ਗਾਹਕਾਂ ਨੂੰ ਵੱਡੀ ਰਾਹਤ, ਸਸਤੇ ਹੋਏ ਇਹ ਸਾਮਾਨ

11/22/2017 9:03:41 AM

ਨਵੀਂ ਦਿੱਲੀ— ਆਈ. ਟੀ. ਸੀ., ਡਾਬਰ ਇੰਡੀਆ, ਹਿੰਦੁਸਤਾਨ ਯੂਨੀਲੀਵਰ ਅਤੇ ਮੈਰਿਕੋ ਵਰਗੀਆਂ ਕੰਪਨੀਆਂ ਨੇ ਜੀ. ਐੱਸ. ਟੀ. ਦਰਾਂ 'ਚ ਕਟੌਤੀ ਦਾ ਲਾਭ ਗਾਹਕਾਂ ਨੂੰ ਦੇਣ ਲਈ ਆਪਣੇ ਵੱਖ-ਵੱਖ ਉਤਪਾਦਾਂ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ। ਸਰਕਾਰ ਨੇ ਇਕ ਦਿਨ ਪਹਿਲਾਂ ਹੀ ਕੰਪਨੀਆਂ ਨੂੰ ਜੀ. ਐੱਸ. ਟੀ. ਦਰਾਂ 'ਚ ਕਟੌਤੀ ਦਾ ਲਾਭ ਗਾਹਕਾਂ ਨੂੰ ਦੇਣ ਲਈ ਕਿਹਾ ਸੀ। ਉੱਥੇ ਹੀ, ਦਸੰਬਰ ਦੇ ਪਹਿਲੇ ਹਫਤੇ ਤੋਂ ਨਵੀਆਂ ਕੀਮਤਾਂ ਦੇ ਨਾਲ ਮਾਲ ਬਾਜ਼ਾਰ 'ਚ ਆ ਜਾਵੇਗਾ। ਡਾਬਰ ਇੰਡੀਆ ਨੇ ਜੀ. ਐੱਸ. ਟੀ. ਦਰਾਂ 'ਚ ਹਾਲ ਹੀ ਦੀ ਕਟੌਤੀ ਦਾ ਫਾਇਦਾ ਗਾਹਕਾਂ ਨੂੰ ਦਿੰਦੇ ਹੋਏ ਸ਼ੈਂਪੂ, ਸਕਿਨ ਕੇਅਰ ਅਤੇ ਹੋਮ ਕੇਅਰ ਚੀਜ਼ਾਂ ਦੀਆਂ ਕੀਮਤਾਂ 'ਚ 9 ਫੀਸਦੀ ਦੀ ਕਟੌਤੀ ਦਾ ਐਲਾਨ ਕੀਤਾ ਹੈ।

ਉੱਥੇ ਹੀ, ਹਿੰਦੁਸਤਾਨ ਯੂਨੀਲੀਵਰ ਦੇ ਬੁਲਾਰੇ ਨੇ ਕਿਹਾ ਕਿ ਅਸੀਂ 'ਬਰੂ ਕੌਫੀ ਗੋਲਡ' ਦੇ 50 ਗ੍ਰਾਮ ਦੇ ਪੈਕ ਦਾ ਮੁੱਲ 145 ਰੁਪਏ ਤੋਂ ਘਟਾ ਕੇ 111 ਰੁਪਏ ਕੀਤਾ ਹੈ। ਕੀਮਤਾਂ 'ਚ ਕਿਸੇ ਤਰ੍ਹਾਂ ਦੇ ਹੋਰ ਬਦਲਾਅ ਬਾਰੇ ਅੱਗੇ ਦੱਸਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਐੱਚ. ਯੂ. ਐੱਲ. ਟੈਕਸ 'ਚ ਕਮੀ ਦਾ ਫਾਇਦਾ ਗਾਹਕਾਂ ਤਕ ਪਹੁੰਚਾਉਣ ਲਈ ਵਚਨਬੱਧ ਹੈ। 
ਇਸੇ ਤਰ੍ਹਾਂ ਮੈਰਿਕੋ ਦੇ ਸੀ. ਐੱਫ. ਓ. ਵਿਵੇਕ ਕਾਰਵੀ ਨੇ ਕਿਹਾ ਕਿ ਕੰਪਨੀ ਨੇ ਡਿਊਡਰੈਂਟਸ, ਹੇਅਰ ਜੈੱਲ, ਹੇਅਰ ਕ੍ਰੀਮ, ਬਾਡੀ ਕੇਅਰ ਆਦਿ ਵੱਖ-ਵੱਖ ਸ਼੍ਰੇਣੀਆਂ ਦੇ ਸਾਮਾਨਾਂ 'ਤੇ ਐੱਮ. ਆਰ. ਪੀ. 'ਚ ਕਟੌਤੀ ਕਰ ਦਿੱਤੀ ਹੈ। ਕਾਰਵੀ ਨੇ ਕਿਹਾ ਕਿ ਕੰਪਨੀ ਨੇ ਗਾਹਕਾਂ ਨੂੰ ਟੈਕਸ 'ਚ ਕਮੀ ਦਾ ਫਾਇਦਾ ਦੇਣ ਲਈ ਆਪਣੇ ਪਾਰਟਨਰਾਂ ਨੂੰ ਸੂਚਤ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਮੈਰਿਕੋ ਬਰਾਂਡ ਤਹਿਤ ਪੈਰਾਸ਼ੂਟ ਤੇਲ, ਲੀਵੋਨ, ਨਿਹਾਰ, ਸੈੱਟ-ਵੈੱਟ ਆਦਿ ਉਤਪਾਦ ਹਨ। ਉੱਥੇ ਹੀ ਸਿਗਰਟ ਤੋਂ ਲੈ ਕੇ ਸ਼ੈਂਪੂ ਤਕ ਬਣਾਉਣ ਵਾਲੀ ਕੋਲਕਾਤਾ ਦੀ ਕੰਪਨੀ ਆਈ. ਟੀ. ਸੀ. ਨੇ ਵੀ ਆਪਣੇ ਕਈ ਉਤਪਾਦਾਂ ਦੀ ਕੀਮਤ 'ਚ ਕਟੌਤੀ ਕਰ ਦਿੱਤੀ ਹੈ। ਕੰਪਨੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਜੀ. ਐੱਸ. ਟੀ. ਦੇ ਤਾਜ਼ਾ ਨੋਟੀਫਿਕੇਸ਼ਨ ਦੇ ਸੰਬੰਧ 'ਚ ਆਈ. ਟੀ. ਸੀ. ਨੇ ਆਪਣੇ ਸੰਬੰਧਤ ਉਤਪਾਦਾਂ ਦੀਆਂ ਕੀਮਤਾਂ 'ਚ ਬਦਲਾਅ ਕੀਤਾ ਹੈ।


Related News