ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 4.53 ਅਰਬ ਡਾਲਰ ਵਧ ਕੇ 588.78 ਅਰਬ ਡਾਲਰ ’ਤੇ ਪੁੱਜਾ
Saturday, May 06, 2023 - 10:17 AM (IST)
ਮੁੰਬਈ (ਭਾਸ਼ਾ) - ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 28 ਅਪ੍ਰੈਲ ਨੂੰ ਸਮਾਪਤ ਹਫ਼ਤੇ ’ਚ 4.53 ਅਰਬ ਡਾਲਰ ਵਧ ਕੇ 588.78 ਅਰਬ ਡਾਲਰ ’ਤੇ ਪਹੁੰਚ ਗਿਆ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਿਛਲੇ ਹਫ਼ਤੇ ਦੇਸ਼ ਦਾ ਕੁੱਲ ਵਿਦੇਸ਼ੀ ਮੁਦਰਾ ਭੰਡਾਰ 2.164 ਅਰਬ ਡਾਲਰ ਘਟ ਕੇ 584.248 ਅਰਬ ਡਾਲਰ ਰਹਿ ਗਿਆ ਸੀ। ਗਲੋਬਲ ਘਟਨਾਵਾਂ ਕਾਰਣ ਪੈਦਾ ਦਬਾਅ ਦਰਮਿਆਨ ਕੇਂਦਰੀ ਬੈਂਕ ਦੇ ਰੁਪਏ ਦੇ ਬਚਾਅ ਲਈ ਮੁਦਰਾ ਭੰਡਾਰ ਦੀ ਵਰਤੋਂ ਨਾਲ ਇਸ ’ਚ ਗਿਰਾਵਟ ਆਈ।
ਰਿਜ਼ਰਵ ਬੈਂਕ ਦੇ ਹਫ਼ਤਾਵਾਰੀ ਅੰਕੜਿਆਂ ਮੁਤਾਬਕ 28 ਅਪ੍ਰੈਲ ਨੂੰ ਸਮਾਪਤ ਹਫ਼ਤੇ ’ਚ ਮੁਦਰਾ ਭੰਡਾਰ ਦਾ ਅਹਿਮ ਹਿੱਸਾ ਵਿਦੇਸ਼ੀ ਮੁਦਰਾ ਜਾਇਦਾਦਾਂ 5 ਅਰਬ ਡਾਲਰ ਵਧ ਕੇ 519.485 ਅਰਬ ਡਾਲਰ ਹੋ ਗਈਆਂ। ਡਾਲਰ ’ਚ ਦਰਸਾਈਆਂ ਜਾਣ ਵਾਲੀਆਂ ਵਿਦੇਸ਼ੀ ਐਸਟਸ ਵਿਚ ਯੂਰੋ, ਪੌਂਡ ਅਤੇ ਯੇਨ ਵਰਗੀਆਂ ਗੈਰ-ਅਮਰੀਕੀ ਕਰੰਸੀਆਂ ’ਚ ਆਈ ਘਟ-ਵਧ ਦੇ ਪ੍ਰਭਾਵਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ ਗੋਲਡ ਰਿਜ਼ਰਵ ਦਾ ਮੁੱਲ ਸਮੀਖਿਆ ਅਧੀਨ ਹਫ਼ਤੇ ’ਚ 49.4 ਕਰੋੜ ਡਾਲਰ ਘਟ ਕੇ 45.657 ਅਰਬ ਡਾਲਰ ਰਹਿ ਗਿਆ। ਅੰਕੜਿਆਂ ਮੁਤਾਬਕ ਵਿਸ਼ੇਸ਼ ਡਰਾਇੰਗ ਅਧਿਕਾਰ (ਐੱਸ. ਡੀ. ਆਰ.) 3.5 ਕਰੋੜ ਡਾਲਰ ਵਧ ਕੇ 18.466 ਅਰਬ ਡਾਲਰ ਹੋ ਗਿਆ। ਸਮੀਖਿਆ ਅਧੀਨ ਹਫ਼ਤੇ ’ਚ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਵਿਚ ਰੱਖਿਆ ਦੇਸ਼ ਦਾ ਮੁਦਰਾ ਭੰਡਾਰ 40 ਲੱਖ ਡਾਲਰ ਘਟ ਕੇ 5.172 ਅਰਬ ਡਾਲਰ ਰਹਿ ਗਿਆ।