ਵਿੱਤ ਮੰਤਰੀ ਸੀਤਾਰਾਮਨ ਨੇ ਕੀਤਾ ਸਰਕਾਰੀ ਬੈਂਕਾਂ ਦਾ ਰਿਵਿਊ, ਇਨ੍ਹਾਂ ਮੁੱਦਿਆਂ ’ਤੇ ਦਿੱਤਾ ਜ਼ੋਰ
Tuesday, Aug 20, 2024 - 10:39 AM (IST)
ਨਵੀਂ ਦਿੱਲੀ (ਭਾਸ਼ਾ) - ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਸੋਮਵਾਰ ਨੂੰ ਪਬਲਿਕ ਸੈਕਟਰ ਬੈਂਕਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਰਿਵਿਊ ਮੀਟਿੰਗ ਕੀਤੀ। ਇਸ ’ਚ ਵਿੱਤ ਮੰਤਰੀ ਨੇ ਬੈਂਕਾਂ ’ਚ ਡਿਪਾਜ਼ਿਟ ਵਧਾਉਣ, ਡਿਜੀਟਲ ਪੇਮੈਂਟ, ਸਾਈਬਰ ਸਕਿਓਰਿਟੀ, ਕ੍ਰੈਡਿਟ ਪ੍ਰੋਡਕਟ ਅਤੇ ਸਕੀਮਾਂ ਵਰਗੇ ਕਈ ਮੁੱਦਿਆਂ ’ਤੇ ਬੈਂਕਾਂ ਨਾਲ ਚਰਚਾ ਕੀਤੀ।
ਸਾਰੇ ਸਰਕਾਰੀ ਬੈਂਕਾਂ ਨੂੰ ਵਿੱਤ ਮੰਤਰੀ ਨੇ ਹੁੁਕਮ ਦਿੱਤੇ ਕਿ ਕਸਟਮਰ ਸਰਵਿਸ ’ਤੇ ਧਿਆਨ ਦਿੱਤਾ ਜਾਵੇ ਅਤੇ ਪੇਂਡੂ ਤੇ ਅਰਧ ਸ਼ਹਿਰੀ ਇਲਾਕਿਆਂ ਦੇ ਗਾਹਕਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਬੈਂਕਾਂ, ਸਰਕਾਰ, ਰੈਗੁਲੇਟਰ ਅਤੇ ਸਕਿਓਰਿਟੀ ਏਜੰਸੀਆਂ ਵਿਚਾਲੇ ਫਰਾਡ ਅਤੇ ਸਾਈਬਰ ਸਕਿਓਰਿਟੀ ਨੂੰ ਲੈ ਕੇ ਸਹਿਯੋਗ ਵਧਾਇਆ ਜਾਣਾ ਚਾਹੀਦਾ ਹੈ।
ਪੀ. ਐੱਮ. ਸੂਰਿਆ ਘਰ ਅਤੇ ਵਿਸ਼ਵਕਰਮਾ ਯੋਜਨਾ ’ਤੇ ਵਿਸ਼ੇਸ਼ ਧਿਆਨ ਦੇਣ ਬੈਂਕ
ਸੀਤਾਰਾਮਨ ਨੇ ਕਿਹਾ ਕਿ ਬੈਂਕਾਂ ਵੱਲੋਂ ਬਜਟ ਦੇ ਐਲਾਨਾਂ ਨੂੰ ਲਾਗੂ ਕਰਨ ਲਈ ਤੇਜ਼ੀ ਨਾਲ ਕਦਮ ਚੁੱਕੇ ਜਾਣ ਦੀ ਲੋੜ ਹੈ। ਵਿੱਤ ਮੰਤਰੀ ਨੇ ਕਿਹਾ ਕਿ ਬੈਂਕਾਂ ਨੂੰ ਪੀ. ਐੱਮ. ਸੂਰਿਆ ਘਰ ਮੁਫਤ ਬਿਜਲੀ ਯੋਜਨਾ ਅਤੇ ਪੀ. ਐੱਮ. ਵਿਸ਼ਵਕਰਮਾ ਯੋਜਨਾ ’ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਬੈਠਕ ’ਚ ਸਕੱਤਰ ਵਿਵੇਕ ਜੋਸ਼ੀ ਅਤੇ ਐੱਮ. ਨਾਗਰਾਜੂ ਸਮੇਤ ਸਾਰੇ ਬੈਂਕਾਂ ਦੇ ਮੁਖੀ ਅਤੇ ਵਿੱਤੀ ਸੇਵਾ ਵਿਭਾਗ ਦੇ ਅਧਿਕਾਰੀ ਸ਼ਾਮਲ ਹੋਏ।
ਬੈਂਕਾਂ ਦੀ ਏਸੈੱਟ ਕੁਆਲਿਟੀ ’ਚ ਆਇਆ ਸੁਧਾਰ, ਐੱਨ. ਪੀ. ਏ. ਵੀ ਘਟਿਆ
ਨਿਰਮਲਾ ਸੀਤਾਰਾਮਨ ਨੇ ਵਿੱਤੀ ਸਾਲ 2024 ’ਚ ਪਬਲਿਕ ਸੈਕਟਰ ਬੈਂਕਾਂ ਦੇ ਪ੍ਰਦਰਸ਼ਨ ’ਤੇ ਤਸੱਲੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਬੈਂਕਾਂ ਦੀ ਏਸੈੱਟ ਕੁਆਲਿਟੀ ’ਚ ਸੁਧਾਰ ਹੋਇਆ। ਨਾਲ ਹੀ, ਸ਼ੁੱਧ ਐੱਨ. ਪੀ. ਏ. ਵੀ ਘਟ ਕੇ 0.76 ਫੀਸਦੀ ’ਤੇ ਆ ਗਿਆ ਹੈ। ਬੈਂਕਾਂ ਦਾ ਸ਼ੁੱਧ ਲਾਭ 1.45 ਲੱਖ ਕਰੋਡ਼ ਰੁਪਏ ਰਿਹਾ ਹੈ। ਨਾਲ ਹੀ, ਉਨ੍ਹਾਂ ਨੇ 27,830 ਕਰੋਡ਼ ਰੁਪਏ ਦਾ ਡਿਵੀਡੈਂਡ ਵੰਡਿਆ ਹੈ। ਬੈਂਕਾਂ ਨੇ ਸਫਲਤਾ ਨਾਲ ਬਾਜ਼ਾਰ ਤੋਂ ਪੂੰਜੀ ਵੀ ਇਕੱਠੀ ਕੀਤੀ ਹੈ। ਬੈਂਕਾਂ ਦੀ ਕ੍ਰੈਡਿਟ ਗ੍ਰੋਥ ਵੀ ਸ਼ਾਨਦਾਰ ਹੈ ਪਰ ਹੁਣ ਉਨ੍ਹਾਂ ਨੂੰ ਡਿਪਾਜ਼ਿਟ ਵਧਾਉਣ ’ਤੇ ਤੇਜ਼ੀ ਨਾਲ ਕੰਮ ਕਰਨਾ ਹੋਵੇਗਾ।
ਲੋਨ ਕਲੋਜ਼ਰ ਡਾਕੂਮੈਂਟ ਗਾਹਕਾਂ ਨੂੰ ਦੇਣ ’ਚ ਨਾ ਵਰਤੋ ਕੋਤਾਹੀ
ਵਿੱਤ ਮੰਤਰੀ ਨੇ ਬੈਂਕਾਂ ਨੂੰ ਕਿਹਾ ਕਿ ਉਹ ਗਾਹਕਾਂ ’ਤੇ ਵਿਸ਼ੇਸ਼ ਧਿਆਨ ਦੇਣ। ਨਾਲ ਹੀ, ਬੈਂਕਿੰਗ ਸੈਕਟਰ ’ਚ ਹੋ ਰਹੇ ਬਦਲਾਵਾਂ ’ਤੇ ਵਿਸ਼ੇਸ਼ ਧਿਆਨ ਦੇਣ ਲਈ ਵੀ ਕਿਹਾ ਹੈ। ਸਾਰੇ ਬੈਂਕ ਸਾਈਬਰ ਖਤਰਿਆਂ ਦੇ ਮੱਦੇਨਜ਼ਰ ਆਪਣੇ ਆਈ. ਟੀ. ਸਿਸਟਮ ’ਚ ਸਮੇਂ-ਸਮੇਂ ’ਤੇ ਬਦਲਾਅ ਕਰਦੇ ਰਹਿਣ। ਇਸ ਤੋਂ ਇਲਾਵਾ ਐੱਮ. ਐੱਸ. ਐੱਮ. ਈ. ਨੂੰ ਆਰਥਕ ਸਹਿਯੋਗ ਵਧਾਉਣ ’ਤੇ ਸਾਰੇ ਬੈਂਕ ਕੰਮ ਕਰਨ।
ਵਿੱਤ ਮੰਤਰੀ ਨੇ ਸਾਰੇ ਬੈਂਕਾਂ ਨੂੰ ਹੁਕਮ ਦਿੱਤੇ ਕਿ ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਕੰਮ ਕਰਨ। ਨਾਲ ਹੀ ਕਰਜ਼ਾ ਖ਼ਤਮ ਕਰਨ ਵਾਲੇ ਗਾਹਕਾਂ ਨੂੰ ਸਮੇਂ ਨਾਲ ਸਾਰੇ ਦਸਤਾਵੇਜ (ਲੋਨ ਕਲੋਜ਼ਰ ਡਾਕੂਮੈਂਟ) ਮੁਹੱਈਆ ਕਰਵਾਏ ਜਾਣ।