ਭਾਰਤ ਦੇ ਲਗਜ਼ਰੀ ਬਾਜ਼ਾਰ ’ਤੇ ਵਿਦੇਸ਼ੀ ਬ੍ਰਾਂਡਾਂ ਦੀ ਨਜ਼ਰ, ਰਾਲਫ ਲੌਰੇਨ-ਲੈਨਵਿਨ ਦੀ ਨਵੀਂ ਰਣਨੀਤੀ

Monday, Apr 27, 2026 - 03:14 PM (IST)

ਭਾਰਤ ਦੇ ਲਗਜ਼ਰੀ ਬਾਜ਼ਾਰ ’ਤੇ ਵਿਦੇਸ਼ੀ ਬ੍ਰਾਂਡਾਂ ਦੀ ਨਜ਼ਰ, ਰਾਲਫ ਲੌਰੇਨ-ਲੈਨਵਿਨ ਦੀ ਨਵੀਂ ਰਣਨੀਤੀ

ਬਿਜ਼ਨੈੱਸ ਡੈਸਕ - ਵਿਸ਼ਵ ਪੱਧਰ ’ਤੇ ਲਗਜ਼ਰੀ ਉਤਪਾਦਾਂ ਦੀ ਮੰਗ ’ਚ ਸੁਸਤੀ ਦੇ ਸੰਕੇਤਾਂ ਵਿਚਕਾਰ ਅੰਤਰਰਾਸ਼ਟਰੀ ਬ੍ਰਾਂਡ ਹੁਣ ਭਾਰਤ ਨੂੰ ਇਕ ਵੱਡੇ ਮੌਕੇ ਵਜੋਂ ਦੇਖ ਰਹੇ ਹਨ। ਤੇਜ਼ੀ ਨਾਲ ਵਿਕਸਤ ਹੋ ਰਹੇ ਭਾਰਤੀ ਲਗਜ਼ਰੀ ਬਾਜ਼ਾਰ ’ਤੇ ਪਕੜ ਮਜ਼ਬੂਤ ਕਰਨ ਲਈ ਪ੍ਰਮੁੱਖ ਬ੍ਰਾਂਡ ਆਪਣੀਆਂ ਰਣਨੀਤੀਆਂ ਨੂੰ ਨਵਾਂ ਰੂਪ ਦੇ ਰਹੇ ਹਨ। ਰਾਲਫ ਲੌਰੇਨ ਅਤੇ ਲੈਨਵਿਨ ਗਰੁੱਪ ਵਰਗੇ ਵੱਡੇ ਨਾਂ ਭਾਰਤ ’ਚ ਆਪਣੇ ਕਾਰੋਬਾਰ ਦਾ ਵਿਸਤਾਰ ਕਰਨ ਲਈ ਵੱਖ-ਵੱਖ ਰਸਤੇ ਅਪਣਾ ਰਹੇ ਹਨ। ਜਿੱਥੇ ਇਕ ਪਾਸੇ ਸਟੋਰ ਨੈੱਟਵਰਕ ਵਧਾਉਣ ’ਤੇ ਜ਼ੋਰ ਹੈ, ਉਥੇ ਹੀ ਦੂਜੇ ਪਾਸੇ ਲੋਕਲਾਈਜ਼ੇਸ਼ਨ ਅਤੇ ਸਾਂਝੇਦਾਰੀ ’ਤੇ ਫੋਕਸ ਕੀਤਾ ਜਾ ਰਿਹਾ ਹੈ।

ਰਾਲਫ ਸਟੋਰ ਦਾ ਵਿਸਤਾਰ ਅਤੇ ਡਿਜੀਟਲ ਪਹੁੰਚ

ਰਾਲਫ ਲੌਰੇਨ ਭਾਰਤ ’ਚ ਆਪਣੇ ਫਿਜ਼ੀਕਲ ਸਟੋਰਾਂ ਦੀ ਗਿਣਤੀ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ। ਕੰਪਨੀ ਦੇ ਫਿਲਹਾਲ ਕਰੀਬ 8 ਸਟੋਰ ਹਨ ਅਤੇ ਹੁਣ ਇਹ ਮੈਟਰੋ ਸ਼ਹਿਰਾਂ ਦੇ ਨਾਲ-ਨਾਲ ਟੀਅਰ-2 ਅਤੇ ਟੀਅਰ-3 ਸ਼ਹਿਰਾਂ ’ਚ ਵੀ ਵਿਸਤਾਰ ਦੀ ਤਿਆਰੀ ਕਰ ਰਹੀ ਹੈ। ਭਾਰਤ ’ਚ ਬ੍ਰਾਂਡ ਦਾ ਸੰਚਾਲਨ ‘ਆਦਿੱਤਿਆ ਬਿਰਲਾ ਫੈਸ਼ਨ ਐਂਡ ਰਿਟੇਲ ਲਿਮਟਿਡ’ ਰਾਹੀਂ ਕੀਤਾ ਜਾ ਰਿਹਾ ਹੈ। ਕੰਪਨੀ ਦਾ ਮੰਨਣਾ ਹੈ ਕਿ ਡਿਜੀਟਲ ਪਲੇਟਫਾਰਮਾਂ ਦੇ ਵਧਦੇ ਪ੍ਰਭਾਵ ਨਾਲ ਛੋਟੇ ਸ਼ਹਿਰਾਂ ਦੇ ਗਾਹਕ ਵੀ ਹੁਣ ਵਿਸ਼ਵਵਿਆਪੀ ਫੈਸ਼ਨ ਟ੍ਰੈਂਡ ਨਾਲ ਜੁੜ ਚੁੱਕੇ ਹਨ, ਜਿਸ ਕਾਰਨ ਮੰਗ ਤੇਜ਼ੀ ਨਾਲ ਫੈਲ ਰਹੀ ਹੈ।

ਲੈਨਵਿਨ ਦਾ ਲੋਕਲ ਕੁਨੈਕਸ਼ਨ ਅਤੇ ਪਾਰਟਨਰਸ਼ਿਪ

ਇਸ ਦੇ ਉਲਟ ਲੈਨਵਿਨ ਗਰੁੱਪ ਭਾਰਤ ’ਚ ਤੇਜ਼ ਵਿਸਤਾਰ ਦੀ ਬਜਾਏ ਸਥਾਨਕ ਸੰਸਕ੍ਰਿਤੀ ਨਾਲ ਜੁੜਨ ’ਤੇ ਜ਼ੋਰ ਦੇ ਰਿਹਾ ਹੈ। ਕੰਪਨੀ ਦਾ ਮੰਨਣਾ ਹੈ ਕਿ ਭਾਰਤ ਵਰਗੇ ਵੰਨ-ਸਵੰਨਤਾ ਵਾਲੇ ਬਾਜ਼ਾਰ ’ਚ ਸਫਲਤਾ ਲਈ ਸਥਾਨਕ ਪਾਰਟਨਰ ਅਤੇ ਸੱਭਿਆਚਾਰਕ ਸਮਝ ਬਹੁਤ ਜ਼ਰੂਰੀ ਹੈ। ਲੈਨਵਿਨ ਗਰੁੱਪ ਦੇ ਅਧੀਨ ਲੈਨਵਿਨ, ਸਰਜੀਓ ਰੌਸੀ, ਵੋਲਫੋਰਡ ਅਤੇ ਸੇਂਟ ਜੌਨ ਨਿਟਸ ਵਰਗੇ ਬ੍ਰਾਂਡ ਸ਼ਾਮਲ ਹਨ।

ਭਾਰਤ ਬਣਿਆ ਉੱਭਰਦਾ ਹੋਇਆ ਲਗਜ਼ਰੀ ਹੱਬ

ਭਾਰਤ ਦਾ ਲਗਜ਼ਰੀ ਬਾਜ਼ਾਰ ਅਜੇ ਚੀਨ ਅਤੇ ਯੂਰਪ ਦੇ ਮੁਕਾਬਲੇ ’ਚ ਛੋਟਾ ਜ਼ਰੂਰ ਹੈ ਪਰ ਤੇਜ਼ੀ ਨਾਲ ਵਧ ਰਿਹਾ ਹੈ। 2023 ’ਚ ਇਸਦਾ ਆਕਾਰ ਲੱਗਭਗ 7.74 ਅਰਬ ਡਾਲਰ ਸੀ, ਜੋ 2028 ਤੱਕ ਵਧ ਕੇ 12 ਅਰਬ ਡਾਲਰ ਤੱਕ ਪਹੁੰਚਣ ਦਾ ਅੰਦਾਜ਼ਾ ਹੈ। ਇਹ ਵਿਕਾਸ ਦਰ ਦੁਨੀਆ ਦੇ ਹੋਰ ਵੱਡੇ ਲਗਜ਼ਰੀ ਬਾਜ਼ਾਰਾਂ ਨਾਲੋਂ ਜ਼ਿਆਦਾ ਰਹਿਣ ਦੀ ਉਮੀਦ ਹੈ, ਜਿਸ ਨਾਲ ਭਾਰਤ ਗਲੋਬਲ ਬ੍ਰਾਂਡਾਂ ਲਈ ਖਿੱਚ ਦਾ ਕੇਂਦਰ ਬਣ ਗਿਆ ਹੈ।

ਗਲੋਬਲ ਬਾਜ਼ਾਰ ’ਚ ਸੁਸਤੀ, ਭਾਰਤ ਵਿਚ ਉਮੀਦ

ਵਿਸ਼ਵ ਪੱਧਰ ’ਤੇ ਕਈ ਵੱਡੇ ਬ੍ਰਾਂਡਾਂ ਨੂੰ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ‘ਕੇਰਿੰਗ’ ਦੇ ਮਾਲਕੀ ਹੱਕ ਵਾਲੇ ‘ਗੁੱਚੀ’ ਦੀ ਵਿਕਰੀ ’ਚ ਗਿਰਾਵਟ ਦਰਜ ਕੀਤੀ ਗਈ ਹੈ, ਜਦਕਿ ‘ਲੂਈ ਵਿਟੌਨ’ ਵਰਗੇ ਬ੍ਰਾਂਡ ਵੀ ਸੁਸਤ ਮੰਗ ਤੋਂ ਪ੍ਰਭਾਵਿਤ ਹੋਏ ਹਨ। ਹਾਲਾਂਕਿ ‘ਹਰਮੀਸ’ ਨੇ ਬਿਹਤਰ ਪ੍ਰਦਰਸ਼ਨ ਕੀਤਾ, ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਖਪਤਕਾਰ ਹੁਣ ਤੇਜ਼ੀ ਨਾਲ ਬਦਲਦੇ ਫੈਸ਼ਨ ਦੀ ਬਜਾਏ ਭਰੋਸੇਮੰਦ ਅਤੇ ਰਵਾਇਤੀ ਬ੍ਰਾਂਡਾਂ ਵੱਲ ਝੁਕ ਰਹੇ ਹਨ।

ਬਦਲਦਾ ਖਪਤਕਾਰ ਵਿਵਹਾਰ

ਮਾਹਿਰਾਂ ਅਨੁਸਾਰ ਭਾਰਤ ’ਚ ਲਗਜ਼ਰੀ ਖਰੀਦਦਾਰੀ ਹੁਣ ਸਿਰਫ਼ ਵੱਡੇ ਸ਼ਹਿਰਾਂ ਤੱਕ ਸੀਮਤ ਨਹੀਂ ਰਹੀ। ਛੋਟੇ ਸ਼ਹਿਰਾਂ ਦੇ ਗਾਹਕ ਵੀ ਹੁਣ ‘ਪੈਰਿਸ ਫੈਸ਼ਨ ਵੀਕ’ ਵਰਗੇ ਵਿਸ਼ਵਵਿਆਪੀ ਆਯੋਜਨਾਂ ਤੋਂ ਅਪਡੇਟ ਰਹਿੰਦੇ ਹਨ ਅਤੇ ਉਸੇ ਅਨੁਸਾਰ ਖਰੀਦਦਾਰੀ ਕਰਦੇ ਹਨ। ਨਾਲ ਹੀ ਭਾਰਤੀ ਬਾਜ਼ਾਰ ’ਚ ਵਿਆਹਾਂ ਅਤੇ ਸਮਾਜਿਕ ਸਮਾਗਮਾਂ ਦੀ ਮਹੱਤਤਾ ਜ਼ਿਆਦਾ ਹੋਣ ਕਾਰਨ ਬ੍ਰਾਂਡ ਆਪਣੇ ਉਤਪਾਦਾਂ ਨੂੰ ਸਥਾਨਕ ਲੋੜਾਂ ਅਨੁਸਾਰ ਢਾਲਣ ’ਤੇ ਜ਼ੋਰ ਦੇ ਰਹੇ ਹਨ।


author

Harinder Kaur

Content Editor

Related News