚ ਤੋਂ ਪਹਿਲਾਂ ਵਿਦੇਸ਼ੀ ਨਿਵੇਸ਼ਕਾਂ ਨੇ ਜਨਵਰੀ ਅਤੇ ਫਰਵਰੀ ’ਚ ਸ਼ੇਅਰਾਂ ਤੋਂ ਕੁਲ ਮਿਲਾ ਕੇ 34,626 ਕਰੋੜ ਰੁਪਏ ਕੱਢੇ ਸੀ। ਕੋਟਕ ਸਕਿਓਰਿਟੀਜ਼ ਦੇ ਇਕਵਿਟੀ ਖੋਜ (ਪ੍ਰਚੂਨ) ਮੁਖੀ ਸ਼੍ਰੀਕਾਂਤ ਚੌਹਾਨ ਨੇ ਕਿਹਾ ਕਿ ਭਾਰਤ ਦਾ ਹੋਰ ਦੇਸ਼ਾਂ ਦੀ ਤੁਲਣਾ ’ਚ ਜ਼ਿਆਦਾ ਵਾਧੇ ਦੇ ਅਨੁਕੂਲ ਬਾਜ਼ਾਰ ਦੇ ਰੂਪ ’ਚ ਉੱਭਰਨਾ ਵਿਦੇਸ਼ੀ ਨਿਵੇਸ਼ਕਾਂ ਦਾ ਭਰੋਸਾ ਵਧਾ ਰਿਹਾ ਹੈ।
ਮਾਰਨਿੰਗਸਟਾਰ ਇੰਡੀਆ ਦੇ ਐਸੋਸੀਏਟ ਨਿਰਦੇਸ਼ਕ-ਪ੍ਰਬੰਧਕ ਜਾਂਚ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਐੱਫ. ਪੀ. ਆਈ. ਦੀ ਲਿਵਾਲੀ ਦੀ ਮੁੱਖ ਵਜ੍ਹਾ ਇਹ ਹੈ ਕਿ ਅਨਿਸ਼ਚਿਤ ਵੱਡੇ ਕੌਮਾਂਤਰੀ ਰੁਖ ਦਰਮਿਆਨ ਭਾਰਤੀ ਅਰਥਵਿਵਸਥਾ ਜੁਝਾਰੂ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਮੋਰਚੇ ’ਤੇ ਚੀਨ ਦੀ ਅਰਥਵਿਵਸਥਾ ’ਚ ਸੁਸਤੀ ਕਾਰਨ ਐੱਫ. ਪੀ. ਆਈ. ਭਾਰਤ ’ਚ ਆਪਣਾ ਨਿਵੇਸ਼ ਵਧਾ ਰਹੇ ਹਨ। ਜਿਯੋਜੀਤ ਦੇ ਵਿਜੈ ਕੁਮਾਰ ਨੇ ਕਿਹਾ ਕਿ ਐੱਫ. ਪੀ. ਆਈ. ਹੁਣ ‘ਭਾਰਤ ’ਚ ਖਰੀਦੋ, ਚੀਨ ’ਚ ਵੇਚ’ ਦੀ ਰਣਨੀਤੀ ਆਪਣਾ ਰਹੇ ਹਨ। ਸਮੀਖਿਆ ਅਧੀਨ ਮਿਆਦ ’ਚ ਐੱਫ. ਪੀ. ਆਈ. ਨੇ ਸ਼ੇਅਰਾਂ ਤੋਂ ਇਲਾਵਾ ਕਰਜ਼ਾ ਜਾਂ ਬਾਂਡ ਬਾਜ਼ਾਰ ’ਚ ਵੀ 1,557 ਕਰੋੜ ਰੁਪਏ ਪਾਏ ਹਨ। ਇਸ ਸਾਲ ਹੁਣ ਤੱਕ ਭਾਰਤੀ ਸ਼ੇਅਰਾਂ ’ਚ ਐੱਫ. ਪੀ. ਆਈ. ਦਾ ਨਿਵੇਸ਼ 98,350 ਕਰੋੜ ਰੁਪਏ ’ਤੇ ਅਤੇ ਬਾਂਡ ਬਾਜ਼ਾਰ ’ਚ 18,230 ਕਰੋੜ ਰੁਪਏ ’ਤੇ ਪਹੁੰਚ ਗਿਆ ਹੈ।