ਵਿਦੇਸ਼ੀ ਮੁਦਰਾ ਭੰਡਾਰ 11.94 ਡਾਲਰ ਵਧ ਕੇ ਰਿਕਾਰਡ ਉਚਾਈ ''ਤੇ
Sunday, Aug 09, 2020 - 01:57 AM (IST)
ਮੁੰਬਈ (ਏਜੰਸੀਆਂ)–ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 31 ਜੁਲਾਈ ਨੂੰ ਸਮਾਪਤ ਹਫਤੇ ਦੌਰਾਨ 11.94 ਅਰਬ ਡਾਲਰ ਦੇ ਜ਼ੋਰਦਾਰ ਵਾਧੇ ਨਾਲ 535 ਅਰਬ ਡਾਲਰ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਿਆ ਹੈ। ਭਾਰਤੀ ਰਿਜ਼ਰਵ ਬੈਂਕ ਦੇ ਤਾਜ਼ਾ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ। ਵੀਰਵਾਰ ਨੂੰ ਮੁਦਰਾ ਨੀਤੀ ਦਾ ਐਲਾਨ ਕਰਦੇ ਹੋਏ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ 535 ਅਰਬ ਡਾਲਰ ਦਾ ਵਿਦੇਸ਼ੀ ਮੁਦਰਾ ਭੰਡਾਰ 13.4 ਮਹੀਨੇ ਦੇ ਦਰਾਮਦ ਖਰਚ ਦੇ ਬਰਾਬਰ ਹੈ।
ਮੁਦਰਾ ਭੰਡਾਰ 'ਚ 56.8 ਅਰਬ ਡਾਲਰ ਦਾ ਵਾਧਾ
ਉਨ੍ਹਾਂ ਨੇ ਕਿਹਾ ਸੀ ਕਿ ਵਿੱਤੀ ਸਾਲ 2020-21 'ਚ ਹੁਣ ਤੱਕ (31 ਜੁਲਾਈ ਤੱਕ) ਮੁਦਰਾ ਭੰਡਾਰ 'ਚ 56.8 ਅਰਬ ਡਾਲਰ ਦਾ ਵਾਧਾ ਹੋਇਆ ਹੈ। 24 ਜੁਲਾਈ ਨੂੰ ਸਮਾਪਤ ਹਫਤੇ 'ਚ ਵਿਦੇਸ਼ੀ ਮੁਦਰਾ ਭੰਡਾਰ 4.99 ਅਰਬ ਡਾਲਰ ਵਧ ਕੇ 523 ਅਰਬ ਡਾਲਰ ਹੋ ਗਿਆ ਸੀ। ਇਸ ਤੋਂ ਪਹਿਲਾਂ 5 ਜੂਨ ਨੂੰ ਸਮਾਪਤ ਹਫਤੇ 'ਚ ਪਹਿਲੀ ਵਾਰ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 500 ਅਰਬ ਡਾਲਰ ਦੇ ਪੱਧਰ ਤੋਂ ਉੱਪਰ ਗਿਆ ਸੀ। ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ 'ਚ ਵਾਧਾ ਹੋਣ ਦਾ ਕਾਰਨ 31 ਜੁਲਾਈ ਨੂੰ ਸਮਾਪਤ ਹਫਤੇ 'ਚ ਵਿਦੇਸ਼ੀ ਮੁਦਰਾ ਜਾਇਦਾਦਾਂ (ਐੱਫ. ਸੀ. ਏ.) ਦਾ ਵਧਣਾ ਹੈ, ਜੋ ਕੁਲ ਮੁਦਰਾ ਭੰਡਾਰ ਦਾ ਇਕ ਅਹਿਮ ਹਿੱਸਾ ਹੁੰਦਾ ਹੈ।