ਵਿਦੇਸ਼ੀ ਕਰੰਸੀ ਭੰਡਾਰ ਰਿਕਾਰਡ ਲੈਵਲ ''ਤੇ, 507 ਅਰਬ ਡਾਲਰ ਦੇ ਪਾਰ ਪੁੱਜਾ

06/22/2020 1:02:02 AM

ਨਵੀਂ ਦਿੱਲੀ-ਭਾਰਤ ਦੇ ਵਿਦੇਸ਼ੀ ਪੂੰਜੀ ਭੰਡਾਰ 'ਚ 12 ਜੂਨ ਨੂੰ ਖਤਮ ਹੋਏ ਹਫਤੇ 'ਚ 5.942 ਅਰਬ ਡਾਲਰ ਦਾ ਰਿਕਾਰਡ ਵਾਧਾ ਕੀਤਾ ਗਿਆ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਜਾਰੀ ਹਫਤਾਵਾਰ ਅੰਕੜਿਆਂ ਮੁਤਾਬਕ ਕੁੱਲ ਵਿਦੇਸ਼ੀ ਪੂੰਜੀ ਭੰਡਾਰ 5 ਜੂਨ ਨੂੰ ਖਤਮ ਹਫਤੇ ਦੇ 501.703 ਅਰਬ ਡਾਲਰ ਤੋਂ ਵਧ ਕੇ 12 ਜੂਨ ਨੂੰ 507.644 ਅਰਬ ਡਾਲਰ ਹੋ ਗਿਆ। ਵਿਦੇਸ਼ੀ ਪੂੰਜੀ ਭੰਡਾਰ 'ਚ ਵਿਦੇਸ਼ੀ ਕਰੰਸੀ ਭੰਡਾਰ (ਐੱਫ. ਸੀ. ਏ.), ਸੋਨਾ ਭੰਡਾਰ, ਵਿਸ਼ੇਸ਼ ਨਿਕਾਸੀ ਅਧਿਕਾਰ ਅਤੇ ਕੌਮਾਂਤਰੀ ਕਰੰਸੀ ਫੰਡ 'ਚ ਭਾਰਤੀ ਭੰਡਾਰ ਸ਼ਾਮਲ ਹੁੰਦੇ ਹਨ। ਵਿਦੇਸ਼ੀ ਪੂੰਜੀ ਭੰਡਾਰ 'ਚ ਸਭ ਤੋਂ ਵੱਡੇ ਕਾਰਕ ਐੱਫ. ਸੀ. ਏ. 'ਚ 5.106 ਅਰਬ ਡਾਲਰ ਦਾ ਵਾਧਾ ਹੋਇਆ ਅਤੇ ਇਹ 468.737 ਅਰਬ ਡਾਲਰ ਹੋ ਗਿਆ।

ਇਸੇ ਤਰ੍ਹਾਂ ਦੇਸ਼ ਦੇ ਸੋਨਾ ਭੰਡਾਰ ਦਾ ਮੁੱਲ 82.10 ਕਰੋੜ ਡਾਲਰ ਵਧ ਕੇ 33.173 ਅਰਬ ਡਾਲਰ ਹੋ ਗਿਆ। ਇਸ ਤੋਂ ਇਲਾਵਾ ਵਿਸ਼ੇਸ਼ ਨਿਕਾਸੀ ਅਧਿਕਾਰ ਮੁੱਲ 1.20 ਕਰੋੜ ਡਾਲਰ ਵਧ ਕੇ 1.454 ਅਰਬ ਡਾਲਰ ਹੋ ਗਿਆ। ਆਈ. ਐੱਮ. ਐੱਫ. 'ਚ ਦੇਸ਼ ਦਾ ਭੰਡਾਰ 30 ਲੱਖ ਡਾਲਰ ਵਧ ਕੇ 4.280 ਅਰਬ ਡਾਲਰ ਹੋ ਗਿਆ। ਵਿਦੇਸ਼ੀ ਕਰੰਸੀ ਭੰਡਾਰ ਇਕ ਜਾਂ ਇਕ ਤੋਂ ਜ਼ਿਆਦਾ ਕਰੰਸੀ 'ਚ ਰੱਖੇ ਜਾਂਦੇ ਹਨ। ਆਮ ਤੌਰ 'ਤੇ ਭੰਡਾਰ ਡਾਲਰ ਜਾਂ ਯੂਰੋ 'ਚ ਰੱਖਿਆ ਜਾਂਦਾ ਹੈ। ਆਰ. ਬੀ. ਆਈ. ਹਫਤਾਵਾਰ ਆਧਾਰ 'ਤੇ ਇਸ ਦੇ ਅੰਕੜੇ ਪੇਸ਼ ਕਰਦਾ ਹੈ।

ਪਿਛਲੇ ਸਾਲ ਦੇ ਆਖਰੀ ਹਫਤੇ 'ਚ ਭਾਰਤ ਦਾ ਵਿਦੇਸ਼ੀ ਕਰੰਸੀ ਭੰਡਾਰ (27 ਦਸੰਬਰ 2019 ਨੂੰ ਖਤਮ ਹਫਤੇ) 'ਚ 2 ਅਰਬ 52 ਕਰੋੜ ਡਾਲਰ ਵਧ ਕੇ ਰਿਕਾਰਡ 457 ਅਰਬ 46 ਕਰੋੜ 80 ਲੱਖ ਡਾਲਰ ਦਰਜ ਕੀਤਾ ਗਿਆ ਸੀ। ਇਸ ਸਮੇਂ ਤੋਂ ਲੈ ਕੇ ਹੁਣ ਤੱਕ ਵਿਦੇਸ਼ੀ ਕਰੰਸੀ ਭੰਡਾਰ ਦੇ ਅੰਕੜਿਆਂ 'ਤੇ ਗੌਰ ਕਰੀਏ ਤਾਂ ਇਸ 'ਚ 50.18 ਅਰਬ ਡਾਲਰ ਤੋਂ ਵੀ ਜ਼ਿਆਦਾ ਦਾ ਵਾਧਾ ਹੋਇਆ ਹੈ।


Karan Kumar

Content Editor

Related News